ਵਿਕੀਸਰੋਤ
ਵਿਕੀਸਰੋਤ ਵਿਕੀਮੀਡੀਆ ਫਾਊਂਡੇਸ਼ਨ ਦਾ ਮੁਫ਼ਤ-ਸਮੱਗਰੀ ਵਾਲੇ ਪਾਠਗਤ ਸਰੋਤਾਂ ਦੀ ਇੱਕ ਔਨਲਾਈਨ ਵਿਕੀ-ਅਧਾਰਤ ਡਿਜੀਟਲ ਲਾਇਬ੍ਰੇਰੀ ਹੈ। ਪੂਰੇ ਪ੍ਰੋਜੈਕਟ ਦਾ ਨਾਮ ਵਿਕੀਸੋਰਸ ਹੈ। ਇਸ ਪ੍ਰੋਜੈਕਟ ਦੀਆਂ ਕੁਝ ਭਾਸ਼ਾਵਾਂ ਲਈ ਅੱਡ ਅੱਡ ਪ੍ਰੋਜੈਕਟਾਂ ਦਾ ਨਾਮ ਹਰੇਕ ਭਾਸ਼ਾ ਵਿੱਚ ਭਾਸ਼ਾ ਦੇ ਨਾਮ ਨਾਲ਼ ਇਹੀ ਸ਼ਬਦ ਜਾਂ ਇਸ ਦਾ ਅਨੁਵਾਦ ਵਰਤਿਆ ਜਾਂਦਾ ਹੈ। ਇਸ ਸਮੁੱਚੇ ਪ੍ਰੋਜੈਕਟ ਦਾ ਉਦੇਸ਼ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ, ਹਰ ਤਰ੍ਹਾਂ ਦੇ ਮੁਫ਼ਤ ਪਾਠਾਂ ਦੀ ਮੇਜ਼ਬਾਨੀ ਕਰਨਾ ਹੈ। ਮੂਲ ਰੂਪ ਵਿੱਚ ਇਸਦੀ ਕਲਪਨਾ ਉਪਯੋਗੀ ਜਾਂ ਮਹੱਤਵਪੂਰਨ ਇਤਿਹਾਸਕ ਲਿਖਤਾਂ ਨੂੰ ਸਾਂਭਣ ਲਈ ਇੱਕ ਪੁਰਾਲੇਖ ਦੇ ਰੂਪ ਵਿੱਚ ਕੀਤੀ ਗਈ ਸੀ, ਪਰ ਸਮੇਂ ਨਾਲ਼ ਵਿਸਤਾਰ ਪਾ ਕੇ ਇਹ ਇੱਕ ਆਮ-ਸਮੱਗਰੀ ਲਾਇਬ੍ਰੇਰੀ ਬਣ ਗਈ ਹੈ। ਇਹ ਪ੍ਰੋਜੈਕਟ 24 ਨਵੰਬਰ, 2003 ਨੂੰ ਪ੍ਰੋਜੈਕਟ ਸੋਰਸਬਰਗ ਦੇ ਨਾਮ ਹੇਠ ਸ਼ੁਰੂ ਹੋਇਆ, ਜੋ ਪ੍ਰੋਜੈਕਟ ਗੁਟੇਨਬਰਗ ਨਾਮ ਦੀ ਛੇੜ ਸੀ। ਉਸੇ ਸਾਲ ਬਾਅਦ ਵਿੱਚ ਵਿਕੀਸੋਰਸ ਨਾਮ ਅਪਣਾਇਆ ਗਿਆ ਸੀ ਅਤੇ ਇਸਨੂੰ ਆਪਣਾ ਡੋਮੇਨ ਨਾਮ ਮਿਲ਼ ਗਿਆ। ਇਸ ਪ੍ਰੋਜੈਕਟ ਵਿੱਚ ਉਹ ਲਿਖਤਾਂ ਹਨ ਜੋ ਜਾਂ ਤਾਂ ਜਨਤਕ ਖੇਤਰ ਵਿੱਚ ਹਨ ਜਾਂ ਮੁਫ਼ਤ ਲਾਇਸੰਸਸ਼ੁਦਾ ; ਪੇਸ਼ੇਵਰ ਤੌਰ 'ਤੇ ਪ੍ਰਕਾਸ਼ਿਤ ਕੰਮ ਜਾਂ ਇਤਿਹਾਸਕ ਸਰੋਤ ਦਸਤਾਵੇਜ਼, ਨਾ ਕਿ ਆਪਣੇ ਆਪ ਨੂੰ ਚਮਕਾਉਣ ਹਿਤ ਕੋਲ਼ੋਂ ਪੈਸੇ ਖਰਚ ਕੇ ਛਪਵਾਈਆਂ ਲਿਖਤਾਂ। ਤਸਦੀਕ ਸ਼ੁਰੂ ਵਿੱਚ ਔਫ਼ਲਾਈਨ ਕੀਤੀ ਜਾਂਦੀ ਸੀ, ਜਾਂ ਹੋਰ ਡਿਜੀਟਲ ਲਾਇਬ੍ਰੇਰੀਆਂ ਦੀ ਪ੍ਰਮਾਣਿਕਤਾ 'ਤੇ ਯਕੀਨ ਕਰਕੇ ਕੀਤੀ ਜਾਂਦੀ ਸੀ। ਹੁਣ ਲਿਖਤਾਂ ਨੂੰ ਪ੍ਰੂਫਰੀਡਪੇਜ ਐਕਸਟੈਂਸ਼ਨ ਰਾਹੀਂ ਔਨਲਾਈਨ ਸਕੈਨ ਦੇ ਸਹਾਰੇ ਤਸਦੀਕ ਕੀਤੀ ਜਾਂਦੀ ਹੈ, ਜੋ ਪ੍ਰੋਜੈਕਟ ਦੇ ਟੈਕਸਟ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਂਦੀ ਹੈ। ਅੱਡ ਅੱਡ ਭਾਸ਼ਾਵਾਂ ਦੇ ਕੁਝ ਵਿਕੀਸਰੋਤ ਹੁਣ ਸਿਰਫ਼ ਸਕੈਨ ਕੀਤੀਆਂ ਲਿਖਤਾਂ ਦੀ ਹੀ ਖੁੱਲ੍ਹ ਦਿੰਦੇ ਹਨ। ਹਾਲਾਂਕਿ ਇਸਦੇ ਸੰਗ੍ਰਹਿ ਦਾ ਵੱਡਾ ਹਿੱਸਾ ਟੈਕਸਟ ਹਨ, ਵਿਕੀਸਰੋਤ ਸਮੁੱਚੇ ਤੌਰ 'ਤੇ ਕਾਮਿਕਸ ਤੋਂ ਲੈ ਕੇ ਫ਼ਿਲਮ ਤੇ ਆਡੀਓਬੁੱਕਾਂ ਤੱਕ, ਹੋਰ ਮੀਡੀਆ ਦੀ ਵੀ ਮੇਜ਼ਬਾਨੀ ਕਰਦਾ ਹੈ। ਕੁਝ ਵਿਕੀਸਰੋਤ ਯੋਗਦਾਨੀਆਂ ਨੂੰ ਆਪਣੇ ਟੀਕੇ ਟਿੱਪਣੀਆਂ ਜੋੜ ਦੇਣ ਦੀ ਆਗਿਆ ਦਿੰਦੇ ਹਨ, ਜੋ ਵਿਕੀਸਰੋਤ ਵਿਸ਼ੇਸ਼ ਦੀਆਂ ਖ਼ਾਸ ਨੀਤੀਆਂ ਦੇ ਅਧੀਨ ਹਨ। ਇਸ ਪ੍ਰੋਜੈਕਟ ਦੀ ਪ੍ਰਮਾਣਿਕਤਾ ਦੀ ਘਾਟ ਕਾਰਨ ਆਲੋਚਨਾ ਹੋਈ ਹੈ ਪਰ ਇਸਦਾ ਹਵਾਲਾ ਨੈਸ਼ਨਲ ਆਰਕਾਈਵਜ਼ ਐਂਡ ਰਿਕਾਰਡਜ਼ ਐਡਮਿਨਿਸਟ੍ਰੇਸ਼ਨ ਵਰਗੀਆਂ ਸੰਸਥਾਵਾਂ ਦੁਆਰਾ ਵੀ ਦਿੱਤਾ ਜਾਂਦਾ ਹੈ। [3] ਮਈ 2025 ਤੱਕ, 79 ਭਾਸ਼ਾਵਾਂ[1] ਲਈ ਵਿਕੀਸਰੋਤ ਸਬਡੋਮੇਨ ਸਰਗਰਮ ਹਨ ਜਿਨ੍ਹਾਂ ਵਿੱਚ ਹੁਣ ਤੱਕ ਕੁੱਲ 64,47,043 ਲੇਖ ਹਨ ਅਤੇ 2,658 ਸਰਗਰਮ ਸੰਪਾਦਕ ਹਨ।[4] ਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ ਵਿਕੀਸਰੋਤ ਨਾਲ ਸਬੰਧਤ ਮੀਡੀਆ ਹੈ। ![]() ਵਿਕੀਕੁਓਟ ਵਿਕੀਸਰੋਤ ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ। ਵਿਕੀਸਰੋਤ ਵਿਕੀਸਰੋਤ ਬਾਰੇ
|
Portal di Ensiklopedia Dunia