ਮਸ਼ਰਫ਼ ਮੋਰਤਜ਼ਾ
ਮਸ਼ਰਫ਼ ਬਿਨ ਮੋਰਤਜ਼ਾ (ਬੰਗਾਲੀ: মাশরাফি বিন মুর্তজা) (ਜਨਮ 5 ਅਕਤੂਬਰ 1983, ਨਾਰਾਇਲ ਜਿਲ੍ਹਾ ਵਿੱਚ) ਇੱਕ ਬੰਗਲਾਦੇਸ਼ੀ ਕ੍ਰਿਕਟ ਖਿਡਾਰੀ ਹੈ। ਮੋਰਤਜ਼ਾ ਬੰਗਲਾਦੇਸ਼ ਕ੍ਰਿਕਟ ਟੀਮ ਦਾ ਮੌਜੂਦਾ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ ਟਵੰਟੀ ਕ੍ਰਿਕਟ ਕਪਤਾਨ ਵੀ ਹੈ। ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਜ਼ਿੰਬਾਬਵੇ ਦੀ ਕ੍ਰਿਕਟ ਟੀਮ ਖਿਲਾਫ਼ 2001 ਦੇ ਅਖੀਰ ਵਿੱਚ ਖੇਡਿਆ ਸੀ ਅਤੇ ਉਸਨੇ ਬੰਗਲਾਦੇਸ਼ ਵੱਲੋਂ ਪਹਿਲਾ ਦਰਜਾ ਕ੍ਰਿਕਟ ਮੈਚ ਵੀ ਖੇਡਿਆ ਸੀ। ਮੋਰਤਜ਼ਾ ਨੇ ਆਪਣੇ ਦੇਸ਼ ਲਈ ਇੱਕ ਟੈਸਟ ਕ੍ਰਿਕਟ ਮੈਚ ਵਿੱਚ ਕਪਤਾਨੀ ਕੀਤੀ ਹੈ ਅਤੇ 2009 ਤੋਂ 2010 ਵਿਚਕਾਰ ਉਹ ਛੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਕਪਤਾਨੀ ਕਰ ਚੁੱਕਾ ਹੈ। ਉਸ ਸਮੇਂ ਮੋਰਤਜ਼ਾ ਦੇ ਸੱਟ ਲੱਗਣ ਕਾਰਨ ਸ਼ਾਕਿਬ ਅਲ ਹਸਨ ਨੂੰ ਬੰਗਲਾਦੇਸ਼ ਕ੍ਰਿਕਟ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ ਸੀ। ਮੋਰਤਜ਼ਾ ਬੰਗਲਾਦੇਸ਼ ਦੇ ਸਭ ਤੋਂ ਤੇਜ ਗੇਂਦਬਾਜਾਂ ਵਿੱਚੋ ਇੱਕ ਹੈ, ਉਹ ਔਸਤਨ 135 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਗੇਂਦਬਾਜੀ ਕਰਦਾ ਹੈ।[3] ਮੁੱਖ ਤੌਰ ਤੇ ਮੋਰਤਜ਼ਾ ਹੀ ਪਹਿਲਾ ਓਵਰ ਕਰਦਾ ਹੁੰਦਾ ਹੈ। ਇਸ ਤੋਂ ਇਲਾਵਾ ਉਹ ਮੱਧਮ ਸਥਾਨ ਤੇ ਬੱਲੇਬਾਜੀ ਕਰਨ ਵਾਲਾ ਸਫ਼ਲ ਬੱਲੇਬਾਜ ਵੀ ਹੈ, ਉਸਦੇ ਨਾਂਮ ਪਹਿਲਾ ਦਰਜਾ ਕ੍ਰਿਕਟ ਵਿੱਚ ਇੱਕ ਸੈਂਕੜਾ ਅਤੇ ਟੈਸਟ ਕ੍ਰਿਕਟ ਵਿੱਚ ਉਸਦੇ ਨਾਂਮ ਤਿੰਨ ਅਰਧ-ਸੈਂਕੜੇ ਹਨ। ਮੋਰਤਜ਼ਾ ਨੂੰ ਸਮੇਂ ਸਮੇ ਤੇ ਸੱਟਾਂ ਕਾਰਨ ਟੀਮ ਵਿੱਚੋਂ ਬਾਹਰ ਹੋਣਾ ਪਿਆ ਹੈ ਅਤੇ ਉਹ ਆਪਣੇ ਗੋਡਿਆਂ ਅਤੇ ਕੂਹਣੀਆਂ ਦੇ ਦਸ ਓਪਰੇਸ਼ਨ ਕਰਵਾ ਚੁੱਕਾ ਹੈ। 2009 ਦੇ ਇੰਡੀਅਨ ਪ੍ਰੀਮੀਅਰ ਲੀਗ ਸੀਜਨ ਵਿੱਚ ਉਸਨੂੰ ਕੋਲਕਾਤਾ ਨਾਇਟ ਰਾਈਡਰਜ ਦੁਆਰਾ ਖਰੀਦਿਆ ਗਿਆ ਸੀ। ਇਸ ਟੀਮ ਨੇ ਮੋਰਤਜ਼ਾ ਨੂੰ $600,000 ਅਮਰੀਕੀ ਡਾਲਰਾਂ ਨਾਲ ਖਰੀਦਿਆ ਸੀ। ਪਰ ਮੋਰਤਜ਼ਾ ਇਸ ਸਾਰੇ ਸੀਜਨ ਵਿੱਚ ਕੇਵਲ ਇੱਕ ਮੈਚ ਹੀ ਖੇਡ ਸਕਿਆ ਅਤੇ ਉਹ 4 ਓਵਰਾਂ ਵਿੱਚ 58 ਦੌੜਾਂ ਤੱਕ ਹੀ ਖੇਡ ਸਕਿਆ। ਜੇਕਰ ਘਰੇਲੂ ਕ੍ਰਿਕਟ ਦੀ ਗੱਲ ਕੀਤੀ ਜਾਵੇ ਤਾਂ ਮੋਰਤਜ਼ਾ ਬੰਗਲਾਦੇਸ਼ ਖ਼ੁਲਨਾ ਬਲਾਕ ਕ੍ਰਿਕਟ ਟੀਮ ਵੱਲੋਂ ਘਰੇਲੂ ਕ੍ਰਿਕਟ ਖੇਡਦਾ ਰਿਹਾ ਹੈ। ਉਸਨੇ ਬੰਗਲਾਦੇਸ਼ ਵੱਲੋਂ 2001 ਤੋਂ 2012 ਵਿਚਕਾਰ 36 ਟੈਸਟ ਕ੍ਰਿਕਟ ਮੈਚ ਅਤੇ 124 ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਹਨ।[4][5] 2012 ਵਿੱਚ ਉਸਨੇ ਢਾਕਾ ਗਲੈਡੀਏਟਰਸ ਦੀ ਟੀਮ ਚੁਣ ਲਈ ਸੀ ਅਤੇ 2015 ਵਿੱਚ ਉਸਨੇ ਬੰਗਲਾਦੇਸ਼ ਵਿੱਚ ਨਵੀਂ ਚੱਲੀ 'ਬੰਗਲਾਦੇਸ਼ ਕ੍ਰਿਕਟ ਲੀਗ' ਦੀ ਕੋਮੀਲਾ ਵਿਕਟੋਰੀਅਨ ਟੀਮ ਵੱਲੋਂ ਇਸ ਟਵੰਟੀ20 ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਉਸਨੂੰ ਕੋਮੀਲਾ ਵਿਕਟੋਰੀਅਨਸ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਅਤੇ ਇਸ ਟੀਮ ਨੇ ਤੀਸਰਾ ਬੰਗਲਾਦੇਸ਼ੀ ਟੂਰਨਾਮੈਂਟ ਜਿੱਤ ਲਿਆ ਸੀ। ਹਵਾਲੇ
|
Portal di Ensiklopedia Dunia