ਚਰਖ਼ਾ

ਚਰਖਾ

ਪੰਜਾਬੀ ਸਭਿਆਚਾਰ ਵਿੱਚ ਚਰਖਾ ਬਹੁ-ਭਾਵੀ ਅਰਥ ਰੱਖਦਾ ਹੈ। ਲੰਘੀ ਸਦੀ ਦੇ ਅੱਧ ਤੱਕ ਪੰਜਾਬ ਦੇ ਬਹੁ ਗਿਣਤੀ ਘਰਾਂ ਦੇ ਵਿਹੜਿਆਂ ਵਿੱਚ ਚਰਖੇ ਦੀ ਘੂਕਰ ਆਪਣਾ ਸੰਗੀਤ ਬਿਖੇਰਦੀ ਰਹੀ ਹੈ। ਇੱਕ ਸਮਾਂ ਸੀ ਜਦੋਂ ਪੰਜਾਬੀ ਸਮਾਜ ਵਿੱਚ ਮਨੋਰੰਜਨ, ਭਾਈਚਾਰਕ ਸਾਂਝ ਅਤੇ ਕਿਰਤ ਇੱਕ ਲੜੀ ਵਿੱਚ ਪਰੋਏ ਹੋਏ ਸਨ ਉਦੋਂ ਚਰਖਾ ਆਰਥਿਕ, ਭਾਵਨਾਤਮਿਕ ਅਤੇ ਰੂਹਾਨੀ ਭਾਵਾਂ ਦਾ ਬਹੁਤ ਨੇੜੇ ਦਾ ਸਾਥੀ ਰਿਹਾ ਹੈ। ਉਦੋਂ ਮਨੋਰੰਜਨ ਦੇ ਬਹੁਤੇ ਸਾਧਨ ਮੌਜੂਦ ਨਹੀਂ ਸਨ ਇਸ ਕਰਕੇ ਲੋਕ ਕਿਰਤ ਵਿੱਚੋਂ ਹੀ ਰੋਮਾਂਚ ਮਾਣਦੇ ਸਨ ਅਤੇ ਬਾਹਰੀ ਗਿਆਨ ਦੀ ਥਾਂ ਘਰੇਲੂ ਆਹਰ ਦੀ ਨਿਪੁੰਨਤਾ ਅਤੇ ਸਚਿਆਰਤਾ ਉੱਤਮ ਮੰਨੀ ਜਾਂਦੀ ਸੀ। ਮਨੁੱਖੀ ਜੀਵਨ ਦੀਆਂ ਸਭ ਤੋਂ ਅਹਿਮ ਜਰੂਰਤਾਂ ਕੁੱਲੀ, ਗੁੱਲੀ ਅਤੇ ਜੁੱਲੀ ਨਾਲ ਨੇੜੇ ਤੋਂ ਜੁੜਿਆ ਹੋਣ ਕਾਰਨ ਕੱਪੜਾ ਉਦਯੋਗ ਦੇ ਯੁੱਗ ਤੋਂ ਪਹਿਲਾਂ ਤੱਕ ਚਰਖਾ ਪੰਜਾਬ ਦੇ ਲੋਕਾਂ ਦੀ ਘਰੇਲੂ ਜਿੰਦਗੀ ਦੇ ਲੱਗਭਗ ਹਰ ਪਹਿਲੂ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਸੀ। ਪੋਤੜਿਆਂ ਤੋਂ ਲੈ ਕੇ ਕੱਫਣ ਤੱਕ ਦੇ ਕੱਪੜੇ ਲਈ ਲੋੜੀਂਦਾ ਧਾਗਾ ਚਰਖੇ ਦੇ ਤਕਲ਼ੇ ਦੀ ਨੋਕ ਤੋਂ ਆਉਂਦਾ ਰਿਹਾ ਹੈ। ਧਾਗਾ ਅਤੇ ਕੱਪੜਾ ਉਦਯੋਗ ਦੇ ਵਿਕਸਤ ਹੋ ਜਾਣ ਤੋਂ ਬਾਅਦ ਤੱਕ ਵੀ ਚਰਖਾ ਦਰੀਆਂ, ਖੇਸ, ਸੂਤ ਅਤੇ ਹੋਰ ਕਈ ਕਿਸਮ ਦੇ ਘਰੇਲੂ ਸਮਾਨ ਬਣਾਉਣ ਲਈ ਧਾਗਾ ਮੁਹੱਈਆ ਕਰਾਉਣ ਦੇ ਮੁੱਖ ਸਾਧਨ ਵਜੋਂ ਵਰਤਿਆ ਜਾਂਦਾ ਰਿਹਾ ਹੈ। ਇਸ ਕਰਕੇ ਜਦੋਂ ਵੀ ਅਸੀਂ ਪੰਜਾਬ ਦੇ ਸਭਿਆਚਾਰਕ ਅਤੇ ਸਮਾਜਿਕ ਜੀਵਨ ਦੇ ਪਿਛੋਕੜ ਦੀ ਗੱਲ ਕਰਦੇ ਹਾਂ ਤਾਂ ਇਸ ਉਪਰ ਕੱਪੜੇ ਦੇ ਮੁੱਢ ਰਹੇ, ਇਸ ਚਰਖੇ ਦੀ ਡੂੰਘੀ ਛਾਪ ਨਜ਼ਰ ਆਉਂਦੀ ਹੈ। ਪੰਜਾਬ ਦੇ ਖਾਸ ਕਰ ਪੇਂਡੂ ਜੀਵਨ ਦਾ ਸ਼ਾਇਦ ਹੀ ਕੋਈ ਰੂਪ ਹੋਵੇ ਜਿਸ ਦੀ ਤਰਜ਼ਮਾਨੀ ਵਿੱਚ ਚਰਖੇ ਦੀ ਚਰਚਾ ਜਾਂ ਜਿਕਰ ਨਾ ਹੋਵੇ। ਜਿਸ ਸਮੇਂ ਤੱਕ ਪੰਜਾਬ ਦੇ ਮਿਹਨਤਕਸ਼ ਤਬਕੇ ਵਿੱਚ ਮਰਦਾਂ ਲਈ ਕਹੀ, ਖੁਰਪਾ ਤੇ ਦਾਤੀ ਚਲਾਉਣ ਸਮੇਤ ਹਲ਼ ਤੇ ਗੱਡੇ ਨੂੰ ਜੁੜੇ ਬਲਦਾਂ ਨੂੰ ਹੱਕ ਲੈਣ ਦਾ ਹੁਨਰ ਜਰੂਰੀ ਸੀ ਉਦੋਂ ਔਰਤਾਂ ਲਈ ਮੱਝਾਂ ਦੀਆਂ ਧਾਰਾਂ ਕੱਢਣ, ਮੱਕੀ ਦੀ ਰੋਟੀ ਪਕਾਉਣ ਵਾਂਗ ਚਰਖਾ ਕੱਤ ਲੈਣ ਦਾ ਹੁਨਰ ਵੀ ਜਰੂਰੀ ਯੋਗਤਾ ਮੰਨਿਆ ਜਾਂਦਾ ਸੀ। ਚਰਖੇ ਦੀ ਤੰਦ ਭਾਵੇਂ ਨਾਜ਼ੁਕ ਸੀ ਪਰ ਇਸਨੇ ਪਰਿਵਾਰਾਂ, ਰਿਸ਼ਤਿਆਂ ਅਤੇ ਖਾਸ ਕਰਕੇ ਪੇਂਡੂ ਔਰਤ ਸਮਾਜ ਸਮੇਤ ਪੰਜਾਬੀ ਲੋਕਧਾਰਾ ਨੂੰ ਘੁੱਟ ਕੇ ਪੀਢਾ ਬੰਨ੍ਹ ਰੱਖਿਆ ਸੀ। ਇਹ ਅੱਜ ਦੇ ਜੀਵਨ ਦਾ ਹਿੱਸਾ ਭਾਵੇਂ ਨਹੀਂ ਰਿਹਾ ਪਰ ਸਾਡੇ ਚੇਤਿਆਂ ਵਿੱਚ ਜਰੂਰ ਸਜੀਵ ਹੈ। ਚਰਖਾ ਅੱਜ ਕੱਤਿਆ ਭਾਵੇਂ ਨਹੀਂ ਜਾਂਦਾ ਪਰ ਸਾਡੇ ਗੀਤਾਂ ਅਤੇ ਬੋਲੀਆਂ ਵਿੱਚ ਹਾਲੇ ਵੀ ਘੂਕਦਾ ਹੈ।

ਪੰਜਾਬੀ ਸੱਭਿਆਚਾਰ ਵਿੱਚ ਚਰਖੇ ਉੱਪਰ ਸਾਹਿਤ

ਚਰਖਾ ਕੱਤਣ ਦਾ ਕਾਰਜ ਔਰਤਾਂ ਦੇ ਹਿੱਸੇ ਹੋਣ ਕਾਰਨ ਬਾਲ ਵਰੇਸ ਤੋਂ ਹੀ ਕੁੜੀਆਂ ਨੂੰ ਚਰਖੇ ਨਾਲ ਜੋੜ ਦਿੱਤਾ ਜਾਂਦਾ ਸੀ। ਇਸ ਕਰਕੇ ਚਰਖਾ ਜਿੱਥੇ ਔਰਤ ਸਮਾਜ ਅਤੇ ਆਮ ਜੀਵਨ ਨਾਲ ਜੁੜੀਆਂ ਅਨੇਕ ਭਾਵਨਾਵਾਂ ਦੇ ਵਰਨਣ ਅਤੇ ਚਿਤਰਣ ਦੇ ਮੁੱਖ ਪਾਤਰਾਂ ਵਿੱਚੋਂ ਇੱਕ ਰਿਹਾ ਹੈ, ਉੱਥੇ ਸਮੁੱਚੇ ਮਨੁੱਖੀ ਜੀਵਨ ਲਈ ਰੂਹਾਨੀਅਤ ਅਤੇ ਜੁਗਤੀ ਦਾ ਚਿੰਨ ਅਤੇ ਤਸ਼ਬੀਹ ਵੀ ਬਣਿਆ। ਚਰਖੇ ਦੇ ਤੱਕਲੇ ਨਾਲ ਤੰਦ ਜੋੜਦਿਆਂ ਹੀ ਪੰਜਾਬੀ ਮੁਟਿਆਰ ਦੇ ਬੁੱਲ੍ਹ ਆਪ ਮੁਹਾਰੇ ਹੀ ਕੋਈ ਨਾ ਕੋਈ ਬੋਲ ਛੋਹ ਲੈਂਦੇ ਸਨ ਜੋ ਉਸ ਦੀ ਹਰ ਤਰ੍ਹਾਂ ਦੀ ਤਤਕਾਲੀ ਭਾਵਨਾ ਦੀ ਆਵਾਜ਼ ਹੁੰਦਾ ਸੀ। ਉਸ ਦੇ ਆਪਣੇ ਮਾਹੀ ਨਾਲ ਪਿਆਰ, ਤਾਂਘ, ਉਡੀਕ ਅਤੇ ਮੰਗ ਲਈ ਚਰਖੇ ਜਾਂ ਚਰਖਾ ਕੱਤਣ ਦੇ ਸਮੇਂ ਨਾਲ ਜੁੜੇ ਅਨੇਕ ਕਾਵਿ ਰੂਪ ਮਿਲਦੇ ਹਨ:

  • ਚਰਖੇ ਦੀ ਘੂਕਰ ਦੇ ਓਹਲੇ , ਪਿਆਰ ਤੇਰੇ ਦਾ ਤੂੰਬਾ ਬੋਲੇ । ਮੈਂ ਨਿੰਮਾ ਨਿੰਮਾ ਗੀਤ ਛੇੜਕੇ, ਤੰਦ ਖਿੱਚਦੀ ਹੁਲਾਰੇ ਖਾਵਾਂ, ਮਾਹੀਆ ਵੇ ਤੇਰੇ ਦੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਹਵਾਂ।

----------------- ਚਰਖਾ ਮੇਰਾ ਰੰਗ ਰੰਗੀਲਾ, ਬਣ ਗਈ ਤੇਰੀ ਯਾਦ ਵਸੀਲਾ, ਲੋਕਾਂ ਭਾਣੇ ਸੂਤ ਕੱਤਦੀ, ਤੰਦ ਤੇਰੀਆਂ ਯਾਦਾਂ ਦੇ ਪਾਵਾਂ । ਵੇ ਮਾਹੀਆ ਤੇਰੇ ਦੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਹਵਾਂ ।

ਲਗਾਤਾਰ ਘੰਟਿਆਂ ਬੱਧੀ ਚਰਖਾ ਕੱਤਦੇ ਰਹਿਣ ਨਾਲ ਇਹ ਕਲਾ ਅਚੇਤ ਮਨ ਵਿੱਚ ਲਹਿ ਜਾਂਦੀ ਸੀ ਅਤੇ ਸੁਚੇਤ ਮਨ ਨਾਲ ਆਤਮ-ਚਿੰਤਨ ਦਾ ਖੂਬ ਸਮਾਂ ਮਿਲ ਜਾਂਦਾ ਸੀ ਇਸ ਕਰਕੇ ਔਰਤਾਂ ਅਕਸਰ ਯਾਦਾਂ, ਪਰਿਵਾਰ ਜਾਂ ਮਾਹੀ ਦੀਆਂ ਸੋਚਾਂ ਵਿੱਚ ਗੁਆਚ ਜਾਂਦੀਆਂ ਸਨ। ਜਦੋਂ ਮੁਟਿਆਰ ਚਰਖਾ ਕੱਤਦੀ ਹੋਈ ਉਸ ਦੀ ਘੂਕਰ ਨਾਲ ਇੱਕ ਮਿੱਕ ਹੋ ਜਾਂਦੀ ਤਾਂ ਦੂਰ ਹੋਏ ਮਾਹੀ ਨੂੰ ਯਾਦ ਕਰ ਉਸ ਦਾ ਮਨ ਆਪ ਮੁਹਾਰੇ ਬੋਲ ਉੱਠਦਾ:-

ਮੇਰੇ ਦਿਲ ਵਿੱਚੋਂ ਉੱਠਦੀ ਏ ਹੂਕ,
ਮਾਹੀਆ ਮੈਨੂੰ ਯਾਦ ਆਂਵਦਾ ।
ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ,
ਮਾਹੀਆ ਮੈਨੂੰ ਯਾਦ ਆਂਵਦਾ ।

ਕਿਉਂਕਿ ਪੰਜਾਬੀ ਕੁੜੀਆਂ ਆਪਣੇ ਮਾਪਿਆਂ ਦੇ ਘਰ ਛੋਟੀ ਉਮਰ ਵਿੱਚ ਹੀ ਚਰਖਾ ਕੱਤਣ ਦਾ ਹੁਨਰ ਸਿੱਖ ਲੈਦੀਆਂ ਸਨ ਅਤੇ ਕੱਤਦਿਆਂ ਆਪਣੇ ਭਵਿੱਖ ਅਤੇ ਹੋਣ ਵਾਲੇ ਕੰਤ ਦੇ ਸੁਪਨੇ ਵੀ ਸਿਰਜਦੀਆਂ ਰਹਿੰਦੀਆਂ ਸਨ। ਪਰਿਪੱਕਤਾ ਨਾਲ ਚਲਦੇ ਚਰਖੇ ਦੀਆਂ ਤੰਦਾਂ ਦੀ ਘੂਕਰ ਵੰਝਲੀ ਦੀ ਸੁਰ ਵਾਂਗ ਉਹਨਾਂ ਦੇ ਚਿੱਤ ਵਿਚ ਵਸ ਜਾਂਦੀ ਸੀ ਅਤੇ ਬਹੁਤ ਦੂਰ ਤੱਕ ਮਾਰ ਕਰਦੀ ਸੀ :-

ਜੋਗੀ ਉੱਤਰ ਪਹਾੜੋਂ ਆਇਆ,
ਚਰਖੇ ਦੀ ਘੂਕ ਸੁਣ ਕੇ ।

ਚਰਖਾ ਘਰਾਂ, ਵਿਹੜਿਆਂ, ਛੋਪਿਆਂ ਅਤੇ ਰਾਤ ਕੱਤਣੀਆਂ ਦੀ ਰੌਣਕ ਦਾ ਧੁਰਾ ਹੋਣ ਕਾਰਨ ਇਹ ਤ੍ਰਿੰਞਣਾਂ ਦਾ ਬਾਦਸ਼ਾਹ ਵੀ ਰਿਹਾ ਹੈ :-

ਚਰਖਾ ਤਾਂ ਮੇਰਾ ਤ੍ਰਿੰਞਣ ਦਾ ਸਰਦਾਰ ਨੀਂ ਮਾਏ,
ਜੀਹਨੇ ਤਾਂ ਬੀੜਿਆ ਚਰਖਾ ਮੇਰਾ ਉਹਤੋਂ ਜਾਵਾਂ ਬਲਿਹਾਰ ਨੀ ਮਾਏ।

ਲੜਕੀ ਦਾ ਰਿਸ਼ਤਾ ਤਹਿ ਹੋ ਜਾਣ ਅਤੇ ਵਿਆਹ ਦੇ ਦਿਨ ਨੇੜੇ ਆ ਜਾਣ ਤੇ ਆਪਣੇ ਮਾਪਿਆਂ ਅਤੇ ਭੈਣਾਂ-ਭਰਾਵਾਂ ਦੇ ਪੈਣ ਜਾ ਰਹੇ ਵਿਛੋੜੇ ਬਾਰੇ ਸੋਚਦੀ ਘਰ ਦੀ ਧੀ ਬਾਬਲ ਨੂੰ ਵਾਸਤਾ ਪਾਉਂਦੀ ਅਤੇ ਬਾਬਲ ਉਸ ਨੂੰ ਧਰਵਾਸ ਵੀ ਚਰਖੇ ਵਿੱਚ ਦੀ ਦਿੰਦਾ:

ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਚਰਖਾ ਕੌਣ ਕੱਤੇ?
ਮੇਰੀਆਂ ਕੱਤਣ ਪੋਤਰੀਆਂ, ਧੀਏ ਘਰ ਜਾ ਆਪਣੇ ।

ਪੇਕੇ ਘਰ ਵਲੋਂ ਦਿੱਤੇ ਸੋਹਣੇ ਅਤੇ ਕਈ ਤਰਾਂ ਨਾਲ ਸ਼ਿੰਗਾਰੇ ਚਰਖੇ ਨੂੰ ਸਹੁਰੇ ਘਰ ਵਿੱਚ ਬਹੁਤ ਮਾਣ ਦਿੱਤਾ ਜਾਂਦਾ ਸੀ ਅਤੇ ਮੁਟਿਆਰ ਨੂੰ ਪੇਕਿਆਂ ਦੀ ਯਾਦ ਵੀ ਦਿਵਾਉਂਦਾ ਰਹਿੰਦਾ ਸੀ :-

ਮਾਂ ਮੇਰੀ ਮੈਨੂੰ ਚਰਖਾ ਦਿੱਤਾ, ਵਿੱਚ ਚਰਖੇ ਦੇ ਮੇਖਾਂ ।
ਮਾਂ ਰਾਣੀ ਮੈਨੂੰ ਯਾਦ ਪਈ ਆਵੇ, ਜਦ ਚਰਖੇ ਵੱਲ ਵੇਖਾਂ ।
----------------
ਚਰਚਾ ਮੇਰਾ ਰੰਗ ਰੰਗੀਲਾ,
ਮੁੰਨੇ ਮੇਰੇ ਭਾਈ, ਗੁੱਡੀਆਂ ਮੇਰੀਆਂ ਸਕੀਆਂ ਭੈਣਾਂ, ਮਾਲ੍ਹ ਵੱਡੀ ਭਰਜਾਈ।
ਸੋਹਣੇ ਚਰਖੇ ਤੋਂ, ਨੀ ਮੈਂ ਜਿੰਦੜੀ ਘੋਲ ਘੁਮਾਈ।

ਆਪਣੇ ਵੀਰ ਵਲੋਂ ਦਿੱਤੇ ਚਰਖੇ ਨੂੰ ਦੇਖ ਕੇ ਸਾਉਣ ਦੇ ਮਹੀਨੇ ਨਵੀਂ ਵਿਆਹੀ ਨੂੰ ਆਪਣੇ ਵੀਰ ਦੀ ਯਾਦ ਬਹੁਤ ਸਤਾਉਂਦੀ ਤਾਂ ਉਹ ਕਹਿ ਉੱਠਦੀ:

ਛੱਲੀਆਂ ਛੱਲੀਆਂ ਛੱਲੀਆਂ,
ਵੀਰਾ ਮੈਨੂੰ ਲੈ ਚੱਲ ਵੇ,
ਮੇਰੀਆਂ ਕੱਤਣ ਸਹੇਲੀਆਂ ‘ਕੱਲੀਆਂ

ਚਰਖੇ ਦਾ ਪੰਜਾਬੀ ਜੀਵਨ, ਸਭਿਆਚਾਰ ਅਤੇ ਘਰ ਵਿੱਚ ਏਨਾ ਉੱਚਾ ਰੁਤਬਾ ਸੀ ਕਿ ਇਸਦੀ ਘੂਕਦੀ ਚਾਲ, ਸੁੰਦਰ ਬਣਾਵਟ ਅਤੇ ਸ਼ਿੰਗਾਰ ਨੂੰ ਹੀ ਨਹੀਂ ਬਲਕਿ ਬਣਾਉਣ ਵਾਲੇ ਕਾਰੀਗਰ ਦੀ ਨਿਪੁੰਨਤਾ ਨੂੰ ਵੀ ਸਰਾਹਿਆ ਜਾਂਦਾ ਸੀ:

ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ
-----------------
  • ਕਾਰੀਗਰ ਨੂੰ ਦਿਓ ਵਧਾਈ, ਚਰਖਾ ਜੀਹਨੇ ਬਣਾਇਆ। ਰੰਗਲੇ ਮੁੰਨੇ, ਰੰਗਲੀਆਂ ਗੁੱਡੀਆਂ, ਗੋਲ ਮਝੇਰੂ ਪਾਇਆ। ਮੇਖਾਂ ਲਾਈਆਂ ਵਿੱਚ ਸੁਨਹਿਰੀ, ਹੀਰਿਆਂ ਜੜਤ ਜੜਾਇਆ। ਬੀੜੀਆਂ ਦੇ ਨਾਲ ਖਹੇ ਦਮਕੜਾ, ਤਕਲਾ ਫਿਰੇ ਸਵਾਇਆ। ਕੱਤ ਲੈ ਕੁੜੀਏ ਨੀ, ਤੇਰੇ ਵਿਆਹ ਦਾ ਲਾਗੀ ਆਇਆ।

ਵਿਆਹ ਕੇ ਸਹੁਰੇ ਘਰ ਗਈਆਂ ਮੁਟਿਆਰਾਂ ਦੀਆਂ ਜਿੰਦਗੀ, ਕੰਤ, ਚਰਖੇ, ਘੂਕਰ ਅਤੇ ਤੰਦ ਬਾਰੇ ਭਾਵਨਾਵਾਂ ਨਵਾਂ ਰੂਪ ਲੈ ਲੈਂਦੀਆਂ ਸਨ ਅਤੇ ਚਰਖੇ ਨਾਲ ਉਹਨਾਂ ਦੇ ਅਹਿਸਾਸ ਵੀ ਬਦਲ ਜਾਂਦੇ ਸਨ। ਸਹੁਰੇ ਘਰ ਆਪਣੀ ਮਾਂ, ਬਾਬਲ, ਭਾਈਆਂ, ਭਰਜਾਈਆਂ ਅਤੇ ਸਹੇਲੀਆਂ ਦੀ ਯਾਦ ਦੀ ਚੀਸ ਵੀ ਚਰਖਾ ਹੀ ਵੰਡਾਉਂਦਾ ਸੀ। ਘਰੋਂ ਕੰਮ ਤੇ ਜਾਂ ਪ੍ਰਦੇਸ ਗਏ ਮਾਹੀ ਦੀ ਉਡੀਕ ਜਾਂ ਤਾਂਘ ਦੇ ਵੀ ਰੰਗ ਬਦਲ ਜਾਂਦੇ ਸੀ:

ਜਿੱਥੇ ਤੇਰਾ ਹਲ਼ ਵਗਦਾ, ਉੱਥੇ ਲੈ ਚੱਲ ਚਰਖਾ ਮੇਰਾ,

ਮੈਂ ਵੀ ਕੱਤੂੰ ਚਾਰ ਪੂਣੀਆਂ, ਚਿੱਤ ਲੱਗਿਆ ਰਹੂਗਾ ਤੇਰਾ।

-----------------

ਲੰਮੇ ਲੰਮੇ ਤੰਦ ਵੇ ਮੈਂ ਤੱਕਲੇ ਤੇ ਪਾਉਨੀ ਆਂ,

ਤੱਕ ਤੱਕ ਰਾਹਾਂ ਸਾਰਾ ਦਿਨ ਮੈਂ ਲੰਘਾਉਨੀ ਆਂ ।

-----------------

ਮਾਹੀ ਮੈਂ ਤੈਨੂੰ ਯਾਦ ਕਰਾਂ, ਚਰਖੇ ਦੇ ਹਰ ਹਰ ਗੇੜੇ ।

ਕਦੇ ਆ ਤੱਤੜੀ ਦੇ ਵੇਹੜੇ ।

ਗੱਭਰੂ ਵੀ ਮੁਟਿਆਰ ਦੇ ਚਰਖੇ ਦੀ ਗੂੰਜ ਦੀ ਸਿਫਤ ਇੰਝ ਕਰਦੇ ਸਨ:-

ਕੂਕੇ ਚਰਖਾ ਬਿਸ਼ਨੀਏ ਤੇਰਾ, ਲੋਕਾਂ ਭਾਣੇ ਮੋਰ ਬੋਲਦਾ ।

ਔਰਤਾਂ ਦੀਆਂ ਘਰੇਲੂ ਜਰੂਰਤਾਂ ਦੀਆਂ ਮੰਗਾਂ ਦਾ ਜਰੀਆ ਵੀ ਰਿਹਾ ਹੈ ਚਰਖਾ :-

ਮਾਂ ਮੇਰੀ ਮੈਨੂੰ ਚਰਖਾ ਦਿੱਤਾ ਪੀੜ੍ਹੀ ਲੈ ਦੇ ਤੂੰ,

ਮੈਂ ਸਾਰੀ ਰਾਤ ਕੱਤਿਆ ਕਰੂੰ ਤੇਰਾ ਰੂੰ ।

ਚਰਖਾ ਔਰਤ ਦੇ ਹਰ ਦੁੱਖ ਸੁੱਖ ਦਾ ਗਵਾਹ ਬਣ ਕੇ ਵਿਚਰਦਾ ਸੀ। ਸਹੁਰੇ ਘਰ ਜਦੋਂ ਕਿਸੇ ਕਾਰਨ ਚਰਖਾ ਕੱਤਣਾ ਬੋਝ ਬਣ ਜਾਂਦਾ ਤਾਂ ਉਹਨਾਂ ਦੇ ਵਲਵਲੇ ਜਾਂ ਨਹੋਰੇ ਵੀ ਬਰਾਸਤਾ ਚਰਖੇ ਹੀ ਪ੍ਰਗਟ ਹੁੰਦੇ ਸਨ :-

ਗਮਾਂ ਦਾ ਚਰਖਾ ਦੁੱਖਾਂ ਦੀਆਂ ਪੂਣੀਆਂ,

ਜਿਉਂ ਜਿਉਂ ਕੱਤੀ ਜਾਵਾਂ ਹੋਈ ਜਾਣ ਦੂਣੀਆਂ ।

-----------------

ਤ੍ਰਿੰਞਣ ਦੇ ਵਿੱਚ ਕੱਤਣ ਸਹੇਲੀਆਂ,

ਗੁੱਡੀਆਂ ਨਾਲ ਗੁੱਡੀਆਂ ਜੋੜ ਕੇ ।

ਹੁਣ ਕਿਉ ਮਾਏ ਰੋਂਨੀ ਆਂ, ਧੀਆਂ ਨੂੰ ਸੋਹਰੇ ਤੋਰ ਕੇ ..।

ਪੰਜਾਬੀ ਕਵਿਤਾ ਅਤੇ ਗੀਤਾਂ ਵਿੱਚ ਕਈ ਥਾਂ ਤੇ ਚਰਖੇ ਨੂੰ ਰੂਹਾਨੀ ਵਿਸ਼ਿਆਂ ਨਾਲ ਵੀ ਜੋੜ ਕੇ ਪੇਸ਼ ਕੀਤਾ ਗਿਆ ਮਿਲਦਾ ਹੈ। ਸ਼ਾਹ ਹੁਸੈਨ ਨੇ ਇਸਨੂੰ ਕਰਮਾਂ ਨਾਲ ਜੋੜਿਆ:-

ਰਾਤੀਂ ਕੱਤੇਂ ਰਾਤੀਂ ਅਟੇਰੇਂ, ਗੋਸ਼ੇ ਲਾਇਓ ਤਾਣਾ।

ਇੱਕ ਜੁ ਤੰਦ ਅਵੱਲਾ ਪੈ ਗਿਆ, ਸਾਹਿਬ ਮੂਲ ਨਾ ਭਾਣਾ।

ਬੁੱਲੇ ਸ਼ਾਹ ਨੇ ਚਰਖੇ ਰਾਹੀਂ ਕਰਮਾਂ ਦਾ ਹਿਸਾਬ ਅਤੇ ਮੌਤ ਯਾਦ ਕਰਵਾਈ ਹੈ :-

ਤੂੰ ਸਦਾ ਨਾ ਪੇਕੇ ਰਹਿਣਾ ਹੈ, ਨਾ ਪਾਸ ਅੰਮੜੀ ਦੇ ਬਹਿਣਾ ਹੈ,

ਤਾਂ ਅੰਤ ਵਿਛੋੜਾ ਸਹਿਣਾ ਹੈ, ਵੱਸ ਪਏਂਗੀ ਸੱਸ ਨਨਾਣ ਕੁੜੇ,

ਕੱਤ ਲੈ ਨੀਂ, ਕੁਝ ਕਤਾ ਲੈ ਨੀਂ, ਹੁਣ ਤਾਣੀ ਤੰਦ ਉਣਾ ਲੈ ਨੀਂ,

ਤੂੰ ਤਦ ਹੋਵੇਂ ਪ੍ਰਧਾਨ ਕੁੜੇ।

ਚਰਖੇ ਦੀ ਤਸ਼ਬੀਹ ਦੇ ਤੌਰ ਤੇ ਵਰਤੋਂ ਦਾ ਸਿਖ਼ਰ ਦੇਖਣਾ ਹੋਵੇ ਤਾਂ ਡਾਕਟਰ ਚਰਨ ਸਿੰਘ ਦੀ ਰਚਨਾ ‘ਕੇਸਰੀ ਚਰਖਾ’ ਵੀ ਪੜ੍ਹਨ ਯੋਗ ਹੈ। ਚਰਖੇ ਅਤੇ ਇਸ ਨਾਲ ਜੁੜੀ ਹਰ ਵਸਤੂ ਨੂੰ ਉਸਨੇ ਦੁਨਿਆਵੀ ਦੀ ਥਾਂ ਰੂਹਾਨੀ ਕੋਣ ਤੋਂ ਪਰਖਿਆ ਹੈ :-

ਤ੍ਰਿੰਞਣ ਦੇ ਵਿੱਚ ਜਾਇਕੇ ਮੈਂ ਅਕਲ ਗਵਾਈ,

ਕੁੜੀਆਂ ਭਰੀਆਂ ਪੱਛੀਆਂ ਮੈਂ ਤੰਦ ਨਾ ਪਾਈ।

ਹੱਥ ਲਏ ਪੰਜ ਗੀਟੜੇ ਮੈਂ ਖੇਡਣ ਲੱਗੀ,

ਕੱਤਣ ਤੁੰਮਣ ਛੱਡ ਕੇ ਮੈਂ ਖੇਡੇ ਠੱਗੀ ।

ਕੁੜੀਆਂ ਵੰਨੀ ਵੇਖਕੇ ਮੈਂ ਚਾਉ ਨਾ ਆਇਆ,

ਤਕਲਾ ਮੇਰਾ ਸਾਰ ਦਾ ਤਿਹੁਰਾ ਵਲ ਪਾਇਆ।

-----------------

ਐਸਾ ਸੁੰਦਰ ਚਰਖੜਾ ਕਿਉਂ ਤੋੜ ਵੰਝਾਈਏ,

ਆਖੇ ਲੱਗ ਕੁਚੱਜੀਆਂ ਨਹਿਂ ਆਪ ਗਵਾਈਏ।

ਵੇਲਾ ਨਹੀਂ ਗੁਆਈਐ ਨਹਿਂ ਪਛੋਤਾਈਐ,

ਮੋਟਾ ਸੋਟਾ ਧੂਹ ਕੇ ਕੱਤ ਪੱਛੀ ਪਾਈਐ ।

ਸਿੱਧਾ ਕਰ ਕੇ ਤੱਕਲਾ ਭਰ ਲਾਹੀਏ ਛੱਲੀ,

ਆਖੇ ਲੱਗ ਕੁਚੱਜੀਆਂ ਨਹਿਂ ਫਿਰੋ ਇਕੱਲੀ।

ਮੁਹੰਮਦ ਫਾਜ਼ਿਲ ਨੇ ਵੀ ‘ਸੂਹਾ ਚਰਖਾ’ ਵਿੱਚ ਕੱਤਣ ਅਤੇ ਸੂਤ ਜੋੜਨ ਨੂੰ ਦੁਨਿਆਵੀ ਦਾਜ ਦਾ ਬਿੰਬ ਬਣਾ ਕੇ ਰੂਹਾਨੀ ਕਮਾਈ ਦੇ ਦ੍ਰਿਸ਼ਟੀਕੋਣ ਨਾਲ ਨਿਵਾਜਿਆ ਹੈ :-

ਉੱਠ ਚਰਖਾ ਕੱਤ ਸਵੇਰੇ ਤੂੰ, ਕਰ ਦਾਜ ਤਿਆਰ ਅਗੇਰੇ ਤੂੰ,

ਕਰ ਮਿੱਠੀ ਨੀਂਦ ਪਰੇਰੇ ਤੂੰ, ਕੱਤ ਤਾਣੀ ਜੋੜ ਬਣਾ ਕੁੜੇ।

ਕੱਤ ਚਰਖਾ ਛੋਪੇ ਘੱਤ ਕੁੜੇ, ਨਹੀਂ ਆਣਾ ਜੋਬਨ ਵੱਤ ਕੁੜੇ।

ਇਸ ਤਰਾਂ ਚਰਖਾ ਪੰਜਾਬ ਹੀ ਨਹੀਂ ਬਹੁਤ ਸਾਰੇ ਮੁਲਕਾਂ ਅਤੇ ਭਾਸ਼ਾਵਾਂ ਦੇ ਗੀਤਾਂ, ਕਵਿਤਾਵਾਂ, ਕਹਾਣੀਆਂ ਅਤੇ ਹੋਰ ਵਾਰਤਕ ਰੂਪਾਂ ਦਾ ਦਿਲਚਸਪ ਵਿਸ਼ਾ ਰਹਿ ਚੁੱਕਾ ਹੈ।

ਸ਼ਬਦ ਉਤਪਤੀ

ਚਰਖਾ ਸ਼ਬਦ ਫ਼ਾਰਸੀ ਦੇ ਸ਼ਬਦ ‘ਚਰਖ਼’ ਤੋਂ ਬਣਿਆ ਜਿਸ ਦਾ ਅਰਥ ਹੈ ‘ਪਹੀਆ ਜਾਂ ਚੱਕਰ’ । ਇਸ ਦਾ ਅਰਥ ਛੋਟੀ ਧੁਰੀ ਦਾ ਸਹਾਰਾ ਬਣਾ ਕੇ ਘੁੰਮਣ ਵਾਲੀ ਪੁਲ਼ੀ ਤੋਂ ਲਿਆ ਜਾ ਸਕਦਾ ਹੈ। ਰੇਸ਼ੇ ਨੂੰ ਕੱਸ ਕੇ ਬਰੀਕ ਧਾਗੇ ਦਾ ਰੂਪ ਦੇਣ ਵਾਸਤੇ ਵਰਤੀ ਜਾਂਦੀ ਨੋਕਦਾਰ ਤੀਲੀ ਨੂੰ ਆਸਾਨੀ ਨਾਲ ਅਤੇ ਤੇਜੀ ਨਾਲ ਘੁੰਮਾਉਣ ਦੀ ਲੋੜ ਚਰਖੇ ਦੀ ਕਾਢ ਦੀ ਮਾਂ ਬਣੀ। ਪੰਜਾਬ ਵਿੱਚ ਚਰਖਾ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਲੰਬੀ ਫੱਟੀ ਦੇ ਦੋਨਾਂ ਸਿਰਿਆਂ ਤੇ ਇੱਕ ਪਾਸੇ ਛੋਟੀ ਅਤੇ ਦੂਜੇ ਪਾਸੇ ਕੁੱਝ ਵੱਡੀ ਫੱਟੀ ਸੱਲ੍ਹ ਮਾਰ ਕੇ ਸਮਕੋਨ ਅਨੁਸਾਰ ਠੋਕ ਕੇ ਢਾਂਚਾ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਕਾਢ੍ਹ ਕਿਹਾ ਜਾਂਦਾ ਹੈ। ਵੱਡੀ ਫੱਟੀ ਉੱਪਰ ਅਗਲੇ ਪਾਸੇ ਦੋ ਖੜ੍ਹਵੇਂ ਪਾਵੇ ਜੜੇ ਹੁੰਦੇ ਹਨ ਜਿਹਨਾਂ ਨੂੰ ਮੁੰਨੇ ਕਿਹਾ ਜਾਂਦਾ ਹੈ, ਇਹਨਾਂ ਨੂੰ ਸਹਾਰਾ ਬਣਾ ਕੇ ਵਿਚਕਾਰ ਵੱਡਾ ਚੱਕਰ ਪੁਲ਼ੀ ਦੇ ਤੌਰ ਤੇ ਫਿੱਟ ਕਰਕੇ ਤੇਜ਼ ਗਤੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਚੱਕਰ ਤਵਾ ਨੁਮਾ ਦੋ ਫੱਟਾਂ ਨੂੰ ਆਪਸ ਵਿੱਚ ਚਾਰ ਕੁ ਇੰਚ ਦੀ ਦੂਰੀ ਤੇ ਜੋੜ ਕੇ ਬਣਾਇਆ ਜਾਂਦਾ ਹੈ ਜਿਸ ਦੇ ਬਾਹਰੀ ਸਿਰੇ ਤੇ ਵਿਓਂਤ ਕੇ ਲਾਏ ਪੱਛਾਂ ਵਿੱਚ ਧਾਗਾ ਸੂਤਿਆ ਹੁੰਦਾ ਹੈ ਇਸ ਨੂੰ ਕਸਣ ਜਾਂ ਬਾਇੜ ਆਖਦੇ ਹਨ। ਇਸ ਉੱਪਰ ਤੱਕਲੇ ਨੂੰ ਤੇਜ਼ ਘੁਮਾਉਣ ਵਾਲੀ, ਸੂਤ ਦੇ ਹੀ ਜਾਨਦਾਰ ਧਾਗੇ ਦੀ ਮਾਹਲ ਚੜ੍ਹਾਈ ਜਾਂਦੀ ਹੈ ਜੋ ਵੱਡੇ ਚੱਕਰ ਨਾਲ ਚੱਲਕੇ ਤੱਕਲੇ ਨੂੰ ਤੇਜ਼ ਗਤੀ ਦਿੰਦੀ ਹੈ ਜੋ ਕਿ ਵਿਗਿਆਨ ਦਾ ਅਹਿਮ ਨਿਯਮ ਹੈ। ਫੱਟਾਂ ਦੀ ਨਿਸਚਿਤ ਦੂਰੀ ਬਣਾਈ ਰੱਖਣ ਲਈ ਅਤੇ ਇਹਨਾਂ ਨੂੰ ਘੁੰਮਣ ਦੀ ਧੁਰੀ ਵਜੋਂ ਵੇਲਣਕਾਰ ਮਝੇਰੂ ਪਾਇਆ ਜਾਂਦਾ ਹੈ ਜਿਸ ਨਾਲ ਬੈਠ ਕੇ ਚਲਾਉਣ ਵਾਲੇ ਪਾਸੇ ਵਧਵੀਂ ਰੱਖੀ ਲੋਹੇ ਲੱਠ ਦੀ ਬਣੀ ਗੁੱਝ ਵਿੱਚ ਘੁਮਾਉਣ ਲਈ ਸੁਖਾਲ਼ੀ ਪਕੜ ਵਾਲੀ ਲੱਕੜੀ ਦੀ ਹੱਥੀ ਪਾਈ ਹੁੰਦੀ ਹੈ। ਢਾਂਚੇ ਦੇ ਦੂਸਰੇ ਸਿਰੇ ਤੇ ਪਾਵੇ ਨੁਮਾ ਤਿੰਨ ਮੁੰਨੀਆਂ ਸਿੱਧੀ ਫੱਟੀ ਉੱਪਰ ਜੜੀਆਂ ਹੁੰਦੀਆਂ ਹਨ। ਵਿਚਕਾਰਲੀ ਮੁੰਨੀ ਥੋੜਾ ਵੱਡੀ ਹੁੰਦੀ ਹੈ, ਜਿਸ ਦੇ ਉਪਰਲੇ ਸਿਰੇ ਵਿੱਚ ਮਾਹਲ ਦੇ ਤੱਕਲ਼ੇ ਨਾਲ ਸੇਧ ਵਿੱਚ ਚੱਲਣ ਵਾਸਤੇ ਖੜ੍ਹਵੇਂ ਰੁਖ ਲੋੜੀਂਦੇ ਆਕਾਰ ਦਾ ਸੁਰਾਖ ਕੀਤਾ ਹੁੰਦਾ ਹੈ। ਪਾਸਿਆਂ ਵਾਲੀਆਂ ਦੋਨਾਂ ਮੁੰਨੀਆਂ ਵਿੱਚਲੇ ਸੁਰਾਖਾਂ ਵਿੱਚ ਦੋ ਚਰਮਖ਼ਾਂ ਕੱਸ ਕੇ ਲੰਘਾਈਆਂ ਹੁੰਦੀਆਂ ਹਨ। ਚਮੜੇ ਜਾਂ ਕਿਸੇ ਰੇਸ਼ੇਦਾਰ ਪੌਦੇ ਦੇ ਪੱਤਿਆਂ ਨੂੰ ਗੁੰਦ ਕੇ ਬਣਾਈਆਂ ਇਹਨਾਂ ਦੋਹਾਂ ਚਰਮਖ਼ਾਂ ਨੂੰ ਵਿਨ੍ਹਦਾ ਹੋਇਆ ਤੱਕਲ਼ਾ ਲੰਘਾਇਆ ਜਾਂਦਾ ਹੈ। ਤੱਕਲ਼ਾ ਲੋਹੇ ਦੀ ਬਿਲਕੁਲ ਸਿੱਧੀ ਬਰੀਕ ਛੜ ਹੁੰਦੀ ਹੈ ਜੋ ਵਿਚਕਾਰੋਂ ਕੁੱਝ ਮੋਟੀ, ਕਿਨਾਰਿਆਂ ਤੋਂ ਪਤਲੀ ਅਤੇ ਨੋਕਦਾਰ ਹੁੰਦੀ ਹੈ। ਇਸਨੂੰ ਸਟੀਕ ਸਿੱਧਾ ਕਰਨ ਨੂੰ ਤੱਕਲਾ ਰਾਸ ਕਰਨਾ ਕਿਹਾ ਜਾਂਦਾ ਹੈ। ਤੱਕਲੇ ਦੇ ਮਾਮੂਲੀ ਜਿਹਾ ਵਿੰਗਾ ਹੋਣ ਜਾਂ ਵਲ਼ ਪੈ ਜਾਣ ਤੇ ਤੰਦ ਟੁੱਟਣ ਲੱਗ ਜਾਂਦੀ ਹੈ। ਤੱਕਲੇ ਦੇ ਏਸੇ ਗੁਣ ਕਰਕੇ ਕਵੀ ਫਜ਼ਲ ਸ਼ਾਹ ਨੇ ਇਸ ਦੇ ਰਾਹੀਂ ਸੁਖਾਲ਼ੇ ਜੀਵਨ ਨੂੰ ਮਨੁੱਖ ਦੁਆਰਾ ਗੁੰਝਲਦਾਰ ਬਣਾ ਲੈਣ ਦਾ ਬੜਾ ਖੂਬਸੂਰਤ ਵਰਣਨ ਕੀਤਾ ਹੈ:-

ਸਿੱਧਾ ਰਾਸਤਾ ਬੰਦਿਆ ਛੱਡ ਕੇ ਤੇ,

ਰਾਸ ਤ੍ਰੱਕਲੇ ਨੂੰ ਪਾਇਆ ਈ ਵਲ਼ ਯਾਰਾ।

ਵਲੀ ਵਲ਼ ਕਢਾ ਕੇ ਵੱਲ ਹੋ ਗਏ,

ਤੂੰ ਕੀ ਵਲ਼ ਅੰਦਰ ਪਾਇਆ ਵਲ਼ ਯਾਰਾ।

ਤੈਨੂੰ ਵਲ਼ ਕੱਢਣੇ ਦਾ ਵੱਲ ਕੋਈ ਨਾ,

ਜਾਹ ਓਸ ਦੇ ਵੱਲ ਜਿਹਨੂੰ ਵੱਲ ਯਾਰਾ।

ਫਜ਼ਲ ਸ਼ਾਹ ਸਭੇ ਵਲ਼ ਵੱਲ ਹੋਸਣ,

ਜੇ ਸੱਚਾ ਰੱਬ ਹੋਸੀ ਤੇਰੇ ਵੱਲ ਯਾਰਾ।

ਤੱਕਲੇ ਦੇ ਐਨ ਵਿਚਕਾਰ ਵੱਡੀ ਮੁੰਨੀ ਵਿਚਲੇ ਸੁਰਾਖ ਦੇ ਸਾਹਮਣੇ ਕੁੱਝ ਸੂਤ ਦਾ ਧਾਗਾ ਲਪੇਟ ਕੇ ਬੀੜ ਬਣਾਇਆ ਜਾਂਦਾ ਹੈ ਤਾਂ ਕਿ ਇਸ ਉਪਰ ਮਾਲ੍ਹ ਬਿਨਾਂ ਤਿਲ੍ਹਕੇ ਟਿਕ ਕੇ ਚੱਲ ਸਕੇ। ਇਸੇ ਤਰਾਂ ਤੱਕਲੇ ਨੂੰ ਆਸੇ ਪਾਸੇ ਖਿਸਕਣ ਤੋਂ ਰੋਕਣ ਲਈ ਚਰਮਖ਼ਾਂ ਮੁੱਢ ਤੱਕਲੇ ਤੇ ਧਾਗਾ ਲਪੇਟ ਕੇ ਦੋ ਬੀੜੀਆਂ ਵੀ ਪਾਈਆਂ ਜਾਂਦੀਆਂ ਹਨ। ਚਰਖੇ ਦੇ ਸਿੱਧੇ ਪਾਸੇ ਜਿੱਧਰ ਬੈਠ ਕੇ ਕੱਤਿਆ ਜਾਂਦਾ ਹੈ, ਬੀੜੀ ਦੇ ਨਾਲ ਬਾਹਰਲੇ ਪਾਸੇ ਤੱਕਲੇ ਵਿੱਚ ਸੁਰਾਖ ਵਾਲਾ ਪੱਥਰ, ਮਣਕਾ ਜਾਂ ਛੱਲਾ ਜੜਿਆ ਹੁੰਦਾ ਹੈ ਜਿਸ ਨੂੰ ਦਮਕੜਾ ਕਿਹਾ ਜਾਂਦਾ ਹੈ। ਇਹ ਤੰਦ ਨੂੰ ਗਲੋਟੇ ਦੇ ਰੂਪ ਵਿੱਚ ਲਪੇਟਣ ਲਈ ਰੋਕ ਦਾ ਕੰਮ ਕਰਦਾ ਹੈ। ਚਰਖੇ ਦੇ ਇਹਨਾਂ ਹਿੱਸੇ-ਪੁਰਜਿਆਂ ਨੂੰ ਜੜਨ ਵਾਸਤੇ ਬਣਾਏ ਢਾਂਚੇ ਦਾ ਆਕਾਰ ਨਿਸਚਿਤ ਤਾਂ ਭਾਵੇਂ ਨਹੀਂ ਪਰ ਆਮ ਕਰਕੇ ਇਹ ਲੱਗਭੱਗ ਤਿੰਨ ਫੁੱਟ ਦੇ ਕਰੀਬ ਲੰਬਾ, ਡੇਢ ਫੁੱਟ ਦੇ ਕਰੀਬ ਚੌੜਾ ਅਤੇ ਦੋ ਫੁੱਟ ਦੇ ਕਰੀਬ ਉੱਚਾ ਹੁੰਦਾ ਹੈ। ਇਸਦੇ ਬਾਕੀ ਹਿੱਸੇ ਵੀ ਮੁੱਖ ਢਾਂਚੇ ਦੇ ਆਕਾਰ ਨਾਲ ਢੁਕਵੇਂ, ਵੱਡੇ ਜਾਂ ਛੋਟੇ ਹੋ ਸਕਦੇ ਹਨ। ਇਹ ਵੰਨ ਸੁਵੰਨੇ ਰੰਗਾਂ, ਮੇਖਾਂ, ਕੋਕਿਆਂ, ਸ਼ੀਸ਼ਿਆਂ ਆਦਿ ਨਾਲ ਸ਼ਿੰਗਾਰਿਆ ਅਤੇ ਬਾਰੀਕੀ ਨਾਲ ਤਰਾਸ਼ਿਆ ਵੀ ਹੁੰਦਾ ਹੈ। ਚਰਖਾ ਬਣਾਉਣ ਵੇਲੇ ਸ਼ੌਕ ਅਤੇ ਕੀਮਤ ਅਨੁਸਾਰ ਕਲਾਤਮਿਕ ਮੀਨਾਕਾਰੀ ਵੀ ਦੇਖਣ ਨੂੰ ਮਿਲਦੀ ਹੈ।

ਚਰਖੇ ਨੂੰ ਚਲਾਉਣ ਅਤੇ ਸਹੀ ਢੰਗ ਨਾਲ ਧਾਗਾ ਜਾਂ ਸੂਤ ਕੱਤਣ ਲਈ ਵੀ ਲਗਨ ਅਤੇ ਹੁਨਰ ਦੀ ਲੋੜ ਹੁੰਦੀ ਹੈ। ਅਜੋਕੇ ਤਕਨੀਕੀ ਕੰਮ ਸਿੱਖਣ ਵਾਂਗ ਪੁਰਾਣੇ ਸਮਿਆਂ ਵਿੱਚ ਅਜਿਹੇ ਸਭ ਘਰੇਲੂ ਕੰਮ ਸਿੱਖਣ ਲਈ ਖਾਸ ਲਗਨ ਦੀ ਲੋੜ ਹੁੰਦੀ ਸੀ ਅਤੇ ਇਸ ਸਭ ਦੀ ਮੁੱਢਲੀ ਪਾਠਸ਼ਾਲਾ ਸਾਂਝੇ ਪਿੜ ਜਾਂ ਤ੍ਰਿੰਞਣ ਹੀ ਹੁੰਦੇ ਸਨ। ਸਭ ਤੋਂ ਪਹਿਲਾਂ ਪਿੰਜੀ ਹੋਈ ਰੂੰ ਨੂੰ ਸਰਕੜੇ ਦੇ ਕਾਨੇ ਜਾਂ ਮੋਰ ਦੇ ਖੰਭ ਦੇ ਟੋਟੇ ਤੇ ਵੇਲ ਕੇ ਪੂਣੀਆਂ ਵੱਟੀਆਂ ਜਾਂਦੀਆਂ ਸਨ, ਫਿਰ ਚਰਖੇ ਦੇ ਸਿੱਧੇ ਪਾਸੇ ਬੈਠ ਕੇ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਹੱਥੀ ਨੂੰ ਘੁਮਾ ਕੇ, ਤੱਕਲੇ ਦੀ ਚਾਲ ਬਣਾ ਕੇ ਅਤੇ ਖੱਬੇ ਹੱਥ ਨਾਲ ਪੂਣੀ ਦੇ ਇੱਕ ਸਿਰੇ ਨੂੰ ਉਂਗਲਾਂ ਅਤੇ ਅੰਗੂਠੇ ਦੀ ਦਾਬ ਦੇ ਕੇ ਘੁੰਮਦੇ ਤੱਕਲੇ ਦੀ ਨੋਕ ਨਾਲ ਛੁਹਾ ਕੇ ਲੰਬੀ ਤੰਦ ਬਣਾਈ ਜਾਂਦੀ ਹੈ। ਇੱਕ ਇੱਕ ਪੂਣੀ ਨੂੰ ਲੋੜੀਂਦੀ ਮੋਟਾਈ ਅਨੁਸਾਰ ਤੱਕਲੇ ਤੇ ਤੰਦ ਪਾ ਕੇ ਗਲੋਟਾ ਬਣਾਇਆ ਜਾਂਦਾ ਸੀ ਇਸ ਤੋਂ ਅੱਗੇ ਅਟੇਰਨ, ਸੂਤਣ ਜਾਂ ਰੰਗਣ ਦੇ ਕਾਰਜ ਇਸ ਦੀ ਵਰਤੋਂ ਦੇ ਲਿਹਾਜ਼ ਨਾਲ ਕਰ ਲਏ ਜਾਂਦੇ ਸਨ। ਇਸੇ ਧਾਗੇ ਤੋਂ ਅੱਗੇ ਸੂਤ, ਖੱਦਰ, ਖੇਸ, ਦੋਲੇ ਜਾਂ ਦਰੀਆਂ ਆਦਿ ਬਣਾਏ ਜਾਂਦੇ ਸਨ। ਕੱਪੜੇ ਸਬੰਧੀ ਲੋੜਾਂ ਦੀ ਪੂਰਤੀ ਲਈ ਚਰਖਾ ਕੱਤਣਾ ਮੁੱਖ ਆਹਰ ਵਿੱਚ ਸ਼ਾਮਿਲ ਸੀ, ਇਸ ਕਰਕੇ ਕੱਤਣ ਨੂੰ ਦਿਲਚਸਪ ਬਣਾਉਣ ਲਈ ਔਰਤਾਂ ਅਤੇ ਕੁੜੀਆਂ ਦਾ ਇਕੱਠੀਆਂ ਹੋ ਕੇ ਰਾਤ ਕੱਤਣੀ ਰਾਹੀਂ ਵਧੇਰੇ ਸਮਾਂ ਦੇਣ ਦੀ ਰਵਾਇਤ ਵੀ ਰਹੀ ਹੈ। ਚਰਖਾ ਕੰਮ ਦੇ ਨਾਲ ਚੰਗੀ ਵਰਜਿਸ਼ ਵੀ ਸੀ ਅਤੇ ਛੋਪ ਪਾ ਕੇ ਜਾਂ ਸ਼ਰਤਾਂ ਲਗਾ ਕੇ ਆਪਸੀ ਮੁਕਾਬਲੇ ਵੀ ਹੁੰਦੇ ਸਨ। ਔਰਤਾਂ ਵਿੱਚ ਤੇਜੀ ਨਾਲ ਕੱਤਣ ਵਾਲੀ ਦਾ ਵੱਧ ਸਨਮਾਨ ਹੁੰਦਾ ਸੀ।

ਚਰਖੇ ਦੀ ਵਰਤੋਂ ਦਾ ਇਤਿਹਾਸ ਹਜਾਰਾਂ ਸਾਲ ਪੁਰਾਣਾ ਅਤੇ ਬਹੁਤ ਦਿਲਚਸਪ ਹੈ। ਕੱਪੜੇ ਅਤੇ ਪਹਿਰਾਵੇ ਦਾ ਮੁੱਢ ਧਾਗੇ ਤੋਂ, ਧਾਗੇ ਦਾ ਮੁੱਢ ਚਰਖੇ ਤੋਂ ਅਤੇ ਚਰਖੇ ਦਾ ਮੁੱਢ ਨੋਕਦਾਰ ਕੀਲੀ ਭਾਵ ਡੰਡੀ ਤੋਂ ਬੱਝਿਆ। ਪੱਥਰ ਯੁੱਗ ਵਿੱਚ ਰੂੰ, ਬਨਸਪਤੀ ਦੇ ਰੇਸ਼ੇ ਅਤੇ ਪਸ਼ੂਆਂ ਦੇ ਵਾਲ਼ਾਂ ਨੂੰ ਕਸ ਕੇ ਵਟ ਦੇ ਕੇ ਬਰੀਕ ਧਾਗੇ ਦਾ ਰੂਪ ਦੇਣ ਵਾਸਤੇ ਲੱਕੜ ਜਾਂ ਕਿਸੇ ਹੋਰ ਵਸਤੂ ਦੀ ਤਿੱਖੀ ਨੋਕ ਵਾਲੀ ਬਰੀਕ ਤੀਲੀ ਨੁਮਾ ਡੰਡੀ ਨੂੰ ਹੱਥ ਨਾਲ ਘੁਮਾ ਕੇ ਰੇਸ਼ੇ ਨੂੰ ਵਟ ਦੇ ਕੇ ਰੱਸੀ ਦੀ ਤਰਜ ਤੇ ਧਾਗਾ ਬਣਾਇਆ ਜਾਂਦਾ ਰਿਹਾ। ਇਸ ਦੀ ਵਰਤੋਂ ਦੇ ਚਿੰਨ ਮਿਸਰ ਅਤੇ ਯੂਨਾਨੀ ਸਭਿਅਤਾ ਦੇ ਮਿੱਟੀ ਦੇ ਬਰਤਨਾਂ ਉੱਪਰ ਮਿਲਦੇ ਹਨ ਅਤੇ ਲਿਖਤੀ ਰੂਪ ਵਿੱਚ ਰੋਮਨ ਲੇਖਕਾਂ ਮਾਰਕਸ ਕੇਟੋ (Marcus Porcius Cato) ਮੌਡਰੇਟਸ ਕੌਲੁਮਿਲਾ (Lucius Junius Moderatus Columella) ਅਤੇ ਵਸਤੂਕਾਰ ਵਿਟਰੁਵਿਸ (Vitruvius) ਨੇ ਹੱਥ-ਡੰਡੀ ਦੀ ਵਰਤੋਂ ਦਾ ਜਿਕਰ ਕੀਤਾ ਹੈ। ਵਟ ਦੇਣ ਵਾਲੀ ਕੀਲੀ ਨੂੰ ਵੱਡੇ ਚੱਕਰ ਨਾਲ ਜੋੜ ਕੇ ਗਤੀ ਵਧਾ ਦੇਣ ਵਾਲੇ ਚਰਖੇ ਦੀ ਵਰਤੋਂ ਦੀ ਸ਼ੁਰੂਆਤ ਦਾ ਜਿਆਦਾਤਰ ਇਸ਼ਾਰਾ ਚਾਰ ਖਿੱਤਿਆਂ ਇਰਾਨ, ਚੀਨ, ਭਾਰਤ ਜਾਂ ਯੂਰਪ ਵੱਲ ਮਿਲਦਾ ਹੈ। ਇਹਨਾਂ ਵਿੱਚੋਂ ਕਿਹੜੇ ਖਿੱਤੇ ਵਿੱਚੋਂ ਸ਼ੁਰੂ ਹੋ ਕੇ ਕਿਹੜੇ ਖਿੱਤੇ ਵੱਲ ਚਰਖੇ ਦੀ ਵਰਤੋਂ ਦਾ ਸਫ਼ਰ ਕਿਵੇਂ ਅਤੇ ਕਦੋਂ ਹੋਇਆ, ਇਸ ਬਾਰੇ ਇਤਹਾਸਕਾਰ ਇੱਕ ਮੱਤ ਨਹੀਂ ਹਨ। ਚਰਖੇ ਦੀ ਖੋਜ਼, ਕਾਢ ਜਾਂ ਆਰੰਭਤਾ ਬਾਰੇ ਕੋਈ ਠੋਸ ਸਬੂਤ ਤਾਂ ਨਹੀਂ ਮਿਲਦੇ ਪਰ ਇਸ ਦੀ ਵਰਤੋਂ ਦੀ ਸ਼ੁਰੂਆਤ ਅਮਰੀਕੀ ਵਿਦਵਾਨ ਸੀ ਵੇਨੀ ਸਮਿੱਥ (C Wayne Smith) ਅਤੇ ਜੇ ਟੌਮ ਕੌਥਰਨ (J. Tom Cothren) ਸਮੇਤ ਬਹੁ ਗਿਣਤੀ ਇਤਿਹਾਸਕਾਰ 500 ਤੋਂ 1000 ਈਸਵੀ ਦੇ ਦਰਮਿਆਨ ਭਾਰਤ ਖਿੱਤੇ ਵਿੱਚ ਹੋਈ ਮੰਨਦੇ ਹਨ। ਤਕਨਾਲੋਜੀ ਵਿਧਾ ਦੇ ਬਰਤਾਨਵੀ ਲੇਖਕ ਅਰਨੌਲਡ ਪੇਸੀ (Arnold Pacey) ਚਰਖੇ ਦੀ ਵਰਤੋਂ ਇਸਲਾਮੀ ਦੁਨੀਆਂ ਨਾਲ ਜੋੜਦੇ ਹਨ। ਚਰਖੇ ਦਾ ਪਹਿਲਾ ਚਿੱਤਰ ਵੀ ਬਸਰਾ ਦੇ ਅਰਬੀ ਕਵੀ ਅਤੇ ਵਿਦਵਾਨ ਅਲ ਹਾਰੀਰੀ (Al-Hariri) ਦੀ 1237 ਵੇਲੇ ਦੀ ਕਿਤਾਬ ਦੇ ਚਿੱਤਰਾਂ ਵਿੱਚ ਮਿਲਦਾ ਹੈ ਜੋ ਇਸ ਦੀ ਬਗਦਾਦ ਵਿੱਚ ਮੌਜੂਦਗੀ ਦੀ ਗਵਾਹੀ ਭਰਦਾ ਹੈ। ਭਾਰਤ ਵਿੱਚ ਜਨਮੇ ਅਮਰੀਕੀ ਵਿਦਵਾਨ ਜੇ ਐਮ ਕਿਨੌਇਰ (J.M Kenoyer ) ਸਮੇਤ ਕਈ ਹੋਰ ਪੁਰਾਤਤਵ ਖੋਜ਼ਕਾਰ ਮਿੱਟੀ ਉੱਪਰ ਕੱਸ ਕੇ ਬਣਾਏ ਧਾਗੇ ਦੇ ਮਿਲੇ ਨਿਸ਼ਾਨਾਂ ਦੇ ਅਧਾਰ ਤੇ ਚਰਖੇ ਦਾ ਕਾਢ ਸਥਾਨ ਸਿੰਧੂ ਘਾਟੀ ਨੂੰ ਮੰਨਦੇ ਹਨ। ਕੰਨੜ ਕਵੀ ਰੇਮਾਵੇ (Remmavve) ਵਲੋਂ ਵੀ ਬਾਹਰਵੀਂ ਸਦੀ ਵਿੱਚ ਚਰਖੇ ਦੇ ਪੁਰਜਿਆਂ ਦਾ ਜਿਕਰ ਮਿਲਦਾ ਹੈ। ਬਹੁਤ ਸਾਰੇ ਵਿਦਵਾਨਾਂ, ਇਤਿਹਾਸਕਾਰਾਂ ਅਤੇ ਖੋਜ਼ਕਾਰਾਂ ਦੇ ਵਿਚਾਰਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਚਰਖੇ ਦਾ ਪ੍ਰਯੋਗ ਗਿਆਰਵੀਂ ਸਦੀ ਤੋਂ ਸ਼ੁਰੂ ਹੋਇਆ ਅਤੇ ਇਹ ਤੇਹਰਵੀਂ ਸਦੀ ਤੱਕ ਉਪਰੋਕਤ ਖੇਤਰਾਂ ਵਿੱਚ ਕਾਫੀ ਵਿਕਸਿਤ ਹੋ ਚੁੱਕਾ ਸੀ। ਇਸ ਤੋਂ ਬਾਅਦ ਇਹ ਹੋਰ ਦੇਸ਼ਾਂ ਵਿੱਚ ਗਿਆ ਅਤੇ ਅਗਲੇਰਾ ਵਿਕਾਸ ਕੀਤਾ ਅਤੇ ਪੰਦਰਵੀਂ ਸਦੀ ਤੱਕ ਖਾਦੀ ਉਦਯੋਗ ਪੂਰੇ ਜੋਰਾਂ ਤੇ ਪਹੁੰਚ ਚੁੱਕਾ ਸੀ।

ਵੱਖ ਵੱਖ ਖੇਤਰਾਂ, ਸਮਿਆਂ ਅਤੇ ਜਰੂਰਤਾਂ ਅਨੁਸਾਰ ਚਰਖੇ ਦੀ ਬਣਤਰ ਦੇ ਵੀ ਕਈ ਰੂਪ ਪ੍ਰਚੱਲਿਤ ਰਹੇ ਸਨ ਜਿਵੇਂ ਖੜ੍ਹਵੇ ਰੁਖ਼ ਅਤੇ ਲੇਟਵੇਂ ਰੁਖ਼ ਚੱਕੇ ਵਾਲਾ ਹੱਥ ਨਾਲ ਚੱਲਣ ਵਾਲਾ ਚਰਖਾ। ਇਸ ਤੋਂ ਬਿਨਾਂ ਵਡੇਰੇ ਚੱਕਰ ਵਾਲਾ, ਟੋਕੇ ਵਾਲੀ ਮਸ਼ੀਨ ਵਾਂਗ ਉੱਚੇ ਢਾਂਚੇ ਤੇ ਜੜਿਆ, ਬੈਠਣ ਵਾਲੇ ਸਾਧਨ ਤੇ ਬਹਿ ਕੇ ਚਲਾਉਣ ਵਾਲਾ ਅਤੇ ਪੈਰਾਂ ਨਾਲ ਚੱਲਣ ਵਾਲਾ ਚਰਖਾ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਵਰਤਿਆ ਜਾਂਦਾ ਰਿਹਾ ਹੈ ਇਸ ਨੂੰ ਚਲਾਉਂਦੇ ਸਮੇਂ ਦੋਨੋਂ ਹੱਥ ਖਾਲੀ ਹੋਣ ਕਾਰਨ ਦੋਹਰਾ ਕੰਮ ਕੀਤਾ ਜਾ ਸਕਦਾ ਸੀ। ਸਮੇਂ ਦੀ ਚਾਲ ਨਾਲ ਚਰਖੇ ਦੇ ਹੋਰ ਵੀ ਕਈ ਰੂਪ ਵਿਕਸਿਤ ਹੋਏ ਜਿਹਨਾਂ ਤੋਂ ਅੱਗੇ ਚੱਲ ਕੇ ਧਾਗਾ ਅਤੇ ਕੱਪੜਾ ਉਦਯੋਗ ਦੀ ਸ਼ੁਰੂਆਤ ਅਤੇ ਵਿਕਾਸ ਹੋਇਆ। ਇਸ ਵਿਕਾਸ ਦੇ ਲੰਬੇ ਪਰ ਥੋੜ੍ਹੇ ਸਮੇਂ ਵਿੱਚ ਤਹਿ ਕੀਤੇ ਸਫ਼ਰ ਦਾ ਅਗਲਾ ਪੜਾਅ ਵਾਟਰ ਫ਼ਰੇਮ ਸੀ ਜੋ ਪਣ ਸ਼ਕਤੀ ਨਾਲ ਚੱਲਦੀ ਸੀ। ਬਰਤਾਨੀਆਂ ਦੇ ਲਿਊਇਸ ਪੌਲ (Lewis Paul) ਅਤੇ ਜੋਹਨ ਵਾਟ (John Wyatt) ਨੇ ਬੁਣਕਾਰੀ ਨੂੰ ਹੋਰ ਮਜ਼ਬੂਤ ਬਣਾਉਣ ਤੇ ਕੰਮ ਕੀਤਾ। ਅੰਗਰੇਜ਼ ਵਿਗਿਆਨੀ ਰਿਚਰਡ ਆਰਕ ਰਾਈਟ (Richard Arkwright) ਅਤੇ ਜੇਮਸ ਹਾਰਗ੍ਰੀਵਜ (James Hargreaves) ਨੇ ਵੀ ਵਾਟਰ ਫ਼ਰੇਮ, ਸਪਿੱਨਿੰਗ ਜੈੱਨੀ ਅਤੇ ਸਪਿੱਨਿੰਗ ਮਿਊਲ ਤੇ ਬਹੁਤ ਕੰਮ ਕੀਤਾ ਅਤੇ ਕਤਾਈ-ਬੁਣਾਈ ਦੀ ਗਤੀ ਵਧਾ ਕੇ ਇਹਨਾਂ ਨੇ ਹੀ ਬੁਣਕਾਰੀ ਅਤੇ ਇਹਨਾਂ ਯੰਤਰਾਂ ਨੂੰ ਵਪਾਰਕ ਸਫ਼ਰ ਦੇ ਪੰਧ ਤੇ ਪਾ ਦਿੱਤਾ। ਚਰਖੇ ਨੇ ਆਪਣੇ ਵਿਕਾਸ ਦੀ ਤਕਨੀਕੀ ਲੜੀ ਨੂੰ ਉਦਯੋਗਿਕ ਕ੍ਰਾਂਤੀ ਦੇ ਹਵਾਲੇ ਕਰਦਿਆਂ ਅਗਲੀ ਪੁਲਾਂਘ ਐਡਮੰਡ ਕਾਰਟਰਾਈਟ ( Edmund Cartwright ) ਰਾਹੀਂ ਪਾਵਰ ਲੂਮ ਦੇ ਰੂਪ ਵਿੱਚ ਪੁੱਟੀ, ਜਿਸ ਤੋਂ ਬਾਅਦ ਚਰਖਾ ਆਪਣੇ ਵਿਕਾਸ, ਸੋਧ, ਉਤਪਾਦਕਤਾ ਅਤੇ ਵਪਾਰਕਤਾ ਨੂੰ ਮਸ਼ੀਨਰੀ ਦੇ ਸਪੁਰਦ ਕਰ ਵਿਹਲਾ ਹੁੰਦਾ ਚਲਾ ਗਿਆ ਅਤੇ ਆਪਣੇ ਵਡਮੁੱਲੇ ਕਾਰਜ ਉਦਯੋਗ ਦੇ ਨਾਂ ਵਸੀਅਤ ਕਰ ਸੇਵਾ ਮੁਕਤ ਹੋ ਕੇ ਖੁਦ ਘਰਾਂ ਦੇ ਖੂੰਜਿਆਂ, ਪੜਛੱਤੀਆਂ ਅਤੇ ਅਜਾਇਬ ਘਰਾਂ ਵਿੱਚ ਗੁੰਮਨਾਮ ਜਿਹਾ ਹੋ ਗਿਆ। ਕੋਈ ਵਿਰਲਾ ਹੀ ਘਰ ਹੋਵੇਗਾ ਜਿਸ ਵਿੱਚ ਇਹ ਵਿਰਾਸਤ ਦੇ ਰੂਪ ਵਿੱਚ ਸਾਂਭ-ਸਜ਼ਾ ਕੇ ਰੱਖਿਆ ਹੋਵੇਗਾ। ਆਧੁਨਿਕ ਟੈਕਸਟਾਈਲ ਦੇ ਪਿਤਾਮਾ ਇਸ ਚਰਖੇ ਨੂੰ ਅੱਜ ਕੱਲ੍ਹ ਸਟੇਜਾਂ ਉੱਤੇ ਜਾਂ ਪ੍ਰਦਰਸਨੀਆਂ ਵਿੱਚ ਇੱਕ ਸਭਿਆਚਾਰਕ ਚਿੰਨ ਵਜੋਂ ਦੇਖਿਆ ਜਾਂਦਾ ਹੈ ਅਤੇ ਇਸਨੂੰ ਕਹਾਣੀਆਂ, ਗੀਤਾਂ, ਬੋਲੀਆਂ, ਤਸਵੀਰਾਂ ਅਤੇ ਯਾਦਾਂ ਵਿੱਚ ਹਾਲੇ ਵੀ ਸਨਮਾਨ ਸਹਿਤ ਅਕਸਰ ਯਾਦ ਕੀਤਾ ਜਾਂਦਾ ਹੈ।    

ਇਤਿਹਾਸ

ਹੈਂਡ ਲੂਮ ਅਜੇ ਵੀ ਪੇਂਡੂ ਖੇਤਰਾਂ ਵਿਚ ਧਾਗੇ ਅਤੇ ਕਪੜੇ ਬੁਣਨ ਲਈ ਵਰਤਿਆ ਜਾਂਦਾ ਹੈ

ਚਰਖ਼ੇ ਦੇ ਸਾਫ਼ ਚਿੱਤਰ ਸਭ ਤੋਂ ਪਹਿਲੀ ਵਾਰ ਬਗਦਾਦ(1234),[1] ਚੀਨ(1270) ਅਤੇ ਯੂਰਪ(1280) ਵਿੱਚ ਮਿਲਦੇ ਹਨ ਅਤੇ ਇਸ ਗੱਲ ਦਾ ਸਬੂਤ ਹੈ ਕਿ 11ਵੀਂ ਸਦੀ ਵਿੱਚ ਇਹ ਚੀਨ ਅਤੇ ਇਸਲਾਮੀ ਦੁਨੀਆਂ ਵਿੱਚ ਵਰਤਿਆ ਜਾਣਾ ਸ਼ੁਰੂ ਹੋ ਗਿਆ ਸੀ। ਇਰਫ਼ਾਨ ਹਬੀਬ ਦੇ ਅਨੁਸਾਰ ਭਾਰਤ ਵਿੱਚ ਚਰਖ਼਼ਾ ਇਰਾਨ ਵਿੱਚੋਂ 13ਵੀਂ ਸਦੀ ਵਿੱਚ ਆਇਆ।[2]

ਚਰਖ਼ੇ ਨਾਲ ਸੂਤ ਕੱਤ ਕੇ ਦਰੀਆਂ ਤੇ ਖੇਸ ਬਣਾਏ ਜਾਂਦੇ ਹਨ। ਚਰਖ਼ਾ ਪਹਿਲਾਂ ਕੁੜੀਆਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਸਹੁਰੇ ਘਰ ਧੀ ਜਦੋਂ ਉਦਾਸ ਹੁੰਦੀ ਤਾਂ ਚਰਖ਼ਾ ਦੇਖ ਕੇ ਆਪਣੀ ਮਾਂ ਨੂੰ ਯਾਦ ਕਰ ਲੈਂਦੀ ਤੇ ਫਿਰ ਬੋਲੀਆਂ ਪਾ ਕੇ ਮਾਂ ਦੀ ਯਾਦ ਤਾਜ਼ਾ ਕਰਦੀ।

ਪੰਜਾਬੀ ਲੋਕਧਾਰਾ ਵਿੱਚ

ਮਾਂ ਮੇਰੀ ਮੈਨੂੰ ਚਰਖਾ ਦਿਤਾ,
ਵਿੱਚ ਲਵਾਈਆਂ ਮੇਖਾਂ।
ਮਾਂ ਤੈਨੂੰ ਯਾਦ ਕਰਾਂ,
ਜਦ ਚਰਖੇ ਵਾਲ ਵੇਖਾਂ।

ਹਵਾਲੇ

  1. Image of a spinning wheel in: Al-Hariri, Al-Maqamat (les Séances). Painted by Yahya ibn Mahmud al-Wasiti, Baghdad, 1237 See: Spinning, History & Gallery [1] (retrieved March 4, 2013)
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named MIT
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya