ਬਾਬਾ ਬੀਰ ਸਿੰਘ


ਬਾਬਾ ਬੀਰ ਸਿੰਘ ਦਾ ਜਨਮ ਤਰਨਤਾਰਨ ਨੇੜੇ ਦੇ ਪਿੰਡ ਗੱਗੋਬੂਆ ਵਿੱਚ ਹੋਇਆ ਸੀ। ਉਹਨਾਂ ਨੇ ਸਿੱਖ ਫੌਜ ਵਿੱਚ ਭਰਤੀ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਅਤੇ ਪੇਸ਼ਾਵਰ ਨੂੰ ਫਤਿਹ ਕਰਨ ਦੀਆਂ ਫੌਜੀ ਮੁਹਿੰਮਾਂ ਵਿੱਚ ਭਾਗ ਲਿਆ ਸੀ। ਕਈ ਸਾਲ ਫੌਜੀ ਨੌਕਰੀ ਕਰਨ ਉੱਪਰੰਤ ਉਹਨਾਂ ਨੇ ਜ਼ਿਲ੍ਹਾ ਰਾਵਲਪਿੰਡੀ ਵਿੱਚ ਕੁਰੀ ਦੇ ਇੱਕ ਸਿੱਖ ਤੋਂ ਸੰਤ ਬਾਬਾ ਭਾਗ ਸਿੰਘ ਤੋਂ ਪ੍ਰਭਾਵਿਤ ਹੋ ਕੇ ਫੌਜੀ ਸੇਵਾ ਛੱਡੀ ਦਿੱਤੀ ਅਤੇ ਸਿੱਖ ਧਰਮ ਦੇ ਪ੍ਰਚਾਰਕ ਬਣ ਗਏ ਅਤੇ ਆਪਣਾ ਡੇਰਾ ਨੌਰੰਗਾਬਾਦ ਵਿੱਚ ਸਥਾਪਤ ਕਰ ਲਿਆ। ਉਹਨਾਂ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਕੇ ਮਾਝੇ ਦੇ ਇਲਾਕੇ ਵਿੱਚ ਉਹਨਾਂ ਦੀ ਮਾਨਤਾ ਵਧ ਗਈ ਅਤੇ ਅਣਗਿਣਤ ਲੋਕ ਉਹਨਾਂ ਦੇ ਸ਼ਰਧਾਲੂ ਬਣ ਗਏ, ਇੱਥੋਂ ਤਕ ਕਿ 4500 ਸ਼ਰਧਾਲੂਆਂ ਲਈ ਡੇਰੇ ਵਿੱਚ ਰੋਜ਼ਾਨਾ ਲੰਗਰ ਤਿਆਰ ਕਰਨ ਦਾ ਪ੍ਰਬੰਧ ਕੀਤਾ ਜਾਣ ਲੱਗਾ। ਬਾਬਾ ਬੀਰ ਸਿੰਘ ਦਾ ਪ੍ਰਭਾਵ ਹੌਲੀ-ਹੌਲੀ ਏਨਾ ਵਧ ਗਿਆ ਕਿ ਪੁਰਾਣੇ ਵੇਲੇ ਦੀ ਬੰਦੂਕ ਰੱਖਣ ਵਾਲੇ 1200 ਸਿਪਾਹੀ ਅਤੇ 3000 ਘੋੜ ਸਵਾਰ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਲੱਗੇ। ਮਹਾਰਾਜਾ ਰਣਜੀਤ ਸਿੰਘ ਦੇ 1839 ਵਿੱਚ ਅਕਾਲ ਚਲਾਣਾ ਕਰ ਜਾਣ ਬਾਅਦ ਜੋ ਉਤਰਾਅ-ਚੜਾਅ ਲਾਹੌਰ ਦੇ ਸਿੱਖ ਦਰਬਾਰ ਵਿੱਚ ਹੋਣ ਲੱਗੇ, ਉਹਨਾਂ ਤੋਂ ਬਾਬਾ ਬੀਰ ਸਿੰਘ ਬਹੁਤ ਦੁਖੀ ਸਨ ਅਤੇ ਸਿੱਖ ਰਾਜ ਦੀ ਚੜ੍ਹਦੀ ਕਲਾ ਲਈ ਤੱਤਪਰ ਸਨ। ਇਸ ਸੰਕਟਮਈ ਸਮੇਂ ਵਿੱਚ ਸਿੱਖ ਫੌਜੀ ਅਤੇ ਕਿਸਾਨ ਵਰਗ ਅਗਵਾਈ ਲੈਣ ਲਈ ਉਹਨਾਂ ਕੋਲ ਪਹੁੰਚਣ ਲੱਗੇ। ਇੱਥੋਂ ਤਕ ਕਿ ਉਸ ਸਮੇਂ ਦੇ ਕਈ ਸਿਰਕੱਢ ਸਰਦਾਰ ਅਤੇ ਦਰਬਾਰੀ ਵੀ ਉਹਨਾਂ ਦੇ ਡੇਰੇ ਵਿੱਚ ਜਾਂਦੇ ਸਨ, ਜਿਹਨਾਂ ਵਿੱਚੋਂ ਪ੍ਰਮੁੱਖ ਅਤਰ ਸਿੰਘ ਸੰਧਾਵਾਲੀਆ, ਕੰਵਰ, ਕਸ਼ਮੀਰਾ ਸਿੰਘ, ਕੰਵਰ ਪਸ਼ੌਰਾ ਸਿੰਘ, ਪ੍ਰਸਿੱਧ ਸਿੱਖ ਜਰਨੈਲ ਹਰੀ ਸਿੰਘ ਨਲਵਾ ਦਾ ਪੁੱਤਰ ਜਵਾਹਰ ਸਿੰਘ ਨਲਵਾ ਅਤੇ ਦੀਵਾਨ ਬਸਾਖਾ ਸਿੰਘ ਸਨ। ਇਸ ਇਕੱਠ ਨਾਲ ਬਾਬਾ ਬੀਰ ਸਿੰਘ ਦਾ ਨੌਰੰਗਾਬਾਦ ਵਿਖੇ ਡੇਰਾ ਇੱਕ ਪ੍ਰਕਾਰ ਨਾਲ ਲਾਹੌਰ ਦੇ ਸਿੱਖ ਦਰਬਾਰ ਉੱਤੇ ਡੋਗਰਿਆਂ ਦੇ ਗਲਬੇ ਵਿਰੁੱਧ ਬਗਾਵਤ ਦਾ ਕੇਂਦਰ ਬਣ ਗਿਆ। ਹਰੀ ਸਿੰਘ ਡੋਗਰਾ, ਜੋ ਇਸ ਸਮੇਂ ਸਿੱਖ ਰਾਜ ਦਾ ਪ੍ਰਧਾਨ ਮੰਤਰੀ ਸੀ, ਨੌਰੰਗਬਾਬਾਦ ਵਿਖੇ ਹੋ ਰਹੀਆਂ ਸਰਗਰਮੀਆਂ ਨੂੰ ਜਰ ਨਾ ਸਕਿਆ ਕਿਉਂ ਜੋ ਇਹ ਸਾਰਾ ਕੁਝ ਉਸ ਦੀ ਆਪਣੀ ਹੋਂਦ ਲਈ ਖਤਰੇ ਦਾ ਸੂਚਕ ਸੀ। ਇਸ ਖ਼ਤਰੇ ਨੂੰ ਮੂਲੋਂ ਮੁਕਾਉਣ ਲਈ ਉਸ ਨੇ ਮੀਆਂ ਲਾਭ ਸਿੰਘ ਦੀ ਅਗਵਾਈ ਹੇਠ 20,000 ਫੌਜੀ ਅਤੇ 50 ਤੋਪਾਂ ਬਾਬਾ ਬੀਰ ਸਿੰਘ ਦੇ ਡੇਰੇ ਉੱਤੇ ਹਮਲਾ ਕਰਨ ਲਈ ਭੇਜ ਦਿੱਤੀਆਂ ਜਿਹਨਾਂ ਨੇ 7 ਮਈ, 1844 ਨੂੰ ਨੌਰੰਗਾਬਾਦ ਦੇ ਡੇਰੇ ਨੂੰ ਘੇਰ ਲਿਆ। ਬਾਬਾ ਜੀ ਨੇ ਆਪਣੇ ਭਰਾ ਸਿਖ ਫ਼ੌਜੀਆਂ ਨਾਲ ਲੜਣ ਤੌਂ ਆਪਣੇ ਸਾਥੀਆਂ ਨੂੰ ਮਨ੍ਹਾ ਕਰ ਦਿੱਤਾ। ਬਾਬਾ ਬੀਰ ਸਿੰਘ, ਕੰਵਰ ਕਸ਼ਮੀਰਾ ਸਿੰਘ, ਅਤਰ ਸਿੰਘ ਸੰਧਾਵਾਲੀਆ ਅਤੇ ਬਾਬਾ ਬੀਰ ਸਿੰਘ ਦੇ ਸੈਂਕੜੇ ਸ਼ਰਧਾਲੂ ਗੋਲੀਬਾਰੀ ਵਿੱਚ ਮਾਰੇ ਗਏ। ਜਿਸ ਸਮੇਂ ਤੋਪ ਦਾ ਗੋਲਾ ਬਾਬਾ ਜੀ ਨੂੰ ਲੱਗਾ ਉਹ ਉਸ ਸਮੇਂ ਗੁਰੂ ਗਰੰਥ ਸਾਹਿਬ ਦੀ ਤਾਬਿਆ ਬੈਠ ਕੇ ਸਮਾਧੀ ਸਥਿਤ ਸਨ।

ਹਵਾਲੇ

http://www.advancedcentrepunjabi.org/eos/BIR%20SINGH%20BABA%20%281768-1844%29.html

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya