ਲਸਿਥ ਮਲਿੰਗਾ
ਸੇਪਰਾਮਦੂ ਲਸਿਥ ਮਲਿੰਗਾ (ਸਿੰਹਾਲਾ: සපරමාදු ලසිත් මාලිංග; ਜਨਮ 28 ਅਗਸਤ 1983), ਗਾਲੇ ਵਿੱਚ) ਜਿਸਨੂੰ ਕਿ ਆਮ ਤੌਰ ਤੇ ਲਸਿਥ ਮਲਿੰਗਾ ਕਿਹਾ ਜਾਂਦਾ ਹੈ, ਇਹ ਸ੍ਰੀ ਲੰਕਾ ਦਾ ਕ੍ਰਿਕਟ ਖਿਡਾਰੀ ਹੈ ਅਤੇ ਉਹ 2014 ਕ੍ਰਿਕਟ ਵਿਸ਼ਵ ਕੱਪ ਟਵੰਟੀ20 ਜਿੱਤਣ ਵਾਲੀ ਸ੍ਰੀ ਲੰਕਾ ਕ੍ਰਿਕਟ ਟੀਮ ਦਾ ਕਪਤਾਨ ਸੀ। 7 ਮਾਰਚ 2016 ਤੱਕ ਲਸਿਥ ਮਲਿੰਗਾ ਸ੍ਰੀ ਲੰਕਾ ਦੀ ਰਾਸ਼ਟਰੀ ਟਵੰਟੀ ਟਵੰਟੀ ਕ੍ਰਿਕਟ ਟੀਮ ਦਾ ਕਪਤਾਨ ਰਿਹਾ ਅਤੇ ਇਸ ਤੋਂ ਬਾਅਦ ਸੱਟਾਂ ਨਾਲ ਜੂਝਦਾ ਹੋਣ ਕਰਕੇ ਉਸਨੂੰ ਕਪਤਾਨੀ ਤੋਂ ਹਟਾ ਲਿਆ ਗਿਆ ਸੀ।[1][2][3] ਮਲਿੰਗਾ ਇੱਕ ਖਾਸ ਕਿਸਮ ਦਾ ਤੇਜ-ਗੇਂਦਬਾਜ ਹੈ, ਖਾਸ ਕਿਸਮ ਤੋਂ ਭਾਵ ਹੈ ਕਿ ਮਲਿੰਗਾ ਦਾ ਗੇਂਦ ਸੁੱਟਣ ਦਾ ਢੰਗ ਦੂਸਰੇ ਤੇਜ ਗੇਂਦਬਾਜਾਂ ਤੋਂ ਕਾਫੀ ਵੱਖਰਾ ਹੈ। ਉਹ ਆਪਣੀ ਸੱਜੂ ਬਾਂਹ ਨੂੰ ਪੂਰੀ ਖੋਲ੍ਹ ਕੇ ਗੇਂਦ ਸੁੱਟਦਾ ਹੈ ਅਤੇ ਬੱਲੇਬਾਜਾਂ ਨੂੰ ਉਸਦੀ ਗੇਂਦ ਖੇਡਣ ਵਿੱਚ ਕਾਫੀ ਦਿੱਕਤ ਆਉਂਦੀ ਰਹੀ ਹੈ। ਉਸਦੇ ਗੇਂਦ ਸੁੱਟਣ ਦੇ ਢੰਗ ਸਦਕਾ ਉਸਨੂੰ "ਸਲਿੰਗਾ ਮਲਿੰਗਾ" ਅਤੇ "ਮਲਿੰਗਾ ਦਾ ਸਲਿੰਗਾ" ਕਿਹਾ ਜਾਂਦਾ ਹੈ। [4] ਉਸਦੀ ਖਾਸ ਯੋਗਤਾ ਇਹ ਹੈ ਕਿ ਉਹ ਲਗਾਤਾਰ ਵਿਕਟਾਂ ਲੈ ਸਕਦਾ ਹੈ ਅਤੇ ਖਾਸ ਕਰਕੇ ਉਹ ਯਾਰਕਰ ਲੈਂਥ ਤੇ ਗੇਂਦਬਾਜੀ ਕਰਨ ਲਈ ਜਾਣਿਆ ਜਾਂਦਾ ਹੈ। ਉਹ ਵਿਸ਼ਵ ਦਾ ਅਜਿਹਾ ਇਕਲੌਤਾ ਗੇਂਦਬਾਜ ਹੈ ਜਿਸਨੇ ਦੋ ਵਾਰ ਵਿਸ਼ਵ ਕੱਪ ਵਿੱਚ ਹੈਟਰਿਕ (ਲਗਾਤਾਰ ਤਿੰਨ ਵਿਕਟਾਂ ਲੈਣਾ) ਲਗਾਈ ਹੋਵੇ। ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਸਨੇ ਤਿੰਨ ਵਾਰ ਹੈਟਰਿਕ ਲਗਾਈ ਹੈ ਅਤੇ ਮਲਿੰਗਾ ਵਿਸ਼ਵ ਦਾ ਇਕਲੌਤਾ ਗੇਂਦਬਾਜ ਹੈ ਜਿਸਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਚਾਰ ਲਗਾਤਾਰ ਗੇਂਦਾ ਤੇ ਲਗਾਤਾਰ ਚਾਰ ਵਿਕਟਾਂ ਲਈਆਂ ਹੋਣ।[5]22 ਅਪ੍ਰੈਲ 2011 ਨੂੰ ਮਲਿੰਗਾ ਨੇ ਟੈਸਟ ਕ੍ਰਿਕਟ ਤੋਂ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਮਲਿੰਗਾ 140 ਕਿ:ਮੀ:/ਘੰਟਾ (87 ਮੀਲ ਪ੍ਰਤੀ ਘੰਟਾ) ਦੀ ਔਸਤ ਗਤੀ ਨਾਲ ਗੇਂਦਬਾਜੀ ਕਰਦਾ ਸੀ। 3 ਜਨਵਰੀ 2015 ਅਨੁਸਾਰ ਉਸਦੀ ਸਭ ਤੋਂ ਤੇਜ ਗੇਂਦ 155.7 ਕਿ:ਮੀ:/ਘੰਟਾ(96.8 ਮੀਲ ਪ੍ਰਤੀ ਘੰਟਾ) ਸੀ, ਜੋ ਕਿ ਉਸਨੇ 2011 ਵਿੱਚ ਸੁੱਟੀ ਸੀ। ਇਹ ਵਿਸ਼ਵ ਦੀ ਚੌਥੀ ਸਭ ਤੋਂ ਤੇਜ ਗੇਂਦ ਦਰਜ ਕੀਤੀ ਗਈ ਸੀ।[6] ਕ੍ਰਿਕਟ ਵਿੱਚ ਉਸਦੀ ਔਸਤ ਅਤੇ ਇਕਾਨਮੀ ਰੇਟ ਦੁਨੀਆ ਦੇ ਸਭ ਤੋਂ ਵਧੀਆ ਗੇਂਦਬਾਜਾਂ ਵਿੱਚ ਸ਼ਾਮਿਲ ਹੈ। ਉਹ ਖਾਸ ਤੌਰ ਤੇ ਯਾਰਕਰ ਗੇਂਦਾਂ (ਉਹ ਗੇਂਦ ਜੋ ਬੱਲੇਬਾਜ ਦੇ ਬਿਲਕੁਲ ਪੈਰਾਂ ਵਿੱਚ ਡਿੱਗੇ) ਸੁੱਟਣ ਲਈ ਜਾਣਿਆ ਜਾਂਦਾ ਹੈ ਅਤੇ ਅੰਤਿਮ ਓਵਰਾਂ ਵਿੱਚ ਉਹ ਸਲੋਅਰ ਗੇਂਦਾ ਸੁੱਟਣ ਲਈ ਜਾਣਿਆ ਜਾਂਦਾ ਹੈ। ਉਹ ਟਵੰਟੀ-ਟਵੰਟੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ ਹੈ ਅਤੇ ਸ੍ਰੀ ਲੰਕਾ ਦਾ ਵੀ ਅਜਿਹਾ ਕਰਨ ਵਾਲਾ ਉਹ ਪਹਿਲਾ ਗੇਂਦਬਾਜ ਹੈ। ਇਸ ਤੋਂ ਇਲਾਵਾ ਲਸਿਥ ਮਲਿੰਗਾ 2014 ਵਿੱਚ ਵਿਸ਼ਵ ਕੱਪ ਟਵੰਟੀ20 ਜਿੱਤਣ ਵਾਲੀ ਸ੍ਰੀ ਲੰਕਾਈ ਟੀਮ ਦਾ ਵੀ ਕਪਤਾਨ ਸੀ ਅਤੇ ਉਹ 2007 ਕ੍ਰਿਕਟ ਵਿਸ਼ਵ ਕੱਪ, 2011 ਕ੍ਰਿਕਟ ਵਿਸ਼ਵ ਕੱਪ, 2009 ਆਈਸੀਸੀ ਵਿਸ਼ਵ ਕ੍ਰਿਕਟ ਟਵੰਟੀ20 ਕੱਪ ਅਤੇ 2012 ਆਈਸੀਸੀ ਵਿਸ਼ਵ ਕ੍ਰਿਕਟ ਟਵੰਟੀ20 ਵਿੱਚ ਸ੍ਰੀ ਲੰਕਾ ਵੱਲੋਂ ਹਿੱਸਾ ਲੈਣ ਵਾਲਾ ਟੀਮ ਦਾ ਮੈਂਬਰ ਸੀ। ਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia