ਘਿਰਲਾਵਾਹੇ ਖੇਤ ਵਿਚ ਉੱਠੇ ਡਲਿਆਂ ਨੂੰ ਤੋੜਨ ਲਈ, ਖੇਤ ਨੂੰ ਪੱਧਰਾ ਕਰਨ ਲਈ, ਖੇਤ ਦੀ ਤਹਿ ਬਿਠਾਉਣ ਲਈ, ਖੇਤ ਵਿਚ ਜ਼ਿਆਦਾ ਦੇਰ ਤੱਕ ਨਮੀ,ਗਿੱਲ ਰੱਖਣ ਲਈ ਵਰਤੇ ਜਾਣ ਵਾਲੇ ਲੱਕੜ ਦੇ ਗੋਲ ਸੁਹਾਗੇ ਨੂੰ ਘਿਰਲਾ ਕਹਿੰਦੇ ਹਨ। ਘਿਰਲਾ ਬਲਦਾਂ ਦੀ ਜੋੜੀ ਨਾਲ ਚਲਾਇਆ ਜਾਂਦਾ ਹੈ। ਘਿਰਲੇ ਦੀ ਵਰਤੋਂ ਵਿਸ਼ੇਸ਼ ਤੌਰ 'ਤੇ ਭਾਰੀਆਂ ਜਮੀਨਾਂ ਵਿਚ ਉੱਠੇ ਡਲਿਆਂ ਨੂੰ ਤੋੜਨ ਲਈ ਕੀਤੀ ਜਾਂਦੀ ਸੀ ਕਿਉਂ ਜੋ ਸੁਹਾਗੇ ਨਾਲੋਂ ਘਿਰਲਾ ਵਜ਼ਨ ਵਿਚ ਭਾਰਾ ਹੁੰਦਾ ਸੀ। ਘਾਹ ਦੇ ਮੈਦਾਨਾਂ ਦੇ ਘਾਹ ਦੀ ਤਹਿ ਬਿਠਾਉਣ ਲਈ ਵੀ ਘਿਰਲਾ ਵਰਤਿਆ ਜਾਂਦਾ ਸੀ/ਹੈ। ਮੂੰਗਫਲੀ ਦੀ ਫਸਲ ਨੂੰ ਪੱਟਣ ਤੋਂ ਪਹਿਲਾਂ ਘਿਰਲੇ ਨੂੰ ਖੜੀ ਮੂੰਗਫਲੀ ਉਪਰ ਫੇਰ ਦਿੰਦੇ ਸਨ ਜਿਸ ਕਰਕੇ ਮੂੰਗਫਲੀ ਪੱਟਣ ਸਮੇਂ ਮੂੰਗਫਲੀ ਦੀਆਂ ਡੋਡੀਆਂ ਨਾਲ ਮਿੱਟੀ ਨਹੀਂ ਆਉਂਦੀ ਸੀ।[1] ਘਿਰਲਾ ਬਲਦਾਂ ਦੀ ਇਕ ਜੋੜੀ ਨਾਲ ਹੀ ਚਲਾਉਣ ਵਾਲਾ ਬਣਾਇਆ ਜਾਂਦਾ ਸੀ। ਘਿਰਲੇ ਨੂੰ ਬਣਾਉਣ ਲਈ 6 ਕੁ ਫੁੱਟ ਲੰਮੀ ਤੇ 14 ਕੁ ਫੁੱਟ ਵਿਆਸ (ਡਾਇਆਮੀਟਰ) ਵਾਲੀ ਲੱਕੜ ਲਈ ਜਾਂਦੀ ਸੀ। ਲੱਕੜ ਦੇ ਦੋਵੇਂ ਸਿਰਿਆਂ ਦੇ ਮੱਥੇ ਦੇ ਵਿਚਾਲੇ ਦੋਵੇਂ ਪਾਸੇ ਲੋਹੇ ਦੀਆਂ ਧੁਰਾਂ ਫਿੱਟ ਕੀਤੀਆਂ ਜਾਂਦੀਆਂ ਸਨ। ਇਨ੍ਹਾਂ ਧੁਰਾਂ ਵਿਚ ਸੰਗਲ ਦੇ ਕੜੇ ਪਾ ਕੇ ਘਿਰਲੇ ਨੂੰ ਚਲਾਇਆ ਜਾਂਦਾ ਸੀ। ਜਿਥੇ ਸੁਹਾਗਾ ਸਾਰੇ ਪੰਜਾਬ ਵਿਚ ਵਰਤਿਆ ਜਾਂਦਾ ਸੀ, ਉਥੇ ਘਿਰਲੇ ਦੀ ਵਰਤੋਂ ਕਿਤੇ ਕਿਤੇ ਹੀ ਹੁੰਦੀ ਸੀ। ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਘਿਰਲਾ ਸ਼ਾਇਦ ਹੀ ਕਿਸੇ ਜਿਮੀਂਦਾਰ ਨੇ ਰੱਖਿਆ ਹੋਵੇ ? ਹੁਣ ਤਾਂ ਟਰੈਕਟਰ ਨਾਲ ਚੱਲਣ ਵਾਲੇ ਸੁਹਾਗੇ ਹੀ ਵਰਤੇ ਜਾਂਦੇ ਹਨ।[2]
ਹਵਾਲੇ
|
Portal di Ensiklopedia Dunia