ਵਾਕੰਸ਼

ਆਮ ਬੋਲ-ਚਾਲ ਦੀ ਭਾਸ਼ਾ ਵਿੱਚ, ਵਾਕੰਸ਼ (ਅੰਗਰੇਜ਼ੀ:Phrase) ਸ਼ਬਦਾਂ ਦੇ ਸਮੂਹ ਨੂੰ ਕਿਹਾ ਜਾ ਸਕਦਾ ਹੈ। ਵਾਕ ਵਿੱਚ ਵਰਤੇ ਗਏ ਵਿਆਕਰਨਿਕ ਵਰਗ (ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਨਾਂਵ, ਪੜਨਾਂਵ, ਸੰਬੰਧਕ, ਯੋਜਕ ਅਤੇ ਵਿਸਮਿਕ) ਦੇ ਸੂਚਕ ਸ਼ਬਦ ਜਾਂ ਸ਼ਬਦ-ਸਮੂਹ ਵਾਕੰਸ਼ ਕਹਾਉਂਦੇ ਹਨ।

ਭਾਸ਼ਾ ਵਿਗਿਆਨ ਵਿੱਚ, ਵਾਕੰਸ਼ ਸ਼ਬਦਾਂ ਦਾ ਉਹ ਸਮੂਹ (ਕਦੇ-ਕਦੇ ਇੱਕ ਸ਼ਬਦ) ਹੈ ਜੋ ਇੱਕ ਵਾਕ ਦੀ ਵਾਕ-ਰਚਨਾ ਵਿੱਚ ਇੱਕ ਇਕਾਈ ਵਜੋਂ ਕਾਰਜ ਕਰੇ।[1]

ਪਰਿਭਾਸ਼ਾ

ਵਾਕ ਵਿੱਚ ਵਰਤੇ ਗਏ ਵਿਆਕਰਨਿਕ ਵਰਗ (ਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ) ਦੇ ਸੂਚਕ ਸ਼ਬਦ ਜਾਂ ਸ਼ਬਦ-ਸਮੂਹ ਨੂੰ ਵਾਕੰਸ਼ ਕਿਹਾ ਜਾਂਦਾ ਹੈ।

ਵਾਕੰਸ਼ ਉਪਵਾਕ ਤੋਂ ਛੋਟੀ ਅਤੇ ਸ਼ਬਦ ਤੋਂ ਵੱਡੀ ਵਿਆਕਰਨਿਕ ਇਕਾਈ ਹੈ। ਇੱਕ ਸ਼ਬਦ ਸਮੂਹ ਨੂੰ, ਜੋ ਵਿਆਕਰਨਿਕ ਪੱਧਰ 'ਤੇ ਇੱਕ ਸ਼ਬਦ ਦੇ ਬਰਾਬਰ ਦਾ ਕਾਰਜ ਨਿਭਾਉਂਦਾ ਹੋਵੇ, ਵਾਕੰਸ਼ ਕਿਹਾ ਗਿਆ ਹੈ।

ਹੇਠਾਂ ਦਿੱਤੇ ਵਾਕ ਵੇਖੋ-

  1. ਕਾਕਾ ਰੋਇਆ।
  2. ਨਿੱਕਾ ਕਾਕਾ ਰੋਇਆ।
  3. ਸਾਡਾ ਨਿੱਕਾ ਕਾਕਾ ਰੋਇਆ।
  4. ਕਾਕਾ ਬਹੁਤ ਰੋਇਆ।
  5. ਕਾਕਾ ਅੱਜ ਬਹੁਤ ਰੋਇਆ ਸੀ।

ਪਹਿਲੇ ਵਾਕ ਵਿੱਚ ਦੋ ਸ਼ਬਦ ਸੀ। 'ਕਾਕਾ' ਨਾਂਵ ਹੈ, ਪਰ 'ਰੋਇਆ' ਕਿਰਿਆ। 'ਕਾਕਾ' ਨਾਂਵ ਵਾਕੰਸ਼ ਹੈ 'ਤੇ 'ਰੋਇਆ' ਕਿਰਿਆ ਵਾਕੰਸ਼। ਦੂਜੇ ਵਾਕ ਵਿੱਚ 'ਰੋਇਆ' ਤੋਂ ਪਹਿਲਾਂ ਦੋ ਸ਼ਬਦ ਅਤੇ ਤੀਜੇ ਵਿੱਚ ਤਿੰਨ ਸ਼ਬਦ ਹਨ। ਨਾਂਵ ਵਰਗ ਦਾ ਕਾਰਜ ਹੀ ਨਿਭਾ ਰਹੇ ਹਨ। ਇਸ ਕਰਕੇ ਇਹ ਨਾਂਵ ਵਾਕੰਸ਼ ਹਨ। ਚੌਥੇ ਵਾਕ ਵਿੱਚ ਦੋ ਸ਼ਬਦ 'ਬਹੁਤ ਰੋਇਆ' ਅਤੇ ਪੰਜਵੇਂ ਵਿੱਚ ਪੰਜ ਸ਼ਬਦ 'ਅੱਜ ਸਵੇਰੇ ਬਹੁਤ ਰੋਇਆ ਸੀ' ਕਿਰਿਆ ਵਰਗ ਦਾ ਕਾਰਜ ਨਿਭਾਉਂਦੇ ਹਨ, ਇਸ ਕਰਕੇ ਉਹ ਕਿਰਿਆ ਵਾਕੰਸ਼ ਹਨ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਵਿਆਕਰਨਿਕ ਵਰਗਾਂ ਦੀਆਂ ਜਿੰਨੀਆਂ ਕਿਸਮਾਂ ਹਨ, ਓਨੀਆਂ ਕਿਸਮਾਂ ਦੇ ਹੀ ਵਾਕੰਸ਼ ਬਣ ਸਕਦੇ ਹਨ, ਜਿਵੇਂ ਨਾਂਵ ਵਾਕੰਸ਼, ਵਿਸ਼ੇਸ਼ਣ ਵਾਕੰਸ਼, ਕਿਰਿਆ ਵਾਕੰਸ਼, ਕਿਰਿਆ ਵਿਸ਼ੇਸ਼ਣ ਵਾਕੰਸ਼, ਸੰਬੰਧਕੀ ਵਾਕੰਸ਼, ਯੋਜਕੀ ਵਾਕੰਸ਼ ਅਤੇ ਵਿਸਮਕੀ ਵਾਕੰਸ਼, ਪਰ ਇਨ੍ਹਾਂ ਵਿੱਚੋਂ ਵਾਕੰਸ਼ ਦੀਆਂ ਦੋ ਕਿਸਮਾਂ ਹੀ ਪ੍ਰਮੁੱਖ ਹਨ- ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼। ਬਾਕੀ ਵਾਕੰਸ਼ ਇਨ੍ਹਾਂ ਦੋਹਾਂ ਦੇ ਅੰਗ ਬਣਕੇ ਹੀ ਰਹਿ ਜਾਂਦੇ ਹਨ।

ਇਹ ਵੀ ਵੇਖੋ

  • ਖਤਰਨਾਕ ਨੂੰ ਵਾਕ ਵਿੱਚ ਵਰਤੋਂ

ਹਵਾਲੇ

  1. ਪੰਜਾਬੀ ਭਾਸ਼ਾ ਵਿਆਕਰਨ - ਭਾਗ III. ਪੰਜਾਬੀ ਭਾਸ਼ਾ ਅਕਾਦਮੀ. p. 11.

ਬਾਹਰੀ ਕੜੀਆਂ

  • ਵਾਕੰਸ਼ ਖੋਜਕ - ਵਾਕੰਸ਼ ਦੇ ਅਰਥ ਅਤੇ ਉਤਪਤੀ, ਅਖਾਣ, ਅਤੇ ਮੁਹਾਵਰੇ। (ਅੰਗਰੇਜ਼ੀ ਭਾਸ਼ਾ)
  • Phrases.net - ਆਮ ਵਾਕੰਸ਼ਾ ਦਾ ਸੰਗ੍ਰਿਹ, ਜੋ ਤੁਹਾਡੇ ਲਈ ਅਣਸੁਣੇ ਹੋ ਸਕਦੇ ਹਨ। (ਅੰਗਰੇਜ਼ੀ ਭਾਸ਼ਾ)
  • Phras.in Archived 2017-07-06 at the Wayback Machine. - ਇੱਕ ਆਨਲਾਇਨ ਸੰਦ (ਟੂਲ) ਜੋ ਸਹੀ ਵਾਕੰਸ਼ ਚੁਣਨ ਵਿੱਚ ਮਦਦ ਕਰਦੀ ਹੈ। (ਅੰਗਰੇਜ਼ੀ ਭਾਸ਼ਾ)
  • phraseup* - ਲਿਖਣ ਲਈ ਸਹਾਇਕ, ਜੋ ਕਿ ਵਾਕਾਂ ਨੂੰ ਪੂਰਾ ਕਰਨ ਲਈ ਸ਼ਬਦ ਲੱਭਣ ਵਿੱਚ ਮਦਦ ਕਰਦਾ ਹੈ।
  • Fraze.it - ਵਾਕਾਂ ਅਤੇ ਵਾਕੰਸ਼ਾਂ ਲਈ ਇੱਕ ਸਰਚ ਇੰਜਣ। ਇਹ ਛੇ ਭਾਸ਼ਾਵਾਂ ਲਈ ਉਪਲਬਧ ਹੈ।
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya