ਬਲਰਾਜ ਸਾਹਨੀ
ਬਲਰਾਜ ਸਾਹਨੀ (1 ਮਈ 1913 –13 ਅਪ੍ਰੈਲ 1973) ਇੱਕ ਉੱਘੇ ਭਾਰਤੀ ਫ਼ਿਲਮੀ ਅਦਾਕਾਰ ਸਨ।[3] ਇਸ ਤੋਂ ਬਿਨਾਂ ਇਹ ਅੰਗਰੇਜ਼ੀ ਅਤੇ ਪੰਜਾਬੀ ਦੇ ਲੇਖਕ ਵੀ ਸਨ। ਇਹ ਉੱਘੇ ਹਿੰਦੀ ਲੇਖਕ ਅਤੇ ਅਦਾਕਾਰ ਭੀਸ਼ਮ ਸਾਹਨੀ ਦੇ ਵੱਡੇ ਭਰਾ ਸਨ। ਰੰਗਮੰਚ ਤੋਂ ਅਦਾਕਾਰੀ ਸ਼ੁਰੂ ਕਰ ਕੇ ਇਹਨਾਂ 1945 ਵਿੱਚ ਫ਼ਿਲਮ "ਧਰਤੀ ਕੇ ਲਾਲ" ਨਾਲ ਫ਼ਿਲਮਾਂ ਵਿੱਚ ਕਦਮ ਰੱਖਿਆ ਪਰ ਅਸਲੀ ਪਛਾਣ ਇਹਨਾਂ ਨੂੰ 1953 ਦੀ ਫ਼ਿਲਮ "ਦੋ ਬੀਘਾ ਜ਼ਮੀਨ" ਤੋਂ ਮਿਲੀ। ਆਪਣੀ ਜ਼ਿੰਦਗੀ ਵਿੱਚ ਇਹਨਾਂ ਤਕਰੀਬਨ 135 ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਇੱਕ ਲੇਖਕ ਵਜੋਂ ਇਹਨਾਂ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ ਬਹੁਤ ਸਾਰੀਆਂ ਨਜ਼ਮਾਂ ਅਤੇ ਛੋਟੀਆਂ ਕਹਾਣੀਆਂ ਅਤੇ ਇੱਕ ਸ੍ਵੈ-ਜੀਵਨੀ, "ਮੇਰੀ ਫ਼ਿਲਮੀ ਆਤਮਕਥਾ" ਲਿਖੀ।[3] 1969 ਵਿੱਚ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ "ਪਦਮ ਸ਼੍ਰੀ" ਅਤੇ 1971 ਵਿੱਚ ਪੰਜਾਬ ਸਰਕਾਰ ਵੱਲੋਂ "ਸ਼ਰੋਮਣੀ ਲੇਖਕ" ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।[3] 13 ਅਪ੍ਰੈਲ 1973 ਨੂੰ ਮੁੰਬਈ ਵਿਖੇ ਦਿਲ ਦੇ ਦੌਰੇ ਨਾਲ ਇਹਨਾਂ ਦੀ ਮੌਤ ਹੋ ਗਈ। ਇਹ ਆਪਣੀ ਧੀ, ਸ਼ਬਨਮ ਦੀ ਬੇ-ਵਕਤ ਮੌਤ ਕਰਕੇ ਕੁਝ ਸਮਾਂ ਪਰੇਸ਼ਾਨ ਰਹੇ। ਮੁਢਲਾ ਜੀਵਨਸਾਹਨੀ ਦਾ ਜਨਮ 1 ਮਈ 1913 ਨੂੰ ਬਰਤਾਨਵੀ ਪੰਜਾਬ ਵਿੱਚ ਰਾਵਲਪਿੰਡੀ ਵਿਖੇ ਹੋਇਆ।[3] ਇਹਨਾਂ ਦਾ ਪਹਿਲਾ ਨਾਂ ਯੁਧਿਸ਼ਟਰ ਸੀ ਪਰ ਔਖਾ ਹੋਣ ਕਰਕੇ ਬਾਅਦ ਵਿੱਚ ਬਦਲ ਦਿੱਤਾ ਗਿਆ। ਪੜ੍ਹਾਈ ਦੇ ਸਿਲਸਿਲੇ ਵਿੱਚ ਇਹ ਰਾਵਲਪਿੰਡੀ ਤੋਂ ਲਾਹੌਰ ਆ ਗਏ ਜਿੱਥੇ ਇਹਨਾਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਪੂਰੀ ਕੀਤੀ[4] ਅਤੇ ਵਾਪਸ ਪਿੰਡੀ ਚਲੇ ਗਏ। ਇਸ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਹਿੰਦੀ ਦੀ ਬੈਚਲਰ ਡਿਗਰੀ ਪਾਸ ਕੀਤੀ ਸੀ। 1936 ਵਿੱਚ ਇਹਨਾਂ ਦਾ ਵਿਆਹ ਦਮਿਅੰਤੀ ਨਾਲ ਹੋਇਆ।[3] 1930 ਦੇ ਦਹਾਕੇ ਵਿੱਚ ਸਾਹਨੀ ਆਪਣੀ ਪਤਨੀ ਨਾਲ ਬੰਗਾਲ ਵਿੱਚ ਸ਼ਾਂਤੀਨਿਕੇਤਨ ਆ ਕੇ ਅੰਗਰੇਜ਼ੀ ਅਤੇ ਹਿੰਦੀ ਦੇ ਅਧਿਆਪਕ ਦੇ ਤੌਰ ’ਤੇ ਕੰਮ ਕਰਨ ਲੱਗੇ। ਇੱਥੇ ਹੀ ਇਹਨਾਂ ਦੇ ਬੇਟੇ ਪਰੀਕਸ਼ਿਤ ਸਾਹਨੀ ਦਾ ਜਨਮ ਹੋਇਆ। ਇਸ ਵੇਲ਼ੇ ਇਹਨਾਂ ਦੀ ਪਤਨੀ ਬੈਚਲਰ ਦੀ ਡਿਗਰੀ ਕਰ ਰਹੀ ਸੀ। 1938 ਵਿੱਚ ਇਹਨਾਂ ਇੱਕ ਸਾਲ ਮਹਾਤਮਾ ਗਾਂਧੀ ਨਾਲ ਕੰਮ ਕੀਤਾ ਅਤੇ ਅਗਲੇ ਸਾਲ ਗਾਂਧੀ ਦੀ ਸਲਾਹ ਨਾਲ ਇੰਗਲੈਂਡ ਚਲੇ ਗਏ ਜਿੱਥੇ ਇਹ ਬੀ ਬੀ ਸੀ ਲੰਡਨ ਦੀ ਹਿੰਦੀ ਸੇਵਾ ਵਿੱਚ ਰੇਡੀਓ ਅਨਾਊਂਸਰ ਰਹੇ[4] ਅਤੇ 1943 ਵਿੱਚ ਵਾਪਸ ਭਾਰਤ ਆ ਗਏ। 1947 ਵਿੱਚ ਦਮਿਅੰਤੀ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਇਹਨਾਂ ਸੰਤੋਸ਼ ਚੰਧੋਕ ਨਾਲ ਦੂਜਾ ਵਿਆਹ ਕਰ ਲਿਆ। ਕੰਮਅਦਾਕਾਰੀ ਵਿੱਚ ਇਹਨਾਂ ਨੂੰ ਸ਼ੁਰੂ ਤੋਂ ਹੀ ਦਿਲਚਸਪੀ ਸੀ। ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਦੇ ਨਾਟਕਾਂ ਨਾਲ ਇਹਨਾਂ ਆਪਣੀ ਅਦਾਕਾਰੀ ਸ਼ੁਰੂ ਕੀਤੀ। ਇਹਨਾਂ ਦੀ ਸਭ ਤੋਂ ਪਹਿਲੀ ਫ਼ਿਲਮ "ਧਰਤੀ ਕੇ ਲਾਲ" ਸੀ ਜਿਸਦੇ ਹਦਾਇਤਕਾਰ ਕੇ ਏ ਅੱਬਾਸ ਸਨ।[4] ਇਸ ਤੋਂ ਬਾਅਦ ਇਨਸਾਫ਼ ਅਤੇ ਦੂਰ ਚਲੇਂ ਫ਼ਿਲਮਾਂ ਕੀਤੀਆਂ ਪਰ ਇਹਨਾਂ ਦੀ ਪਛਾਣ 1953 ਦੀ ਫ਼ਿਲਮ "ਦੋ ਬੀਘਾ ਜ਼ਮੀਨ" ਨਾਲ ਬਣੀ।[3] ਇਹਨਾਂ ਨੇ ਦੋ ਉੱਘੀਆਂ ਪੰਜਾਬੀ ਫ਼ਿਲਮਾਂ, "ਨਾਨਕ ਦੁਖੀਆ ਸਭ ਸੰਸਾਰ" ਅਤੇ "ਸਤਲੁਜ ਦੇ ਕੰਢੇ" ਵਿੱਚ ਕੰਮ ਕੀਤਾ। ਇਹ ਦੋਵੇਂ ਫ਼ਿਲਮਾਂ ਹਿੱਟ ਹੋਈਆਂ ਅਤੇ ਕਈ ਇਨਾਮ ਵੀ ਹਾਸਲ ਕੀਤੇ। ਫ਼ਿਲਮ ਗਰਮ ਹਵਾ ਵਿੱਚ ਇਹਨਾਂ ਚੋਟੀ ਅਦਾਕਾਰੀ ਕੀਤੀ ਪਰ ਇਹ ਖ਼ੁਦ ਇਸ ਫ਼ਿਲਮ ਨੂੰ ਵੇਖ ਨਹੀਂ ਸਕੇ ਕਿਉਂਕਿ ਇਸ ਫ਼ਿਲਮ ਦੀ ਡੱਬਿੰਗ ਪੂਰੀ ਕਰਨ ਦੇ ਅਗਲੇ ਦਿਨ ਹੀ ਇਹਨਾਂ ਦੀ ਮੌਤ ਹੋ ਗਈ ਸੀ। ਲੇਖਕ ਵਜੋਂਸਾਹਨੀ ਇੱਕ ਚੰਗੇ ਲੇਖਕ ਵੀ ਸਨ। ਪਹਿਲਾਂ-ਪਹਿਲ ਇਹਨਾਂ ਅੰਗਰੇਜ਼ੀ ਵਿੱਚ ਲਿਖਿਆ, ਪਰ ਫਿਰ ਰਬਿੰਦਰਨਾਥ ਟੈਗੋਰ ਦੀ ਪ੍ਰੇਰਣਾ ਤੋ ਬਾਅਦ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। 1960 ਵਿੱਚ ਇਹਨਾਂ ਪਾਕਿਸਤਾਨ ਦੀ ਫੇਰੀ ਲਾਈ ਅਤੇ ਮੇਰਾ ਪਾਕਿਸਤਾਨੀ ਸਫ਼ਰਨਾਮਾ ਨਾਂ ਦਾ ਉੱਘਾ ਸਫ਼ਰਨਾਮਾ ਲਿਖਿਆ। ਇਸ ਤੋਂ ਬਾਅਦ 1969 ਵਿੱਚ ਸੋਵੀਅਤ ਯੂਨੀਅਨ ਦੀ ਫੇਰੀ ਤੋਂ ਬਾਅਦ "ਮੇਰਾ ਰੂਸੀ ਸਫ਼ਰਨਾਮਾ" ਲਿਖਿਆ ਜਿਸਨੂੰ ਸੋਵੀਅਤ ਲੈਂਡ ਨਹਿਰੂ ਇਨਾਮ ਮਿਲਿਆ। ਇਸ ਤੋਂ ਬਿਨਾਂ "ਆਰਸੀ" ਅਤੇ "ਪ੍ਰੀਤਲੜੀ" ਆਦਿ ਰਸਾਲਿਆਂ ਵਿੱਚ ਇਹਨਾਂ ਦੀਆਂ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਲਗਾਤਾਰ ਛਪਦੀਆਂ ਰਹੀਆਂ। "ਮੇਰੀ ਫ਼ਿਲਮੀ ਆਤਮਕਥਾ" ਇਹਨਾਂ ਦੀ ਸ੍ਵੈ-ਜੀਵਨੀ ਹੈ। 1971 ਵਿੱਚ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ "ਸ਼ਰੋਮਣੀ ਲੇਖਕ ਇਨਾਮ" ਦਿੱਤਾ ਗਿਆ।
ਫਿਲਮਾਂ ਦੀ ਸੂਚੀ![]()
ਇਹ ਵੀ ਵੇਖੋਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ ਬਲਰਾਜ ਸਾਹਨੀ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia