ਸ਼ਿਕਾਗੋ ਦੀ ਹੇਅ ਮਾਰਕੀਟ ਦੇ ਸ਼ਹੀਦ -ਸੱਤ ਜਣੇ
ਅੰਤਰਰਾਸ਼ਟਰੀ ਮਜ਼ਦੂਰ ਦਿਵਸ[1] ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ[2] ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ। ਇਹ ਬੰਬ ਕਿਸ ਨੇ ਸੁੱਟਿਆ ਕੋਈ ਪਤਾ ਨਹੀਂ। ਇਸ ਦੇ ਸਿੱਟੇ ਵਜੋਂ ਪੁਲੀਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਸੱਤ ਮਜਦੂਰ ਮਾਰ ਦਿੱਤੇ। "ਭਰੋਸੇਯੋਗ ਗਵਾਹਾਂ ਨੇ ਤਸਦੀਕ ਕੀਤੀ ਕਿ ਪਿਸਟਲਾਂ ਦੀਆਂ ਸਾਰੀਆਂ ਫਲੈਸ਼ਾਂ ਗਲੀ ਦੇ ਕੇਂਦਰ ਵਲੋਂ ਆਈਆਂ ਜਿਥੇ ਪੁਲਿਸ ਖੜੀ ਸੀ, ਅਤੇ ਭੀੜ ਵਲੋਂ ਇੱਕ ਵੀ ਫ੍ਲੈਸ਼ ਨਹੀਂ ਆਈ। ਇਸ ਤੋਂ ਵੀ ਅਗਲੀ ਗੱਲ, ਮੁਢਲੀਆਂ ਅਖਬਾਰੀ ਰਿਪੋਰਟਾਂ ਵਿੱਚ ਭੀੜ ਵਲੋਂ ਗੋਲੀਬਾਰੀ ਦਾ ਕੋਈ ਜ਼ਿਕਰ ਨਹੀਂ। ਮੌਕੇ ਤੇ ਇੱਕ ਟੈਲੀਗ੍ਰਾਫ ਖੰਭਾ ਗੋਲੀਆਂ ਨਾਲ ਹੋਈਆਂ ਮੋਰੀਆਂ ਨਾਲ ਪੁਰ ਹੋਇਆ ਸੀ, ਜੋ ਸਾਰੀਆਂ ਦੀਆਂ ਸਾਰੀਆਂ ਪੁਲਿਸ ਵਾਲੇ ਪਾਸੇ ਤੋਂ ਆਈਆਂ ਸਨ।"[3][4][5] ਭਾਵੇਂ ਇਨ੍ਹਾਂ ਘਟਨਾਵਾਂ ਦਾ ਅਮਰੀਕਾ[6] ਉੱਤੇ ਇਕਦਮ ਕੋਈ ਵੱਡਾ ਪ੍ਰਭਾਵ ਨਹੀਂ ਪਿਆ ਸੀ ਪਰ ਕੁਝ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਲਾਗੂ ਹੈ।
ਸ਼ਿਕਾਗੋ ਦੇ ਮਜ਼ਦੂਰ ਨੇਤਾ
- ਅਲਬਰਟ ਪਾਰਸਨਸ - ਪ੍ਰਿੰਟਿੰਗ ਪ੍ਰੈਸ ਦਾ ਮਜ਼ਦੂਰ
- ਆਗਸਟ ਸਪਾਈਸ –ਫਰਨੀਚਰ ਕਾਰੀਗਰ
- ਏਡਾਲਫ ਫਿਸ਼ਰ - ਪ੍ਰਿੰਟਿੰਗ ਪ੍ਰੈਸ ਦਾ ਮਜ਼ਦੂਰ
- ਜਾਰਜ ਏਂਜਿਲ - ਖਿਡੌਣੇ ਵੇਚਣ ਵਾਲਾ
- ਸੈਮੂਅਲਫ਼ੀਲਡੇਨ-ਸਮਾਨ ਦੀ ਢਲਾਈ ਕਰਨ ਵਾਲਾ ਮਜ਼ਦੂਰ
- ਲੂਈਸ ਲਿੰਗ - ਬਢਈ
- ਮਾਈਕੇਲ ਸ਼ਵਾਬ - ਬੁੱਕ ਬਾਈਂਡਰ
- ਆਸਕਰ ਨੀਬੇ - ਇੱਕ ਦੁਕਾਨ ਵਿੱਚ ਹਿੱਸੇਦਾਰੀ।
ਭਾਰਤ ਤੇ ਮਜ਼ਦੂਰ ਦਿਵਸ
ਚੇਨੱਈ ਦੇ ਮੇਰੀਨਾ ਬੀਚ ਤੇ ਮਜ਼ਦੂਰ ਦੀ ਜਿਤ
ਭਾਰਤ ਵਿੱਚ ਇੱਕ ਮਈ ਦਾ ਦਿਹਾੜਾ ਸਭ ਤੋਂ ਪਹਿਲਾਂ ਚੇਨੱਈ ਵਿੱਚ 1 ਮਈ 1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨਿਤ ਕਰ ਲਿਆ ਗਿਆ ਸੀ। ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ ਸੀ। ਭਾਰਤ ਵਿੱਚ ਮਦਰਾਸ ਦੇ ਹਾਈਕੋਰਟ ਸਾਹਮਣੇ ਇੱਕ ਵੱਡਾ ਮੁਜਾਹਰਾ ਕਰ ਕੇ ਇੱਕ ਮਤਾ ਪਾਸ ਕਰ ਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਕਾਮੇ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਭਾਰਤ ਸਮੇਤ ਲਗਪਗ 80 ਮੁਲਕਾਂ ਵਿੱਚ ਇਹ ਦਿਵਸ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਇਸ ਪਿੱਛੇ ਤਰਕ ਹੈ ਕਿ ਇਹ ਦਿਨ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਪ੍ਰਵਾਨਿਤ ਹੋ ਚੁੱਕਿਆ ਹੈ।
ਉਦੇਸ਼
ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ਾਂ ਦਾ ਅਹਿਮ ਰੋਲ ਹੁੰਦਾ ਹੈ। ਉਹਨਾਂ ਦੀ ਵੱਡੀ ਗਿਣਤੀ ਇਸ ਦੀ ਕਾਮਯਾਬੀ ਲਈ ਹੱਥੀਂ, ਅਕਲ-ਇਲਮ ਅਤੇ ਤਨਦੇਹੀ ਨਾਲ ਜੁਟੀ ਹੁੰਦੀ ਹੈ। ਕਿਸੇ ਵੀ ਉਦਯੋਗ ਵਿੱਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਸਨਅਤੀ ਢਾਂਚਾ ਖੜਾ ਨਹੀਂ ਰਹਿ ਸਕਦਾ।
ਕਿਰਤੀਆਂ ਦੇ ਵਰਤਮਾਨ ਹਾਲਾਤ
ਭਾਰਤ ਵਿੱਚ 1991 ਤੋਂ ਬਾਅਦ ਦਾ ਸਮਾਂ ਕਿਰਤ ਸੁਧਾਰਾਂ ਦੇ ਸਮੇਂ ਵਜੋਂ ਜਾਣਿਆ ਜਾਂਦਾ ਹੈ।[7]
ਖ਼ਤ
- ਪਤਨੀ ਦੇ ਨਾਮ ਅਲਬਰਟ ਪਾਰਸਨਸ ਦਾ ਖ਼ਤ[8]
- ਕੁਕ ਕਾਊਂਟੀ ਬਾਸਤੀਆ ਜੇਲ੍ਹ
- ਕੋਠੜੀ ਨੰਬਰ-29
- ਸ਼ਿਕਾਗੋ, 20 ਅਗਸਤ,1886
ਮੇਰੀ ਪਿਆਰੀ ਪਤਨੀ,
- ਅੱਜ ਸਵੇਰੇ ਸਾਡੇ ਬਾਰੇ ਹੋਏ ਫੈਸਲੇ ਨਾਲ ਪੂਰੀ ਦੁਨੀਆਂ ਦੇ ਜਾਬਰਾਂ ਵਿੱਚ ਖੁਸ਼ੀ ਛਾ ਗਈ ਹੈ, ਅਤੇ ਸ਼ਿਕਾਗੋ ਤੋਂ ਲੈ ਕੇ ਸੇਂਟ ਪੀਟਰਸਬਰਗ ਤੱਕ ਦੇ ਪੂੰਜੀਪਤੀ ਅੱਜ ਦਾਅਵਤਾਂ ਵਿੱਚ, ਸ਼ਰਾਬ ਦੀਆਂ ਨਦੀਆਂ ਵਹਾਉਣਗੇ। ਪਰ ਸਾਡੀ ਮੌਤ ਕੰਧ ’ਤੇ ਲਿਖੀ ਅਜਿਹੀ ਇਬਾਰਤ ਸਿੱਧ ਹੋਵੇਗੀ ਜੋ ਨਫ਼ਰਤ, ਵੈਰ, ਲੌਂਗ-ਪਾਖੰਡ, ਅਦਾਲਤ ਦੇ ਹੱਥੋਂ ਹੋਣ ਵਾਲੇ ਕਤਲਾਂ, ਜ਼ਬਰ ਅਤੇ ਮਨੁੱਖ ਦੇ ਹੱਥੋਂ ਮਨੁੱਖ ਦੀ ਗੁਲਾਮੀ ਦੇ ਅੰਤ ਦੀ ਭਵਿੱਖ ਬਾਣੀ ਕਰੇਗੀ। ਦੁਨੀਆਂ ਭਰ ਦੇ ਦੱਬੇ ਕੁਚਲੇ ਲੋਕ ਆਪਣੀਆਂ ਕਾਨੂੰਨੀ ਬੇੜੀਆਂ ਵਿੱਚ ਕਸਮਸਾ ਰਹੇ ਹਨ। ਵਿਸ਼ਾਲ ਮਜ਼ਦੂਰ ਜਮਾਤ ਜਾਗ ਰਹੀ ਹੈ। ਡੂੰਘੀ ਨੀਂਦ ਵਿੱਚੋਂ ਜਾਗੀ ਜਨਤਾ ਆਪਣੀਆਂ ਜ਼ੰਜੀਰਾਂ ਨੂੰ ਇਸ ਤਰ੍ਹਾਂ ਤੋੜ ਸੁੱਟੇਗੀ।
- ਅਸੀਂ ਹਾਲਤਾਂ ਦੇ ਵਸ਼ ਵਿੱਚ ਹੁੰਦੇ ਹਾਂ। ਅਸੀਂ ਉਹ ਹੀ ਹਾਂ ਜੋ ਹਾਲਤਾਂ ਨੇ ਸਾਨੂੰ ਬਣਾਇਆ। ਇਹ ਸੱਚ ਦਿਨੋਂ ਦਿਨ ਸਾਫ ਹੁੰਦਾ ਜਾ ਰਿਹਾ ਹੈ।
- ਅਜਿਹਾ ਕੋਈ ਸਬੂਤ ਨਹੀਂ ਸੀ ਕਿ ਜਿਹਨਾਂ ਜਣਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਹਨਾਂ ਵਿੱਚੋਂ ਕਿਸੇ ਨੂੰ ਵੀ ਹੇ-ਮਾਰਕੀਟ ਦੀ ਘਟਨਾ ਬਾਰੇ ਕੋਈ ਜਾਣਕਾਰੀ ਸੀ, ਜਾਂ ਉਹਨਾਂ ਨੇ ਇਸ ਦੀ ਸਲਾਹ ਦਿੱਤੀ, ਜਾਂ ਕਿਸੇ ਨੂੰ ਭੜਕਾਇਆ। ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਅੱਯਾਸ਼ ਵਰਗ ਨੂੰ ਤਾਂ ਸ਼ਿਕਾਰ ਚਾਹੀਦੇ ਸੀ। ਕਰੋੜਪਤੀਆਂ ਦੀ ਪਾਗਲ ਭੀੜ ਦੀ ਖੂਨ ਦੀ ਪਿਆਸ ਨੂੰ ਸ਼ਾਂਤ ਕਰਨ ਲਈ ਸਾਡੀ ਬਲੀ ਚੜ੍ਹਾਈ ਜਾ ਰਹੀ ਹੈ ਕਿਉਂਕਿ ਸਾਡੀ ਜਾਨ ਤੋਂ ਘੱਟ ਕਿਸੇ ਚੀਜ਼ ਨਾਲ ਉਹ ਸੰਤੁਸ਼ਟ ਨਹੀਂ ਹੋਣਗੇ। ਅੱਜ ਇਜਾਰੇਦਾਰ ਪੂੰਜੀਪਤੀਆਂ ਦੀ ਜਿੱਤ ਹੋਈ ਹੈ। ਜ਼ੰਜ਼ੀਰ ਵਿੱਚ ਜਕੜਿਆ ਮਜ਼ਦੂਰ ਫਾਂਸੀ ਦੇ ਫੰਦੇ 'ਤੇ ਚੜ੍ਹ ਰਿਹਾ ਹੈ ਕਿਉਂਕਿ ਉਸ ਨੇ ਆਜ਼ਾਦੀ ਅਤੇ ਹੱਕ ਦੇ ਲਈ ਆਵਾਜ਼ ਚੁੱਕਣ ਦੀ ਹਿੰਮਤ ਕੀਤੀ ਹੈ ।
- ਮੇਰੀ ਪਿਆਰੀ ਪਤਨੀ, ਮੈਨੂੰ ਤੇਰੇ ਲਈ ਅਤੇ ਸਾਡੇ ਛੋਟੇ-ਛੋਟੇ ਬੱਚਿਆਂ ਦੇ ਲਈ ਅਫਸੋਸ ਹੈ।
- ਮੈਂ ਤੁਹਾਨੂੰ ਲੋਕਾਂ ਨੂੰ ਸੌਂਪਦਾ ਹਾਂ, ਕਿਉਂਕਿ ਤੁਸੀਂ ਆਮ ਲੋਕਾਂ ਵਿੱਚੋਂ ਹੀ ਇੱਕ ਹੋ। ਤੁਹਾਨੂੰ ਮੇਰਾ ਇੱਕ ਕਹਿਣਾ ਹੈ- ਸਮਾਜਵਾਦ ਦੇ ਮਹਾਨ ਆਦਰਸ਼ ਨੂੰ ਮੈਂ ਜਿੱਥੇ ਛੱਡ ਜਾਣ ਲਈ ਮਜਬੂਰ ਹੋ ਰਿਹਾ ਹਾਂ, ਤੁਸੀਂ ਉਸ ਨੂੰ ਹੋਰ ਉੱਚਾ ਚੁੱਕਣਾ।
- ਮੇਰੇ ਬੱਚਿਆਂ ਨੂੰ ਦੱਸਣਾ ਕਿ ਉਹਨਾਂ ਦੇ ਪਿਤਾ ਨੇ ਇੱਕ ਅਜਿਹੇ ਸਮਾਜ ਵਿੱਚ, ਜਿੱਥੇ 10 ਵਿੱਚੋ 9 ਬੱਚਿਆਂ ਨੂੰ ਗੁਲਾਮੀ ਅਤੇ ਗਰੀਬੀ ਵਿੱਚ ਜੀਵਨ ਕੱਟਣਾ ਪੈਂਦਾ ਹੈ, ਸਬਰ ਅਤੇ ਗੁਲਾਮੀ ਦੇ ਨਾਲ ਜੀਵਣ ਕੱਟਣ ਦੀ ਥਾਂ ਉਹਨਾਂ ਲਈ ਆਜ਼ਾਦੀ ਅਤੇ ਖੁਸ਼ੀ ਲਿਆਉਣ ਦਾ ਯਤਨ ਕਰਦੇ ਹੋਏ ਮਰਨਾ ਬਿਹਤਰ ਸਮਝਿਆ।
- ਆਪਣੀ ਇਸ ਕਾਲ-ਕੋਠੜੀ ਵਿੱਚੋਂ ਮੈਂ ਵਾਰ ਵਾਰ ਆਵਾਜ਼ ਲਗਾਉਂਦਾ ਹਾਂ:
- ਆਜ਼ਾਦੀ! ਨਿਆ! ਬਰਾਬਰੀ!
- ਅਲਬਰਟ ਪਾਰਸਨਸ
- ਪਾਰਸਨਸ ਦੀ ਜੇਲ੍ਹ ਦੀ ਕੋਠੜੀ ਵਿੱਚੋਂ ਆਪਣੇ ਬੱਚਿਆਂ ਦੇ ਨਾਮ ਚਿੱਠੀ।
- ਮੌਤ ਕੋਠੜੀ, ਨੰਬਰ-7
- ਕੁਕ ਕਾਊਂਟੀ ਜੇਲ੍ਹ, ਸ਼ਿਕਾਗੋ
- 9 ਨਵੰਬਰ, 1887
ਮੇਰੇ ਪਿਆਰੇ ਬੱਚਿਓ
- ਅਲਬਰਟ ਆਰ, ਪਾਰਸਨਸ (ਜੂਨੀਅਰ) ਅਤੇ ਬੇਟੀ ਲੁ ਏਡਾ ਪਾਰਸਨਸ
- ਮੈਂ ਇਹ ਸ਼ਬਦ ਲਿਖ ਰਿਹਾ ਹਾਂ ਅਤੇ ਮੇਰੇ ਹੰਝੂ ਤੁਹਾਡਾ ਨਾਮ ਮਿਟਾ ਰਹੇ ਹਨ। ਅਸੀਂ ਫਿਰ ਕਦੇ ਨਹੀਂ ਮਿਲਾਂਗੇ। ਮੇਰੇ ਪਿਆਰੇ ਬੱਚਿਓ, ਤੁਹਾਡਾ ਪਿਤਾ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਆਪਣੇ ਪਿਆਰਿਆਂ ਲਈ ਆਪਣਾ ਪਿਆਰ ਅਸੀਂ ਜਿਉਂ ਕੇ ਪ੍ਰਦਰਸ਼ਤ ਕਰਦੇ ਹਾਂ ਅਤੇ ਜਦ ਲੋੜ ਹੁੰਦੀ ਹੈ, ਤਾਂ ਉਹਨਾਂ ਲਈ ਮਰ ਕੇ ਵੀ। ਮੇਰੀ ਜ਼ਿੰਦਗੀ ਅਤੇ ਮੇਰੀ ਗੈਰ ਸੁਭਾਵਿਕ ਅਤੇ ਕਰੂਰ ਮੌਤ ਬਾਰੇ ਤੁਹਾਨੂੰ ਹੋਰ ਲੋਕਾਂ ਤੋਂ ਪਤਾ ਲੱਗ ਜਾਵੇਗਾ। ਤੁਹਾਡੇ ਪਿਤਾ ਨੇ ਆਜ਼ਾਦੀ ਅਤੇ ਖ਼ੁਸ਼ੀ ਲਈ ਆਪਣੀ ਸ਼ਹਾਦਤ ਦਿੱਤੀ ਹੈ। ਤੁਹਾਡੇ ਲਈ ਮੈਂ ਇੱਕ ਇਮਾਨਦਾਰੀ ਅਤੇ ਕਰਤੱਵ-ਪਾਲਣ ਦੀ ਵਿਰਾਸਤ ਛੱਡੀ ਹੈ। ਇਸ ਨੂੰ ਬਣਾਈ ਰੱਖਣਾ ਅਤੇ ਇਸੇ ਰਸਤੇ 'ਤੇ ਅੱਗੇ ਵਧਣਾ। ਆਪਣੇ ਪ੍ਰਤੀ ਸੱਚੇ ਬਨਣਾ, ਫਿਰ ਤੁਸੀਂ ਕਦੇ ਦੂਜੇ ਲਈ ਵੀ ਦੋਸ਼ੀ ਨਹੀਂ ਬਣੋਗੇ। ਮਿਹਨਤੀ, ਗੰਭੀਰ ਅਤੇ ਹਸਮੁੱਖ ਬਨਣਾ। ਅਤੇ ਤੁਹਾਡੀ ਮਾਂ! ਉਹ ਬਹੁਤ ਮਹਾਨ ਹੈ। ਉਸ ਨੂੰ ਪਿਆਰ ਕਰਨਾ, ਉਸਦਾ ਸਤਿਕਾਰ ਕਰਨਾ ਅਤੇ ਉਸਦੀਆਂ ਗੱਲਾਂ ਮੰਨਣਾ।
- ਮੇਰੇ ਬੱਚਿਓ! ਮੇਰੇ ਪਿਆਰਿਓ! ਮੈਂ ਕਹਿੰਦਾ ਹਾਂ ਕਿ ਇਸ ਵਿਦਾਈ ਸੁਨੇਹੇ ਨੂੰ ਮੇਰੀ ਹਰ ਬਰਸੀ 'ਤੇ ਪੜ੍ਹਣਾ ਅਤੇ ਮੇਰੇ ਵਿੱਚੋ ਇੱਕ ਅਜਿਹੇ ਮਨੁੱਖ ਨੂੰ ਯਾਦ ਕਰਨਾ ਜੋ ਸਿਰਫ਼ ਤੁਹਾਡੇ ਲਈ ਹੀ ਨਹੀਂ, ਸਗੋਂ ਭਵਿੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਹੀਦ ਹੋਇਆ। ਖੁਸ਼ ਰਹੋ ! ਮੇਰੇ ਪਿਆਰਿਓ! ਵਿਦਾ!
- ਤੁਹਾਡਾ ਪਿਤਾ
- ਅਲਬਰਟ ਆਰ, ਪਾਰਸਨਸ
ਮਹਾਤਮਾ ਗਾਂਧੀ ਦੇ ਵਿਚਾਰ
ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ। ਉਦਯੋਗਪਤੀ, ਮਾਲਕ ਜਾਂ ਪ੍ਰਬੰਧਕ ਸਮਝਣ ਦੀ ਬਜਾਏ ਆਪਣੇ-ਆਪ ਨੂੰ ਟਰੱਸਟੀ ਸਮਝਣ। ਲੋਕਰਾਜੀ ਢਾਂਚੇ ਵਿੱਚ ਤਾਂ ਸਰਕਾਰ ਵੀ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਜੋ ਸਿਆਸੀ ਲੋਕਾਂ ਨੂੰ ਆਪਣੇ ਦੇਸ਼ ਦੀ ਵਾਗਡੋਰ ਟਰੱਸਟੀ ਦੇ ਰੂਪ ਵਿੱਚ ਸੌਂਪਦੇ ਹਨ। ਉਹ ਪ੍ਰਬੰਧ ਚਲਾਉਣ ਲਈ ਮਜ਼ਦੂਰਾਂ, ਕਾਮਿਆਂ ਅਤੇ ਕਿਸਾਨਾਂ ਦੀ ਬਿਹਤਰੀ, ਭਲਾਈ ਤੇ ਵਿਕਾਸ, ਅਮਨ ਅਤੇ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਵਚਨਬੱਧ ਹੁੰਦੇ ਹਨ। ਮਜ਼ਦੂਰਾਂ ਅਤੇ ਕਿਸਾਨਾਂ ਦੀ ਵੱਡੀ ਗਿਣਤੀ ਦਾ ਰਾਜ ਪ੍ਰਬੰਧ ਵਿੱਚ ਬੜਾ ਯੋਗਦਾਨ ਹੈ। ਸਰਕਾਰ ਦਾ ਰੋਲ ਉਦਯੋਗਿਕ ਸ਼ਾਂਤੀ, ਉਦਯੋਗਪਤੀਆਂ ਅਤੇ ਮਜ਼ਦੂਰਾਂ ਦਰਮਿਆਨ ਸੁਖਾਵੇਂ, ਸ਼ਾਂਤਮਈ ਤੇ ਪਰਿਵਾਰਕ ਸਬੰਧ ਕਾਇਮ ਕਰਨਾ, ਝਗੜੇ ਤੇ ਟਕਰਾਅ ਦੀ ਸੂਰਤ ਵਿੱਚ ਉਹਨਾਂ ਦਾ ਸਮਝੌਤਾ ਅਤੇ ਸੁਲਾਹ ਕਰਵਾਉਣ ਦਾ ਪ੍ਰਬੰਧ ਕਰਨਾ ਅਤੇ ਉਹਨਾਂ ਦੇ ਮਸਲਿਆਂ ਨੂੰ ਉਦਯੋਗਿਕ ਟ੍ਰਿਬਿਊਨਲ ਕਾਇਮ ਕਰ ਕੇ ਨਿਰਪੱਖਤਾ ਤੇ ਪਾਰਦਰਸ਼ੀ ਢੰਗ ਨਾਲ ਕੁਦਰਤੀ ਨਿਆਂ ਦੇ ਅਸੂਲ ਦੇ ਸਿਧਾਂਤ ਅਨੁਸਾਰ ਇਨਸਾਫ਼ ਪ੍ਰਦਾਨ ਕਰਨਾ ਅਤੇ ਉਹਨਾਂ ਦੀ ਬਿਹਤਰੀ ਲਈ ਸਮੇਂ-ਸਮੇਂ ਸਿਰ ਕਾਨੂੰਨੀ ਅਤੇ ਜਾਬਤਾ ਪ੍ਰਣਾਲੀ ਨਿਰਧਾਰਤ ਕਰਨਾ ਹੈ।
ਭਾਰਤੀ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ’ਚ ਆਵਾਜ਼ ਉਠਾਈ ਸੀ ਅਤੇ ਉਸ ਸਮੇਂ ਦੇ ਹੰਕਾਰੀ ਅਤੇ ਲੁਟੇਰੇ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦਾ ਹੰਕਾਰ ਤੋੜਿਆ ਅਤੇ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਅਤੇ ਦਸਵੰਧ ਕੱਢਣਾ ਦਾ ਸੰਦੇਸ਼ ਦਿੱਤਾ। ਗ਼ਰੀਬ ਮਜ਼ਦੂਰ ਅਤੇ ਕਾਮੇ ਦਾ ਹਲੀਮੀ ਰਾਜ ਸਥਾਪਿਤ ਕਰਨ ਲਈ ਮਨਮੁਖ ਤੋਂ ਗੁਰਮੁਖ ਤਕ ਦੀ ਯਾਤਰਾ ਕਰਨ ਦਾ ਸੰਦੇਸ਼ ਦਿੱਤਾ। ਇਸੇ ਕਰ ਕੇ 1 ਮਈ ਨੂੰ ਭਾਈ ਲਾਲੋ ਦਿਵਸ ਵਜੋਂ ਵੀ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਹੈ।
ਗੈਲਰੀ
-
ਜਪਾਨ, 1920 ਵਿੱਚ ਮਈ ਦਿਨ ਦੀ ਰੈਲੀ
-
ਸਟਾਕਹੋਮ, ਸਵੀਡਨ, ਵਿਖੇ ਸਵੀਡਨ ਦੀ ਇੱਕ ਖੱਬੀ ਪਾਰਟੀ ਵਲੋਂ 2008 ਵਿੱਚ ਮਈ ਦਿਨ ਤੇ ਪ੍ਰਦਰਸ਼ਨ
-
ਅਗਰਤਲਾ, ਭਾਰਤ ਵਿੱਚ ਮਈ ਦਿਨ ਦੀ ਇਕੱਤਰਤਾ
-
ਲੰਦਨ ਵਿਖੇ, 2008 ਵਿੱਚ ਮਈ ਦਿਨ ਤੇ ਪ੍ਰਦਰਸ਼ਨ
-
ਸਟਾਕਹੋਮ, ਸਵੀਡਨ, ਵਿਖੇ ਸਵੀਡਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਵਲੋਂ 2006 ਵਿੱਚ ਮਈ ਦਿਨ ਤੇ ਪ੍ਰਦਰਸ਼ਨ
-
ਮੁੰਬਈ ਵਿੱਚ ਮਈ ਦਿਨ ਦੀ ਇੱਕ ਰੈਲੀ
-
ਸਟਾਕਹੋਮ, ਸਵੀਡਨ, ਵਿਖੇ 1899 ਵਿੱਚ ਇੱਕ ਰੈਲੀ
-
ਨਜ਼ਾਰੇਥ ਵਿੱਚ ਮਈ ਦਿਨ ਦੀ ਰੈਲੀ
-
ਇਜਵੇਸ਼ਕ, ਰੂਸ, 2008 ਵਿੱਚ ਮਈ ਦਿਨ ਤੇ ਪ੍ਰਦਰਸ਼ਨ
ਹਵਾਲੇ