ਸ਼ਹੀਦ-ਏ-ਮੁਹੱਬਤ ਬੂਟਾ ਸਿੰਘ
ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਬੂਟਾ ਸਿੰਘ ਅਤੇ ਜ਼ੈਨਬ ਦੀ ਅਸਲ-ਜੀਵਨ ਪ੍ਰੇਮ ਕਹਾਣੀ 'ਤੇ ਆਧਾਰਿਤ 1999 ਦੀ ਭਾਰਤੀ ਪੰਜਾਬੀ-ਭਾਸ਼ਾ ਦੀ ਵਿਸ਼ੇਸ਼ਤਾ ਵਾਲੀ ਫਿਲਮ ਹੈ, ਜਿਸ ਵਿੱਚ ਗੁਰਦਾਸ ਮਾਨ ਅਤੇ ਦਿਵਿਆ ਦੱਤਾ ਮੁੱਖ ਭੂਮਿਕਾਵਾਂ ਵਿੱਚ ਸਨ।[1][2] ਫਿਲਮ ਦਾ ਨਿਰਦੇਸ਼ਨ ਮਨੋਜ ਪੁੰਜ ਨੇ ਕੀਤਾ ਹੈ ਅਤੇ ਨਿਰਮਾਤਾ ਮਨਜੀਤ ਮਾਨ ਹਨ। ਅਰੁਣ ਬਕਸ਼ੀ, ਗੁਰਕੀਰਤਨ ਅਤੇ ਚੇਤਨਾ ਦਾਸ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ। ਫਿਲਮ ਨੇ 46ਵੇਂ ਰਾਸ਼ਟਰੀ ਫਿਲਮ ਅਵਾਰਡ ਵਿੱਚ ਪੰਜਾਬੀ ਵਿੱਚ ਸਰਵੋਤਮ ਫੀਚਰ ਫਿਲਮ ਲਈ ਰਾਸ਼ਟਰੀ ਫਿਲਮ ਅਵਾਰਡ ਜਿੱਤਿਆ।[3][4] ਇਹ ਫਿਲਮ ਇੱਕ ਅੰਤਰਰਾਸ਼ਟਰੀ ਹਿੱਟ ਸੀ ਅਤੇ 1999 ਦੇ ਵੈਨਕੂਵਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਤੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ। ਇਹ ਮਾਨ ਦੀ ਹੋਮ ਪ੍ਰੋਡਕਸ਼ਨ, ਸਾਈ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਹੈ। ਕਹਾਣੀਇਹ ਫ਼ਿਲਮ ਭਾਰਤ ਦੀ ਵੰਡ (1947) ਵੇਲ਼ੇ ਦੀ ਇੱਕ ਸੱਚੀ ਕਹਾਣੀ ’ਤੇ ਆਧਾਰਤ ਹੈ। ਇਕ ਸਿੱਖ ਸਾਬਕਾ ਫ਼ੌਜੀ ਬੂਟਾ ਸਿੰਘ ਦੂਜੀ ਆਲਮੀ ਜੰਗ ਖ਼ਤਮ ਹੋਣ ਤੋਂ ਬਾਅਦ ਜਦ ਬਰਮਾ ਦੀ ਸਰਹੱਦ ਤੋਂ ਆਪਣੇ ਪਿੰਡ ਵਾਪਸ ਆਇਆ ਤਾਂ ਉਸਦੀ ਜਵਾਨੀ ਢਲ਼ ਚੁੱਕੀ ਸੀ। ਫਿਰ ਵੀ ਆਪਣਾ ਖ਼ੁਦ ਦਾ ਪਰਵਾਰ ਹੋਣ ਦੀ ਤਮੰਨਾ ਉਸਦੇ ਦਿਲ ਦੀ ਕਿਸੇ ਨੁੱਕਰੇ ਮਘਦੀ ਪਈ ਸੀ। ਇੱਕ ਵਪਾਰੀ ਆਦਮੀ ਨੇ ਉਸਨੂੰ ਕਿਹਾ ਕਿ ਜੇ ਉਹ 2000 ਰੁਪਏ ਦਾ ਇੰਤਜ਼ਾਮ ਕਰ ਲਵੇ ਤਾਂ ਉਹ ਯੂ.ਪੀ. ਤੋਂ ਉਸਨੂੰ ਇੱਕ ਵਹੁਟੀ ਲਿਆ ਦੇਵੇਗਾ। ਬੂਟਾ ਸਿੰਘ ਇਕ-ਇਕ ਪੈਸਾ ਬਚਾਉਣ ਲੱਗ ਪਿਆ। ਕਾਫ਼ੀ ਮੁਸ਼ੱਕਤ ਦੇ ਬਾਅਦ ਉਸਨੇ 1800 ਰੁਪਏ ਜਮ੍ਹਾਂ ਕਰ ਲਏ। ਅਗਲੀ ਫ਼ਸਲ ਆਉਣ ’ਤੇ ਉਹ ਵਿਆਹਿਆ ਹੋਣਾ ਸੀ। 1947 ਵਿੱਚ ਭਾਰਤ ਅਜ਼ਾਦ ਹੋਇਆ; ਪਾਕਿਸਤਾਨ ਬਣਿਆ ਅਤੇ ਦੋਵੇਂ ਪਾਸਿਉਂ ਲੋਕਾਂ ਨੂੰ ਆਪਣੇ ਵਸੇ-ਵਸਾਏ ਘਰ ਛੱਡ ਕੇ ਸਰਹੱਚ ਪਾਰ ਅਣਜਾਣੀਆਂ ਥਾਂਵਾਂ ਵੱਲ ਨੂੰ ਤੁਰਨਾ ਪਿਆ। ਬੂਟਾ ਸਿੰਘ ਦਾ ਪਿੰਡ ਵੀ ਦੰਗਿਆਂ ਦੀ ਲਪੇਟ ਵਿੱਚ ਆ ਗਿਆ। ਇਕ ਦਿਨ ਬੂਟਾ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਕੁਝ ਦੰਗਾਕਾਰੀਆਂ ਤੋਂ ਭੱਜਦੀ ਇੱਕ ਮੁਸਲਮਾਨ ਕੁੜੀ ਬੂਟਾ ਸਿੰਘ ਕੋਲ਼ ਆਈ ’ਤੇ ਆਪਣੀ ਹਿਫ਼ਾਜ਼ਤ ਕਰਨ ਦੀ ਬੇਨਤੀ ਕੀਤੀ। ਬੂਟਾ ਸਿੰਘ ਨੇ ਦੰਗਾਕਾਰੀਆਂ ਨੂੰ ਸਮਝਾਉਣਾ ਚਾਹਿਆ ਪਰ ਉਹ ਨਾ ਮੰਨੇ। ਅਖ਼ੀਰ ਉਹਨਾਂ ਉਸ ਕੁੜੀ ਦੇ ਬਦਲੇ 2000 ਰੁਪਏ ਦੀ ਮੰਗ ਕੀਤੀ, ਬੂਟਾ ਸਿੰਘ ਨੇ ਹੁਣ ਤੱਕ ਬਚਾਏ 1800 ਰੁਪਏ ਉਹਨਾਂ ਨੂੰ ਦੇ ਦਿੱਤੇ ’ਤੇ ਉਸ ਮੁਸਲਮਾਨ ਕੁੜੀ ਜ਼ੈਨਬ ਨੂੰ ਆਪਣੇ ਘਰ ਪਨਾਹ ਦਿੱਤੀ। ਕੁਝ ਦਿਨ ਗੁਜ਼ਰੇ ਤਾਂ ਪਿੰਡ ਵਾਲ਼ਿਆਂ ਇਤਰਾਜ਼ ਕੀਤਾ ਕਿ ਉਹ ਉਸ ਕੁੜੀ ਨੂੰ ਇਸ ਤਰ੍ਹਾਂ ਆਪਣੇ ਘਰ ਨਹੀਂ ਰੱਖ ਸਕਦਾ। ਜਾਂ ਤਾਂ ਉਹ ਉਸ ਨਾਲ਼ ਵਿਆਹ ਕਰ ਲਵੇ ਜਾਂ ਫਿਰ ਉਸ ਨੂੰ ਕੈਂਪ ਵਿੱਚ ਛੱਡ ਆਵੇ, ਜਿੱਥੇ ਪਾਕਿਸਤਾਨ ਨੂੰ ਜਾਣ ਵਾਲ਼ੇ ਲੋਕ ਠਹਿਰੇ ਹੋਏ ਨੇ। ਉਮਰ ਵਿੱਚ ਜ਼ੈਨਬ ਨਾਲ਼ੋਂ ਵੱਡਾ ਹੋਣ ਕਰਕੇ ਬੂਟਾ ਸਿੰਘ ਨੇ ਉਸਨੂੰ ਕੈਂਪ ਵਿੱਚ ਛੱਡ ਆਉਣਾ ਹੀ ਬੇਹਤਰ ਸਮਝਿਆ, ਪਰ ਬੂਟਾ ਸਿੰਘ ਦੀ ਆਪਣੇ ਲਈ ਕੀਤੀ ਕੁਰਬਾਨੀ ’ਤੇ ਸਦਗੀ ਦੀ ਕਾਇਲ ਜ਼ੈਨਬ ਨੇ ਕਿਹਾ ਕਿ ਕੀ ਉਹ ਏਨਾ ਗ਼ਰੀਬ ਐ ਕਿ ਉਸਨੂੰ ਦੋ ਰੋਟੀਆਂ ਵੀ ਨਹੀਂ ਖੁਆ ਸਕਦਾ? ਇਸ ਤਰ੍ਹਾਂ ਦੋਵਾਂ ਦਾ ਪਿਆਰ ਜ਼ਾਹਰ ਹੋਇਆ ’ਤੇ ਉਹਨਾਂ ਵਿਆਹ ਕਰਵਾ ਲਿਆ; ਛੇਤੀ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ। ਬੂਟਾ ਸਿੰਘ ਦੀ ਜ਼ਿੰਦਗੀ ਬਦਲ ਗਈ। ਬੂਟਾ ਸਿੰਘ ਦਾ ਇੱਕ ਬੇਈਮਾਨ ਚਾਚਾ ਚਾਹੁੰਦਾ ਸੀ ਕਿ ਬੂਟਾ ਬਿਨਾਂ ਕਿਸੇ ਵਾਰਿਸ ਦੇ ਕੁਆਰਾ ਹੀ ਮਰ ਜਾਵੇ ’ਤੇ ਉਸਦੀ ਸਾਰੀ ਜ਼ਮੀਨ ਉਸ ਨੂੰ ਮਿਲ ਜਾਵੇ। ਜਦੋਂ 1952 ਵਿੱਚ ਭਾਰਤ ’ਤੇ ਪਾਕਿਸਤਾਨ ਦੰਗਿਆਂ ਵਿੱਚ ਪਿੱਛੇ ਰਹਿ ਗਈਆਂ ਕੁੜੀਆਂ ਨੂੰ ਵਾਪਸ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਲਈ ਸਹਿਮਤ ਹੋਏ ਤਾਂ ਉਸ ਨੇ ਪੁਲਿਸ ਨੂੰ ਖ਼ਬਰ ਕਰ ਦਿੱਤੀ ਕਿ ਐਸੀ ਇੱਕ ਮੁਸਲਮਾਨ ਕੁੜੀ ਉਹਨਾਂ ਦੇ ਪਿੰਡ ਵਿੱਚ ਵੀ ਹੈ। ਬੂਟਾ ਸਿੰਘ ਦੀ ਗ਼ੈਰ-ਹਾਜ਼ਰੀ ਵਿੱਚ ਪੁਲਿਸ ਜ਼ਬਰਦਸਤੀ ਜ਼ੈਨਬ ਨੂੰ ਲੈ ਗਈ। ਬਾਅਦ ਵਿੱਚ ਜ਼ੈਨਬ ਨੂੰ ਪਾਕਿਸਤਾਨ ਉਸਦੇ ਮਾਪਿਆਂ ਕੋਲ਼ ਭੇਜ ਦਿੱਤਾ ਗਿਆ। ਬੂਟਾ ਆਪਣੀ ਸਾਰੀ ਜ਼ਮੀਨ ਵੇਚ ਕੇ ਆਪਣੀ ਧੀ ਸਮੇਤ ਗ਼ੈਰ-ਕਨੂੰਨੀ ਤਰੀਕੇ ਨਾਲ਼ ਪਾਕਿਸਤਾਨ ਆ ਗਿਆ। ਮਾਮਲਾ ਜੱਜ ਅੱਗੇ ਪੇਸ਼ ਹੋਇਆ ਤਾਂ ਆਪਣੇ ਪਰਵਾਰ ਦੇ ਦਬਾਅ ਹੇਠ ਜ਼ੈਨਬ ਨੇ ਬੂਟਾ ਸਿੰਘ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ। ਨਿਰਾਸ਼ ’ਤੇ ਦੁਖੀ ਬੂਟਾ ਸਿੰਘ ਨੇ ਆਪਣੀ ਧੀ ਸਮੇਤ ਤੇਜ਼ ਰਫ਼ਤਾਰ ਰੇਲ ਅੱਗੇ ਛਾਲ਼ ਮਾਰ ਦਿੱਤੀ। ਉਸਦੀ ਮੌਤ ਹੋ ਗਈ ਪਰ ਉਸਦੀ ਧੀ ਬਚ ਗਈ। ਪਾਕਿਸਤਾਨੀ ਨੌਜਵਾਨਾਂ ਨੂੰ ਜਦ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਬੂਟਾ ਸਿੰਘ ਨੂੰ “ਸ਼ਹੀਦ-ਏ-ਮੁਹੱਬਤ ਬੂਟਾ ਸਿੰਘ” ਕਿਹਾ ’ਤੇ ਉਸਦੇ ਨਾਮ ’ਤੇ ਇੱਕ ਮੈਮੋਰੀਅਲ ਅਤੇ ਟਰੱਸਟ ਕਾਇਮ ਕੀਤਾ। ਸੰਗੀਤਫ਼ਿਲਮ ਦਾ ਸੰਗੀਤ ਅਮਰ ਹਲਦੀਪੁਰ ਨੇ ਦਿੱਤਾ। ਫ਼ਿਲਮ ਦੇ ਗਾਇਕ ਇਹ ਨੇ: ਗੁਰਦਾਸ ਮਾਨ, ਆਸ਼ਾ ਭੋਸਲੇ, ਨੁਸਰਤ ਫ਼ਤਿਹ ਅਲੀ ਖ਼ਾਨ ਅਤੇ ਕਰਾਮਤ ਅਲੀ ਖ਼ਾਨ ਮਲੇਰ ਕੋਟਲੇ ਵਾਲ਼ੇ। ਫ਼ਿਲਮ ਵਿੱਚ ਕੁੱਲ ਛੇ ਗੀਤ ਨੇ:
ਹਵਾਲੇ
ਬਾਹਰੀ ਲਿੰਕ |
Portal di Ensiklopedia Dunia