ਕਰਾਹਉੱਚੀ ਨੀਵੀਂ ਜ਼ਮੀਨ ਨੂੰ ਇਕ ਪੱਧਰ ਦੀ ਕਰਨ ਵਾਲੇ ਖੇਤੀ ਸੰਦ ਨੂੰ ਕਰਾਹ ਕਹਿੰਦੇ ਹਨ। ਪਹਿਲਾਂ ਜਦ ਖੇਤੀ ਮੁੱਢਲੇ ਦੌਰ ਵਿੱਚ ਸੀ ਤੇ ਸਾਰੀ ਖੇਤੀ ਬਾਰਸ਼ਾਂ 'ਤੇ ਨਿਰਭਰ ਸੀ। ਉਸ ਸਮੇਂ ਉੱਚੀਆਂ ਨੀਵੀਆਂ ਸਾਰੀਆਂ ਜ਼ਮੀਨਾਂ ਫਸਲਾਂ ਬੀਜਣ ਦੇ ਕੰਮ ਆ ਜਾਂਦੀਆਂ ਸਨ। ਜਦ ਖੂਹ ਲੱਗੇ, ਨਹਿਰਾਂ ਨਿਕਲੀਆਂ, ਟਿਊਬਵੈੱਲ ਲੱਗੇ, ਉਸ ਸਮੇਂ ਜ਼ਮੀਨਾਂ ਨੂੰ ਪਾਣੀ ਲਾਉਣ ਲਈ ਇਕ ਪੱਧਰ ਦੀ ਕਰਨ ਲਈ ਕਰਾਹ ਦੀ ਲੋੜ ਪਈ। ਕਰਾਹ ਦੋ ਕਿਸਮ ਦੇ ਹਨ। ਇਕ ਬੜਾ ਕਰਾਹ ਹੁੰਦਾ ਹੈ ਜਿਸ ਨੂੰ ਬਲਦਾਂ ਦੀਆਂ ਦੋ ਜੋੜੀਆਂ ਖਿੱਚਦੀਆਂ ਹਨ। ਦੋ ਬੰਦੇ ਚਲਾਉਂਦੇ ਹਨ। ਇਕ ਛੋਟਾ ਕਰਾਹ ਹੁੰਦਾ ਹੈ ਜਿਸ ਨੂੰ ਬਲਦਾਂ ਦੀ ਇਕ ਜੋੜੀ ਖਿਚਦੀ ਹੈ ਅਤੇ ਇਕ ਬੰਦਾ ਹੀ ਚਲਾਉਂਦਾ ਹੈ। ਇਸ ਨੂੰ ਕਰਾਹੀ ਵੀ ਕਹਿੰਦੇ ਹਨ।[1] ਕਰਾਹ ਆਮ ਤੌਰ 'ਤੇ ਕਿੱਕਰ ਦੇ ਫੱਟਿਆਂ ਦਾ ਬਣਾਇਆ ਜਾਂਦਾ ਹੈ। ਵੱਡੇ ਕਰਾਹ ਦੀ ਲੰਬਾਈ 9 ਕੁ ਫੁੱਟ ਹੁੰਦੀ ਹੈ। ਚੌੜਾਈ ਦੋ ਕੁ ਫੁੱਟ ਹੁੰਦੀ ਹੈ। ਕਰਾਹ ਦੋ/ ਤਿੰਨ ਫੱਟੇ ਜੋੜ ਕੇ ਬਣਾਇਆ ਜਾਂਦਾ ਹੈ। ਕਰਾਹ ਦੇ ਫੱਟਿਆਂ ਦੇ ਜੋੜਾਂ ਨੂੰ ਮਜ਼ਬੂਤੀ ਦੇਣ ਲਈ ਲੰਬਾਈ ਵਾਲੇ ਪਾਸਿਆਂ ਦੇ ਕਿਨਾਰਿਆਂ ਦੇ ਨੇੜੇ ਉਪਰ ਤੋਂ ਹੇਠਾਂ ਤੱਕ ਦੋਵੇਂ ਪਾਸੇ ਇਕ/ਦੋ ਕੁ ਇੰਚ ਚੌੜੀਆਂ ਪੱਤੀਆਂ ਲਾਈਆਂ ਜਾਂਦੀਆਂ ਹਨ। ਕਰਾਹ ਦੇ ਹੇਠਲੇ ਪਾਸੇ ਵਾਲੇ ਫੱਟੇ ਦੇ ਹੇਠਾਂ 6 ਕੁ ਇੰਚ ਚੌੜੀ ਲੋਹੇ ਦੀ ਪੱਤੀ ਲਾਈ ਜਾਂਦੀ ਹੈ। ਕਰਾਹ ਦੇ ਕਿਨਾਰਿਆਂ ਦੇ ਨੇੜੇ, ਹੇਠ ਲੱਗੀ ਪੱਤੀ ਦੇ ਉਪਰਲੇ ਹਿੱਸੇ ਵਿਚ ਲੋਹੇ ਦੇ ਦੋ ਗੋਲ ਕੁੰਡੇ ਲਾਏ ਜਾਂਦੇ ਹਨ।[2] ਕਰਾਹ ਦੇ ਪਿਛਲੇ ਪਾਸੇ ਲੰਬਾਈ ਵਾਲੇ ਹਿੱਸੇ ਦੇ ਕਿਨਾਰਿਆਂ ਦੇ ਨੇੜੇ 3 ਕੁ ਫੁੱਟ ਲੰਮੇ ਦੋ ਡੰਡੇ ਪੱਤੀਆਂ ਨਾਲ ਲਾਏ ਜਾਂਦੇ ਹਨ। ਇਨ੍ਹਾਂ ਡੰਡਿਆਂ ਦਾ ਡੇਢ ਫੁੱਟ ਕੁ ਹਿੱਸਾ ਕਰਾਹ ਦੇ ਫੱਟਿਆਂ ਵਿਚ ਆ ਜਾਂਦਾ ਹੈ ਤੇ ਡੇਢ ਕੁ ਫੁੱਟ ਉਪਰ ਰਹਿ ਜਾਂਦਾ ਹੈ। ਇਨ੍ਹਾਂ ਦੋਵਾਂ ਡੰਡਿਆਂ ਦੇ ਉਪਰ ਲੰਬਾਈ ਲੋਟ ਇਕ ਹੋਰ ਡੰਡਾ ਲਾ ਕੇ ਇਨ੍ਹਾਂ ਨੂੰ ਜੋੜ ਦਿੱਤਾ ਜਾਂਦਾ ਹੈ। ਏਸ ਡੰਡੇ ਨੂੰ ਫੜ ਕੇ ਹੀ ਕਰਾਹ ਚਲਾਇਆ ਜਾਂਦਾ ਹੈ। ਡੰਡਿਆਂ ਦੇ ਇਸ ਢਾਂਚੇ ਨੂੰ ਘੋੜੀ ਕਹਿੰਦੇ ਹਨ। ਕਰਾਹ ਦੇ ਦੋਵੇਂ ਕੁੰਡਿਆਂ ਵਿਚ ਕਹਾਹ ਚਲਾਉਣ ਵਾਲੇ ਬਲਦਾਂ ਦੀਆਂ ਜੋੜੀਆਂ ਦੇ ਗਲ ਪਾਈ ਪੰਜਾਲੀ ਦੇ ਰੱਸੇ/ ਸੰਗਲ ਪਾਏ ਜਾਂਦੇ ਹਨ। ਕਰਾਹ ਚਲਾਉਣ ਵਾਲੇ ਦੋਵੇਂ ਬੰਦੇ ਕਰਾਹ ਦੇ ਡੰਡੇ ਨੂੰ ਫੜ ਕੇ ਕਰਾਹ ਨੂੰ ਜ਼ਮੀਨ ਦੇ ਉੱਚੇ ਹਿੱਸੇ 'ਤੇ ਲਾਉਂਦੇ ਹਨ। ਹਥ ਨਾਲ ਕਰਾਹ ’ਤੇ ਦਾਬ ਦਿੰਦੇ ਹਨ। ਦਾਬ ਦੇਣ ਨਾਲ ਕਰਾਹ ਦੇ ਹੇਠ ਲੱਗੀ ਪੱਤੀ ਜ਼ਮੀਨ ਦੇ ਉੱਚੇ ਹਿੱਸੇ ਨੂੰ ਧੂ ਕੇ ਨੀਵੇਂ ਹਿੱਸੇ ਵੱਲ ਲੈ ਜਾਂਦੀ ਹੈ। ਨੀਵੇਂ ਹਿੱਸੇ 'ਤੇ ਮਿੱਟੀ ਨੂੰ ਛੱਡ ਕੇ ਕਰਾਹ ਨੂੰ ਫੇਰ ਜ਼ਮੀਨ ਦੇ ਉੱਚੇ ਹਿੱਸੇ 'ਤੇ ਦੁਬਾਰਾ ਲਾਉਣ ਲਈ ਲੈ ਜਾਂਦੇ ਹਨ। ਇਸ ਤਰ੍ਹਾਂ ਕਰਾਹ ਦੀ ਵਰਤੋਂ ਹੁੰਦੀ ਹੈ।[3] ਬਲਦਾਂ ਦੀ ਇਕ ਜੋੜੀ ਨਾਲ ਚਲਾਉਣ ਵਾਲੀ ਕਰਾਹੀ ਦੀ ਲੰਬਾਈ 4 ਕੁ ਫੁੱਟ ਹੁੰਦੀ ਹੈ। ਬਾਕੀ ਸਾਰੀ ਬਣਤਰ ਕਰਾਹ ਦੀ ਤਰ੍ਹਾਂ ਹੁੰਦੀ ਹੈ ਹੈ। ਪਰ ਕਰਾਹੀ ਦੀ ਅਨੁਪਾਤ ਅਨੁਸਾਰ ਹੁੰਦੀ ਹੈ। ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਇਸ ਲਈ ਹੁਣ ਬਲਦਾਂ ਨਾਲ ਚੱਲਣ ਵਾਲੇ ਕਰਾਹ ਤੇ ਕਰਾਹੀਆਂ ਦੀ ਥਾਂ ਟਰੈਕਟਰ ਨਾਲ ਚੱਲਣ ਵਾਲੇ ਕਰਾਹਾਂ ਨੇ ਲੈ ਲਈ ਹੈ ਅਤੇ ਹੁਣ ਤਾਂ ਲੇਜਰ ਕਰਾਹ ਆ ਗਏ ਹਨ ਜੋ ਕਿ ਆਪਣੇ-ਆਪ ਜ਼ਮੀਨ ਦੀ ਉੱਚੇ ਥਾਂ ਤੋਂ ਮਿੱਟੀ ਚੱਕ ਕੇ ਨੀਵੇਂ ਥਾਂ ਛੱਡ ਦਿੰਦੇ ਹਨ।[4] ਹਵਾਲੇ
|
Portal di Ensiklopedia Dunia