ਲਿਨਅਕਸ ਕਰਨਲ ( LIN-uks[5][6] ਅਤੇ ਕਦੇ-ਕਦੇ LYN-uks[6][7]) ਇੱਕ ਯੂਨਿਕਸ-ਵਰਗਾ ਕੰਪਿਊਟਰ ਆਪਰੇਟਿੰਗ ਸਿਸਟਮ ਕਰਨਲ ਹੈ। ਲਿਨਅਕਸ ਕਰਨਲ ਦੁਨੀਆਂ ਭਰ ਵਿੱਚ ਵਰਤਿਆ ਜਾਣ ਵਾਲ਼ਾ ਆਪਰੇਟਿੰਗ ਸਿਸਟਮ ਕਰਨਲ ਹੈ। ਲਿਨਅਕਸ ਆਪਰੇਟਿੰਗ ਸਿਸਟਮ, ਅਤੇ ਸਮਾਰਟਫ਼ੋਨ ਅਤੇ ਟੈਬਲਟ ਕੰਪਿਊਟਰਾਂ ਲਈ ਵਰਤਿਆ ਜਾਣ ਵਾਲ਼ਾ ਐਂਡ੍ਰਾਇਡ ਆਪਰੇਟਿੰਗ ਸਿਸਟਮ ਲਿਨਅਕਸ ਕਰਨਲ ’ਤੇ ਹੀ ਅਧਾਰਤ ਹੈ।
ਲਿਨਅਕਸ ਕਰਨਲ ਨੂੰ 1991 ਵਿੱਚ ਇੱਕ ਫ਼ਿਨਿਸ਼ ਕੰਪਿਊਟਰ ਸਾਇੰਸ ਵਿਦਿਆਰਥੀ ਲੀਨਸ ਤੂਰਵਲਦਸ ਨੇ[8] ਆਪਣੇ ਨਿੱਜੀ ਕੰਪਿਊਟਰ ਲਈ ਬਣਾਇਆ ਸੀ। ਅੱਗੇ ਚੱਲ ਕੇ ਇਹ ਕਿਸੇ ਵੀ ਹੋਰ ਕਰਨਲ ਤੋਂ ਜ਼ਿਆਦਾ ਮਸ਼ਹੂਰ ਹੋਇਆ।
ਲਿਨਕਸ 1,200 ਤੋਂ ਵੱਧ ਕੰਪਨੀਆਂ ਦੇ ਕਰੀਬ 12,000 ਪ੍ਰੋਗਰਾਮਰਾਂ ਤੋਂ ਯੋਗਦਾਨ ਲੈ ਚੁੱਕਾ ਹੈ ਜਿੰਨ੍ਹਾਂ ਵਿੱਚ ਕਈ ਵੱਡੇ ਅਤੇ ਨਾਮੀ ਸਾਫ਼ਟਵੇਅਰ ਵਿਕਰੇਤਾ ਵੀ ਸ਼ਾਮਲ ਹਨ।
ਦੁਨੀਆ-ਭਰ ਵਿਚਲੇ ਯੋਗਦਾਨੀਆਂ ਦਾ ਬਣਾਇਆ ਲਿਨਅਕਸ ਕਰਨਲ ਆਜ਼ਾਦ ਅਤੇ ਖੁੱਲ੍ਹਾ-ਸਰੋਤ ਸਾਫ਼ਟਵੇਅਰ ਦੀ ਬਹੁਤ ਵਧੀਆ ਮਿਸਾਲ ਹੈ। ਲਿਨਅਕਸ ਕਰਨਲ ਗਨੂ ਜਨਰਲ ਪਬਲਿਕ ਲਾਇਸੰਸ ਵਰਜਨ 2 ਤਹਿਤ ਜਾਰੀ ਕੀਤਾ ਗਿਆ ਹੈ ਜਦਕਿ ਕਈ ਹਿੱਸੇ ਹੋਰਨਾਂ ਗ਼ੈਰ-ਆਜ਼ਾਦ ਲਾਇਸੰਸਾਂ ਤਹਿਤ ਵੀ ਜਾਰੀ ਕੀਤੇ ਗਏ ਹਨ।
ਇਤਿਹਾਸ
ਅਪਰੈਲ 1991 ਵਿੱਚ ਫ਼ਿਨਲੈਂਡ ਦੀ ਯੂਨੀਵਰਸਿਟੀ ਆਫ਼ ਹੈਲਸਿੰਕੀ ਦੇ ਇੱਕ 21 ਸਾਲਾ ਵਿਦਿਆਰਥੀ ਨੇ ਇੱਕ ਆਪਰੇਟਿੰਗ ਸਿਸਟਮ ਦੀਆਂ ਕੁਝ ਸਰਲ ਜੁਗਤਾਂ ’ਤੇ ਕੰਮ ਕਰਨਾ ਸ਼ੁਰੂ ਕੀਤਾ।
ਸਿਤੰਬਰ 1991 ਵਿੱਚ ਲਿਨਅਕਸ ਦਾ 0.01 ਵਰਜਨ ਫ਼ਿਨਿਸ਼ ਯੂਨੀਵਰਸਿਟੀ ਐਂਡ ਰਿਸਰਚ ਨੈੱਟਵਰਕ ਦੇ ਫ਼ਾਇਲ ਟ੍ਰਾਂਸਫ਼ਰ ਸਰਵਰ ’ਤੇ ਰਿਲੀਜ਼ ਹੋਇਆ। ਇਸ ਦਾ ਕੋਡ 10,239 ਸਤਰਾਂ ਦਾ ਸੀ। ਉਸੇ ਸਾਲ ਅਕਤੂਬਰ ਵਿੱਚ ਲਿਨਅਕਸ ਦਾ 0.02 ਵਰਜਨ ਜਾਰੀ ਹੋਇਆ। ਦਿਸੰਬਰ 1991 ਵਿੱਚ ਵਰਜਨ 0.11 ਜਾਰੀ ਹੋਇਆ ਅਤੇ ਫ਼ਰਵਰੀ 1992 ਵਿੱਚ ਵਰਜਨ 0.12 ਦੀ ਰਿਲੀਜ਼ ਦੇ ਨਾਲ਼ ਹੀ ਤੂਰਵਲਦਸ ਨੇ ਗਨੂ ਜਨਰਲ ਪਬਲਿਕ ਲਾਇਸੰਸ ਅਪਣਾ ਲਿਆ।
ਹਵਾਲੇ