ਨਗੂਗੀ ਵਾ ਥਿਉਂਗੋ
ਨਗੂਗੀ ਵਾ ਥਿਉਂਗੋ (Gikuyu pronunciation: [ŋɡoɣe wa ðiɔŋɔ]; ਜਨਮ 5 ਜਨਵਰੀ 1938)[1] ਕੀਨੀਆਈ ਲੇਖਕ ਹਨ। ਉਹ ਪਹਿਲਾਂ ਅੰਗਰੇਜ਼ੀ ਵਿੱਚ ਅਤੇ ਹੁਣ ਗਿਕੂ ਭਾਸ਼ਾ ਵਿੱਚ ਕੰਮ ਕਰ ਰਹੇ ਹਨ। ਉਹਨਾਂ ਦੀਆਂ ਰਚਨਾਵਾਂ ਵਿੱਚ ਨਾਵਲ, ਨਾਟਕ, ਨਿੱਕੀਆਂ ਕਹਾਣੀਆਂ, ਅਤੇ ਨਿਬੰਧ ਸ਼ਾਮਲ ਹਨ। ਨਗੂਗੀ ਵਾ ਥਯੋਂਗੋ ਆਪਣੀ ਲੋਕ-ਪੱਖੀ ਲੇਖਣੀ ਕਰਕੇ ਕੀਨੀਆਈ ਹਾਕਮ ਜਮਾਤਾਂ ਦੀਆਂ ਨਜ਼ਰਾਂ ‘ਚ ਸਦਾ ਹੀ ਚੁਭਦੇ ਰਹੇ। ਆਪਣੀ ਲੇਖਣੀ ਕਰਕੇ ਉਹਨਾਂ ਨੂੰ ਕਈ ਵਾਰੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਸਾਲਾਂ ਬੱਧੀ ਜੇਲ ‘ਚ ਰਹੇ। 22 ਵਰ੍ਹਿਆਂ ਦੇ ਦੇਸ਼ ਨਿਕਾਲੇ ਨੂੰ ਝੱਲ ਕੇ 8 ਅਗਸਤ 2004 ਨੂੰ ਉਹ ਵਤਨ ਪਰਤੇ। ਕੀਨੀਆਈ ਲੋਕਾਂ ਨੇ ਆਪਣੇ ਹਰਮਨ ਪਿਆਰੇ ਲੇਖਕ ਨੂੰ ਸਿਰ-ਅੱਖਾਂ ‘ਤੇ ਬਿਠਾਇਆ ਪਰ ਜਾਲਮ ਹਾਕਮਾਂ ਨੂੰ ਅਜੇ ਵੀ ਤੱਸਲੀ ਨਹੀਂ ਹੋਈ ਸੀ। ਨਗੂਗੀ ਦੇ ਵਾਪਸ ਪਰਤਣ ਦੇ ਕੁਝ ਦਿਨ ਮਗਰੋਂ 11 ਅਗਸਤ ਨੂੰ ਨਗੂਗੀ ਅਤੇ ਉਹਨਾਂ ਦੀ ਪਤਨੀ ‘ਤੇ ਗੁੰਡਿਆਂ ਨੇ ਹਮਲਾ ਕਰ ਦਿੱਤਾ। ਪਤਨਸ਼ੀਲ ਹਾਕਮ ਜਮਾਤਾਂ ਦੀ ਸੜਾਂਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ 58 ਵਰਿਆਂ ਨਜੀਰੀ ਨਾਲ ਬਲਾਤਕਾਰ ਕੀਤਾ। ਉਹਨਾਂ ਨੇ ਨਗੂਗੀ ਨੂੰ ਕੁੱਟਿਆ, ਸਿਗਰਟ ਨਾਲ ਜਲਾਇਆ ਅਤੇ ਉਹਨਾਂ ਦੇ ਘਰ ਲੁੱਟਮਾਰ ਮਚਾਈ। ਇਸ ਤੋਂ ਇਹ ਸਾਬਤ ਹੋ ਗਿਆ ਕਿ ਹਾਕਮ ਜਮਾਤਾਂ ਦੇ ਮਨਾਂ ‘ਚ ਨਗੂਗੀ ਦੀ ਜਗਾਉਣ ਵਾਲੀ ਕਲਮ ਦਾ ਭੈਅ ਕਿਸ ਕਦਰ ਸਮਾਇਆ ਹੋਇਆ ਹੈ ਅਤੇ ਨਵੀਂ ਚੁਣੀ ਗਈ ਪੂੰਜੀਵਾਦੀ ਸਰਕਾਰ ਪਹਿਲਾਂ ਦੀ ਤਾਨਾਸ਼ਾਹੀ ਤੋਂ ਜਿਆਦਾ ਭਿੰਨ ਨਹੀਂ ਹੈ।[2] 1963 ‘ਚ ਕੀਨੀਆ ਤੇ ਬ੍ਰਿਟਿਸ਼ ਗਲਬੇ ਦਾ ਖਾਤਮਾ ਹੋਇਆ। ਲਗਭਗ ਇੱਕ ਦਹਾਕੇ ਦੇ ਲੋਕ ਘੋਲਾਂ ਮਗਰੋਂ ਉਸਦੀ ਰਾਜਨੀਤਕ ਅਜ਼ਾਦੀ ਦਾ ਰਸਮੀ ਐਲਾਨ ਕੀਤਾ ਗਿਆ। 1965 ‘ਚ ਕੀਨੀਆ ਪਰਤਣ ਮਗਰੋਂ ਨਗੂਗੀ ਵੱਖ-ਵੱਖ ਸਕੂਲਾਂ ਦਾ ਅਧਿਐਨ ਕਰਦੇ ਹੋਏ, ਖਾਲੀ ਸਮੇਂ ‘ਚ ਲੇਖਣ-ਕਾਰਜ ਕਰਦੇ ਰਹੇ। 1967 ਤੋਂ ਲੈ ਕੇ ਜਨਵਰੀ 1969 ਤੱਕ ਉਹ ਨੈਰੋਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ‘ਚ ਬੁਲਾਰੇ ਰਹੇ। ਫਿਰ ਇੱਕ ਵਿਦਿਆਰਥੀ ਹੜਤਾਲ ਦੌਰਾਨ ਪ੍ਰਸ਼ਾਸਨ ਦਾ ਵਿਰੋਧ ਕਰਦੇ ਹੋਏ ਉਹਨਾਂ ਨੇ ਅਸਤੀਫਾ ਦੇ ਦਿੱਤਾ। 1970-71 ਦੌਰਾਨ ਉਹਨਾਂ ਨੇ ਨਾਰਥ ਵੇਸਟ ਯੂਨੀਵਰਸਿਟੀ, ਇਲਿਨਾਇਸ ‘ਚ ਕੁੱਝ ਦਿਨਾਂ ਤੱਕ ਅਫ਼ਰੀਕੀ ਸਾਹਿਤ ਪੜਾਇਆ ਅਤੇ ਫਿਰ ਨੈਰੋਬੀ ਯੂਨੀਵਰਸਿਟੀ ਪਰਤ ਆਏ ਜਿੱਥੇ ਉਹਨਾਂ ਨੂੰ ਅੰਗਰੇਜ਼ੀ ਵਿਭਾਗ ਦਾ ਪ੍ਰਧਾਨ ਬਣਾ ਦਿੱਤਾ ਗਿਆ। ਇਸ ਅਹੁਦੇ ਤੇ ਉਹ 1971 ਤੱਕ ਰਹੇ। 1965 ‘ਚ ਨਗੂਗੀ ਦਾ ਦੂਜਾ ਨਾਵਲ ‘ਦਿ ਰਿਵਰ ਬਿਣਵੀਨ’ ਛਪਿਆ। ਇਸ ਨਾਵਲ ਦੀ ਪਿਠਭੂਮੀ ‘ਚ ਵੀ ਮਾਊ-ਮਾਊ ਲੋਕ-ਵਿਦਰੋਹ ਮੌਜੂਦ ਹੈ। ਇਸ ‘ਚ ਗਿਕੂ ਪਰਿਵਾਰਕ ਜੀਵਨ ਅਤੇ ਮਹੌਲ ‘ਤੇ ਲੋਕਵਿਦਰੋਹ ਦੇ ਅਸਰ ਦੀ ਅਤੇ ਪੇਂਡੂ ਗਿਕੂ ਸਮਾਜ ‘ਤੇ ਅਜ਼ਾਦ ਸਕੂਲ ਲਹਿਰ ਦੇ ਰੈਡੀਕਲ ਅਸਰ ਦਾ ਪ੍ਰਮਾਣਿਕ ਇਤਿਹਾਸਕ ਚਿੱਤਰਣ ਪੇਸ਼ ਕੀਤਾ ਗਿਆ ਹੈ। ਨਗੂਗੀ ਦੇ ਤੀਜ਼ੇ ਨਾਵਲ ‘ਏ ਗਰੇਨ ਆਫ ਹਵੀਟ’ (1967) ‘ਤੇ ਫ਼ਰਾਂਜ ਫੈਨਨ ਟਾਇਪ ਮਾਰਕਸਵਾਦ ਦਾ ਸਪਸ਼ਟ ਪ੍ਰਭਾਵ ਦੇਖਿਆ ਜਾ ਸਕਦਾ ਹੈ, ਇਸ ਦੀ ਕਹਾਣੀ ਮਾਊ-ਮਾਊ ਲੋਕ-ਵਿਦਰੋਹ ਸਮੇਂ ਤੋਂ ਲੈ ਕੇ ਕੀਨੀਆ ਦੀ ਅਜ਼ਾਦੀ ਦੇ ਪਹੁਫੁਟਾਲੇ ਤੱਕ ਦੇ ਸਮੇਂ ਨੂੰ ਆਪਣੇ ਕਲੇਵਰ ‘ਚ ਸਮੇਟਦੀ ਹੈ। ਜਿਹਾ ਕਿ ਨਗੂਗੀ ਨੇ ਖੁਦ ਲਿਖਿਆ ਹੈ, ”ਇਹ ਸਮਾਂ (ਅਜ਼ਾਦੀ ਮਿਲਣ ਤੋਂ ਐਨ ਪਹਿਲਾਂ ਦਾ ਸਮਾਂ) ਅਣਘੋਰ ਕੁੜੱਤਣ ਦਾ ਸਮਾਂ ਸੀ। ਅੰਗਰੇਜ਼ਾਂ ਨਾਲ਼ ਲੜਨ ਵਾਲੇ ਕਿਸਾਨ ਹੁਣ ਦੇਖ ਰਹੇ ਸਨ ਕਿ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹਨਾਂ ਲਈ ਉਹ ਲੜੇ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ ਗਿਆ ਹੈ।” ਇਹ ਸਮਾਂ ਸੀ ਜਦੋਂ ਨਗੂਗੀ ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ‘ਚ ਬਸਤੀਵਾਦ ਦੇ ਅਸਰ ਅਤੇ ਜਿਹਨੀ-ਗੁਲਾਮੀ ‘ਚ ਵਿਦੇਸ਼ੀ ਭਾਸ਼ਾ ਦੇ ਅਸਰ ਨੂੰ ਨਾ ਸਿਰਫ਼ ਮਹਿਸੂਸ ਕਰ ਰਹੇ ਸਨ, ਸਗੋਂ ਉਸਦਾ ਡੂੰਘਾ ਅਧਿਐਨ-ਵਿਸ਼ਲੇਸ਼ਣ ਕਰ ਰਹੇ ਸਨ। ਉਹਨਾਂ ਨੇ ਬਸਤੀਵਾਦੀਆਂ ਰਾਹੀਂ ਈਸਾਇਅਤ ਦੀ ਸਿਆਸੀ-ਸੱਭਿਆਚਾਰਕ ਵਰਤੋਂ ‘ਤੇ ਗੌਰ ਕੀਤਾ। ਇਹਨਾਂ ਸਭ ਦਾ ਸਿੱਟਾ ਸੀ ਕਿ ਉਹਨਾਂ ਨੇ ਨੈਰੋਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੂੰ ਬਦਲ ਕੇ ਅਫ਼ਰੀਕੀ ਭਾਸ਼ਾਵਾਂ ਅਤੇ ਸਾਹਿਤ ਦੇ ਵਿਭਾਗ ਦੀ ਸਥਾਪਤੀ ਲਈ ਸੰਘਰਸ਼ ਚਲਾਇਆ ਅਤੇ ਇਸ ‘ਚ ਉਹਨਾਂ ਨੂੰ ਸਫ਼ਲਤਾ ਮਿਲੀ। ਇਸ ਦੌਰਾਨ ਆਪਣਾ ਅੰਗਰੇਜ਼ੀ ਈਸਾਈ ਨਾਅ ਜੇਮਸ ਨਗੂਗੀ ਨੂੰ ਬਦਲ ਕੇ (ਕਿਉਂਕਿ ਉਹ ਉਸਨੂੰ ਇੱਕ ਬਸਤੀਵਾਦੀ ਅਸਰ ਮੰਨਦੇ ਸਨ) ਗਿਕੂ ਜਾਤੀ ਪ੍ਰੰਪਰਾ ਦਾ ਨਾਂਅ ਨਗੂਗੀ ਵਾ ਥਯੌਂਗੋ ਅਪਣਾ ਲਿਆ। ਹੁਣ ਨਗੂਗੀ ਨੇ ਅੰਗਰੇਜ਼ੀ ਤੋਂ ਇਲਾਵਾ ਗਿਕੂ ਅਤੇ ਸਵਾਹਿਲੀ ‘ਚ ਵੀ ਲਿਖਣ ਦੀ ਸ਼ੁਰੂਆਤ ਕੀਤੀ। 1977 ‘ਚ ਆਪਣੇ ਚੌਥੇ ਨਾਵਲ ‘ਪੇਟਲਸ ਆਫ਼ ਬਲੱਡ’ ਮਗਰੋਂ ਉਹਨਾਂ ਨੇ ਫੈਸਲਾ ਲਿਆ ਕਿ ਹੁਣ ਉਹ ਆਪਣੀ ਸਾਰੀ ਸਿਰਜਣਾਤਮਕ ਲੇਖਣੀ ਗਿਕੂ ਭਾਸ਼ਾ ‘ਚ ਹੀ ਕਰਨਗੇ। 1977 ‘ਚ ਹੀ ਗਿਕੂ ਭਾਸ਼ਾ ‘ਚ ਨਗੂਗੀ ਦਾ ਮਿਰੀ ਨਾਲ਼ ਮਿਲ ਕੇ ਲਿਖਿਆ ਗਿਆ ਨਾਟਕ ‘ਨਗਾਹਿਨਾ ਨਦੇਨਾ’ (ਜਿਸ ਦਾ ਅਨੁਵਾਦ ਅੰਗਰੇਜ਼ੀ ਭਾਸ਼ਾ ‘ਚ ‘ਆਈ ਵਿਲ ਮੇਰੀ ਵੇਨ੍ਹ ਆਈ ਵਿਲ ਵਾਂਟ’ ਨਾਂਅ ਨਾਲ਼ ਛਪਿਆ ਅਤੇ ਉਸਨੂੰ ਸੰਸਾਰ ਵਿਆਪੀ ਪ੍ਰਸਿੱਧੀ ਮਿਲੀ) ਛਪਿਆ। ਇਸ ਨਾਟਕ ‘ਚ ਨਵੇਂ ਹਾਕਮਾਂ ਦੀ ਅਤੇ ਪੇਂਡੂ ਕੀਨੀਆ ਦੇ ਜਾਲਿਮ ਭੂਮੀਪਤੀਆਂ ਦੀ ਤਿੱਖੀ ਅਲੋਚਨਾ ਸੀ। ਇਸ ਦੇ ਛਪਦੇ ਹੀ ਸਿਆਸੀ ਹਲਕਿਆਂ ‘ਚ ਭੁਚਾਲ ਜਿਹਾ ਆ ਗਿਆ। ”ਵਿਦਰੋਹ ਭੜਕਾਉਣ ਵਾਲਾ” ਐਲਾਨ ਕਰਕੇ ਨਾਟਕ ‘ਤੇ ਰੋਕ ਲਾ ਦਿੱਤੀ ਗਈ। ਤੱਤਕਾਲੀ ਉਪ-ਰਾਸ਼ਟਰਪਤੀ ਦਾਨਿਅਲ ਅਰਾਇ ਮੋਈ (ਰਾਸ਼ਟਰਪਤੀ ਤਦ ਜੋਮੋ ਕੇਨਿਆਟਾ ਸਨ) ਦੇ ਨਿਰਦੇਸ਼ ‘ਤੇ ਪਹਿਲਾਂ ਨਗੂਗੀ ਦੇ ਘਰ ਦੀ ਤਲਾਸ਼ੀ ਲਈ ਗਈ, ਉਹਨਾਂ ਦੀ ਨਿੱਜੀ ਲਾਈਬ੍ਰੇਰੀ ਨੂੰ ਜਬਤ ਕਰ ਲਿਆ ਗਿਆ ਅਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਵਰ੍ਹੇ ਤੱਕ ਬਿਨਾਂ ਮੁਕੱਦਮਾ ਚਲਾਏ ਨਗੂਗੀ ਨੂੰ ਕਾਮਿਟੀ ਮੈਕਸਿਮਮ ਸਿਕਊਰਿਟੀ ਜੇਲ੍ਹ ‘ਚ ਬੰਦ ਰੱਖਿਆ ਗਿਆ ਜਿੱਥੇ ਟਾਇਲਟ ਪੇਪਰ ‘ਤੇ ਉਹਨਾਂ ਨੇ ਗਿਕੂ ਭਾਸ਼ਾ ਦਾ ਪਹਿਲਾ ਆਧੁਨਿਕ ਨਾਵਲ ‘ਕੈਟਾਨੀ ਮੁਥਾਰਬਾ ਇਨੀ’ (ਜਿਸਦਾ ਅੰਗਰੇਜ਼ੀ ਅਨੁਵਾਦ 1980 ‘ਚ ‘ਡੇਵਿਲ ਆਨ ਦੀ ਕਰਾਸ’ ਨਾਂ ਨਾਲ਼ ਪ੍ਰਕਾਸ਼ਿਤ ਹੋਇਆ) ਲਿਖਿਆ। ਇਸ ਦੌਰਾਨ ਉਹਨਾਂ ਨੂੰ ਨੈਰੋਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਅਹੁਦੇ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ। ਜੇਲ੍ਹ ਤੋਂ ਰਿਹਾਈ ਮਗਰੋਂ ਵੀ ਨਗੂਗੀ ਦੀ ਨੌਕਰੀ ਵਾਪਸ ਨਹੀਂ ਮਿਲੀ। ਉਹਨਾਂ ਦੇ ਪਰਿਵਾਰ ਨੂੰ ਲਗਾਤਾਰ ਦਹਿਸ਼ਤ ਦੇ ਸਾਏ ਹੇਠ ਜੀਣਾ ਪੈ ਰਿਹਾ ਸੀ। ਪਰ ਨਗੂਗੀ ਨੂੰ ਟੁੱਟਣਾ ਜਾਂ ਝੁਕਣਾ ਗਵਾਰਾ ਨਹੀਂ ਸੀ। ਉਹਨਾਂ ਨੇ ਆਪਣੀ ਮੁਹਿੰਮ ਜਾਰੀ ਰੱਖਣ ਲਈ ਦੇਸ਼ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ ਅਤੇ ਉਹ 1980 ਦੇ ਦਹਾਕੇ ਦੀ ਸ਼ੁਰੂਆਤ ‘ਚ ਇੰਗਲੈਂਡ ਚਲੇ ਗਏ। ਜੇਲ੍ਹ ‘ਚ ਇੱਕ ਸਾਲ ਗੁਜਾਰਨ ਦੌਰਾਨ ਨਗੂਗੀ ਨੇ ਇੱਕ ਆਤਮਕਥਾਮਕ ਕਿਰਤ ‘ਡਿਟੇਡ, ਏ ਰਾਇਟਰਸ ਪਰੀਜਨ ਡਾਇਰੀ’ ਵੀ ਲਿਖੀ ਸੀ ਜਿਹੜੀ 1981 ‘ਚ ਪ੍ਰਕਾਸ਼ਿਤ ਹੋਈ। ਗਿਕੂ ਭਾਸ਼ਾ ‘ਚ ਨਗੂਗੀ ਦਾ ਦੂਜਾ ਨਾਵਲ ਸੀ ‘ਮਾਤਿਗਾਰਿਮਾ ਨਜੀਰੂਗੀ’, ਜਿਸਦਾ ਮਤਲਬ ਹੈ, ‘ਦੇਸ਼ਭਗਤ, ਗੋਲੀਆਂ ਜਿਹਨਾਂ ਨੂੰ ਮਾਰ ਨਾ ਸਕੀਆਂ’। ਇਹ ਨਾਵਲ 1986 ‘ਚ ਛਪਿਆ ਅਤੇ ਕੀਨੀਆਈ ਤਾਨਾਸ਼ਾਹ ਡੈਨਿਅਲ ਅਰਾਮ ਮੋਈ ਦੀ ਹੁਕੂਮਤ ਨੇ ਇਸ ਨੂੰ ਭਿਅੰਕਰ ਵਿਸਫੋਟਕ ਸਮੱਗਰੀ ਵਰਗਾ ਮਹਿਸੂਸ ਕੀਤਾ। ਇਸ ਨਾਵਲ ਦੀ ਕਹਾਣੀ ਮਾਤਿਗਾਰੀ ਨਾਮਕ ਵਿਅਕਤੀ ਦੇ ਆਲੇ-ਦੁਆਲੇ ਘੁੰਮਦੀ ਹੈ ਜਿਹੜੀ ਕੁਝ ਸਮੇਂ ਤੱਕ ਇੱਕ ਪੂਰਬੀ ਅਫ਼ਰੀਕੀ ਜੰਗਲ ‘ਚ ਰਹਿਣ ਮਗਰੋਂ ਵਿਛੜੇ ਹੋਏ ਪਰਿਵਾਰ ਨਾਲ਼ ਮਿਲਣ ਲਈ ਘਰ ਵਾਪਸ ਪਰਤ ਆਉਂਦਾ ਹੈ। ਰਾਹ ‘ਚ ਉਹ ਜਾਬਰ ਸਿਆਸੀ ਮਾਹੌਲ ਦਾ ਮਿਨਾਰ ਹੁੰਦਾ ਹੈ ਅਤੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਪਰ ਉਹ ਉਥੋਂ ਭੱਜ ਨਿਕਲਦਾ ਹੈ ਅਤੇ ਸ਼ਾਂਤੀ ਲਈ ਆਪਣੀ ਮੁਹਿੰਮ ਜਾਰੀ ਰੱਖਦਾ ਹੈ। ਸਥਿਤੀਆਂ ਉਸਨੂੰ ਇੱਕ ਮਾਨਸਿਕ ਰੋਗਾਂ ਦੇ ਹਸਪਤਾਲ ਤੱਕ ਪਹੁੰਚਾ ਦਿੰਦੀਆਂ ਹਨ। ਪਰ ਉਥੋਂ ਵੀ ਉਹ ਭੱਜ ਨਿਕਲਦਾ ਹੈ। ਤਜ਼ਰਬੇ ਮਾਤਿਗਾਰੀ ਨੂੰ ਇਸ ਨਤੀਜ਼ੇ ‘ਤੇ ਪਹੁੰਚਾਂਦੇ ਹਨ ਕਿ ਇੱਕ ਹਥਿਆਰਬੰਦ ਲੋਕ-ਉਭਾਰ ਹੀ ਉਸਦੇ ਦੇਸ਼ ‘ਚ ਨਿਆਂ ਦੇ ਸ਼ਾਸਨ ਦੀ ਸਥਾਪਤੀ ਦਾ ਇਕੋ-ਇਕ ਰਾਹ ਹੈ। ਇਸ ਨਾਵਲ ਨੇ ਕੀਨੀਆ ‘ਚ ਉੱਥਲ ਪੁੱਥਲ ਪੈਦਾ ਕਰ ਦਿੱਤੀ। ਅਧਿਕਾਰੀਆਂ ਨੇ ਤਾਂ ਕੁਝ ਸਮੇਂ ਲਈ ਯਕੀਨ ਕਰ ਲਿਆ ਕਿ ਮਾਤਿਗਰੀ ਇੱਕ ਅਸਲੀ ਵਿਅਕਤੀ ਹੈ ਅਤੇ ਉਹਨਾਂ ਨੇ ਉਸ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ। ਰਚਨਾਵਾਂ
ਹਵਾਲੇ
|
Portal di Ensiklopedia Dunia