ਆਲਮੀ ਜੀਵ ਵੰਨ-ਸੁਵੰਨਤਾ ਦਿਹਾੜਾ

ਆਲਮੀ ਜੀਵ ਵਿਭਿੰਨਤਾ ਦਿਵਸ ਹਰ ਸਾਲ 22 ਮਈ ਨੂੰ ਮਨਾਇਆ ਜਾਂਦਾ ਹੈ ਜਿਸ ਦੀ ਸ਼ੁਰੂਆਤ ਰਿਓ ਡੀ ਜਨੇਰੋ ਵਿਖੇ ਸਾਲ 1992 ਨੂੰ ਮਨਾਏ ਗਏ ਧਰਤ ਸੰਮੇਲਨ ਤੋਂ ਹੋਈ।[1]

ਜੀਵ ਵਿਭਿੰਨਤਾ

ਜੀਵ ਵਿਭਿੰਨਤਾ ਤੋਂ ਭਾਵ ਧਰਤੀ ਉੱਪਰ ਮਿਲਣ ਵਾਲੇ ਜੰਤੂਆਂ ਤੇ ਪੌਦਿਆਂ ਦੀਆਂ ਵੱਖ-ਵੱਖ ਕਿਸਮਾਂ ਹਨ। ਧਰਤੀ ਉੱਤੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਤੇ ਜੀਵ-ਜੰਤੂ ਕੁਦਰਤੀ ਰੂਪ ਵਿੱਚ ਨਿਵਾਸ ਕਰਦੇ ਹਨ। ਜੀਵ ਵਿਭਿੰਨਤਾ ਸ਼ਬਦ ਆਮ ਤੌਰ ’ਤੇ ਕੁਦਰਤੀ ਜਾਂ ਜੈਵਿਕ ਧਨ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਮਨੁੱਖ ਸਮੇਤ ਸਭ ਜੀਵ-ਜੰਤੂ ਅਤੇ ਰੁੱਖ ਅਤੇ ਪੌਦੇ ਸ਼ਾਮਲ ਹਨ। ਜੀਵ-ਵਿਭਿੰਨਤਾ ਜਾਂ ਜੀਵ ਮੂਲ ਹੀ ਧਰਤੀ ਉੱਤੇ ਜੀਵਨ ਦਾ ਆਧਾਰ ਹੈ। ਕਿਸੇ ਖੇਤਰ ਵਿੱਚ ਮਿਲਣ ਵਾਲੀ ਜੈਵਿਕ ਵਿਭਿੰਨਤਾ ’ਤੇ ਹੀ ਉਸ ਦੀ ਆਰਥਿਕ ਹਾਲਤ ਤੇ ਵਿਕਾਸ ਨਿਰਭਰ ਕਰਦਾ ਹੈ। ਮਨੁੱਖ ਇਸ ਜੈਵਿਕ ਵਿਭਿੰਨਤਾ ਨੂੰ ਸਾਧਨ ਵਜੋਂ ਵਰਤਦਾ ਹੈ। ਧਰਤੀ ਉੱਤੇ ਮਿਲਣ ਵਾਲਾ ਹਰ ਜੀਵ ਤੇ ਪੌਦਾ ਸਿੱਧੇ ਜਾਂ ਅਸਿੱਧੇ ਤੌਰ ’ਤੇ ਮਨੁੱਖ ਦੁਆਰਾ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ। ਜੈਵਿਕ ਵਿਭਿੰਨਤਾ ਨੂੰ ਅਸੀਂ ਕਈ ਢੰਗਾਂ ਨਾਲ ਵਰਤਦੇ ਹਾਂ।

ਵਿਗਿਆਨੀ

ਜੀਵ ਵਿਭਿੰਨਤਾ ਦੇ ਪਿਤਾਮਾ ਕਹੇ ਜਾਂਦੇ ਪ੍ਰਸਿੱਧ ਅਮਰੀਕੀ ਵਿਗਿਆਨੀ ਈ.ਓ. ਵਿਲਸਨ ਨੇ ਜੀਵ-ਵਿਭਿੰਨਤਾ ਨੂੰ ਜੀਵਨ ਦਾ ਕੱਚਾ ਮਾਲ ਮੰਨਿਆ ਹੈ। ਕਾਈ ਤੋਂ ਬੋੋਹੜ ਦੇ ਰੁੱਖ ਤੱਕ ਕੀਟਾਣੂਆਂ ਤੋਂ ਹਾਥੀ, ਵੇਲ ਤੱਕ ਜੀਵਾਂ ਦੀ ਅਨੇਕਤਾ ਹੀ ਧਰਤੀ ਨੂੰ ਸੁਰੱਖਿਅਤ ਰੱਖਦੀ ਹੈ। ਸਾਡੀ ਆਪਣੀ ਹੋਂਦ ਲਈ ਵੀ ਜੀਵ-ਵਿਭਿੰਨਤਾ ਜ਼ਰੂਰੀ ਹੈ। ਕਰੋੜਾਂ ਲੋਕਾਂ ਦਾ ਜੀਵਨ ਇਸ ਵਿਭਿੰਨਤਾ ਅਤੇ ਅਨੇਕਤਾ ’ਤੇ ਨਿਰਭਰ ਹੈ। ਭਾਰਤੀ ਆਯੁਰਵੇਦ ਦੇ ਪਿਤਾਮਾ ਚਰਕ ਨੇ ਆਪਣੀ ਕਿਤਾਬ ਚਰਕ ਸਮੀਹਤਾਂ ਵਿੱਚ ਸਿਰਫ਼ ਜੀਵਾਂ ਦੀ 200 ਅਤੇ ਪੌਦਿਆਂ ਦੀਆਂ 340 ਕਿਸਮਾਂ ਦਾ ਹੀ ਵਰਨਣ ਕੀਤਾ ਹੈ। ਅੰਦਾਜ਼ੇ ਮੁਤਾਬਕ ਜੀਵ-ਵਿਭਿੰਨਤਾ ਦੀ ਇਹ ਗਿਣਤੀ ਇੱਕ ਕਰੋੜ ਛੱਤੀ ਲੱਖ ਵੀਹ ਹਜ਼ਾਰ ਹੈ ਜਦੋਂ ਕਿ ਵਿਗਿਆਨੀ 17 ਲੱਖ ਜੂਨਾਂ ਹੀ ਲੱਭ ਸਕੇ ਹਨ।

ਜੈਵਿਕ ਭੰਡਾਰ

ਭਾਰਤ ਸੰਸਾਰ ਵਿੱਚ ਜੈਵਿਕ ਅਨੇਕਤਾ ਦੇ 12 ਭੰਡਾਰਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਜੀਵ-ਵਿਭਿੰਨਤਾ ਦੇ ਕੁਦਰਤੀ ਭੰਡਾਰ ਜੰਗਲਾਂ, ਸਿਲੀਆਂ ਧਰਤੀਆਂ (Wet Lands) ਚਰਾਂਦਾਂ, ਮੈਨਗਰੂਰਵਜ ਆਦਿ ਹਨ। ਅਨੇਕਾਂ ਪੌਦੇ ਜੰਤੂ ਅਤੇ ਸੂਖਮ ਜੀਵ ਉਹਨਾਂ ਇਲਾਕਿਆਂ ਵਿੱਚ ਵੀ ਜਿਉਂ ਸਕਦੇ ਹਨ ਜਿੱਥੇ ਮਨੁੱਖ ਨਹੀਂ ਜਿਉਂ ਸਕਦਾ ਜਿਵੇਂ ਕਿ ਜੰਮੇ ਹੋਏ, ਆਰਕਟਿਕ ਟੁੰਡਰਾਂ, ਸੁੱਕੇ ਮਾਰੂਥਲ ਜਾਂ ਡੂੰਘੇ ਸਮੁੰਦਰ ਆਦਿ।

"ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਿਜ਼ਕ ਆਗੈ ਕਰ ਧਰਿਆ।।"

— ਸ੍ਰੀ ਗੁਰੂ ਨਾਨਕ ਦੇਵ ਜੀ

"ਕੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਇ।।"

— ਸ੍ਰੀ ਗੁਰੂ ਨਾਨਕ ਦੇਵ ਜੀ

ਨਿਵਾਸ ਸਥਾਨ

ਤਾਜ਼ਾ ਪਾਣੀ, ਲੂਣ-ਜਲੀ, ਸਮੁੰਦਰੀ ਤਟ, ਮਨੁੱਖੀ ਨਿਰਮਾਣਤ ਖੇਤ, ਬਾਗ, ਦਰਿਆ, ਜੰਗਲ, ਚਰਾਗਾਹਾਂ, ਮਾਰੂਥਲ ਜੀਵ ਵਿਭਿੰਨਤਾ ਦੇ ਵੱਡਮੁੱਲੇ ਨਿਵਾਸ ਸਥਾਨ ਹਨ।

ਪੰਜਾਬ

ਪੰਜਾਬ ਦਾ 85% ਖੇਤਰ ਖੇਤੀ ਹੇਠ ਅਤੇ ਕਰੀਬ 6% ਖੇਤਰ ਜੰਗਲ ਹਨ। ਸੋ ਇੱਥੇ ਮੁੱਖ ਪ੍ਰਸਥਿਤਿਕ ਪ੍ਰਬੰਧ ਫਸਲੀ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਰਾਜ ਜੀਵ-ਵਿਭਿੰਨਤਾ ਲਈ ਪ੍ਰਸਿੱਧ ਸੀ। ਪਰ ਅਜੋਕੇ ਖੇਤੀਬਾੜੀ ਪ੍ਰਬੰਧ ਨੇ ਜੀਵ-ਵਿਭਿੰਨਤਾ ਨੂੰ ਵੱਡੀ ਪੱਧਰ ’ਤੇ ਖੋਰਾ ਲਾਇਆ ਹੈ। ਕਿਉਂਕਿ ਰਸਾਇਣਕ ਖਾਦਾਂ ਦੀ ਭਾਰੀ ਵਰਤੋਂ ਨੇ ਜੀਵਾਂ ਦੀ ਜਨਣ ਕਿਰਿਆ ’ਤੇ ਬੁਰਾ ਅਸਰ ਪਾਇਆ ਹੈ। ਕੀਟਨਾਸ਼ਕ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਨੇ ਮਿੱਤਰ ਕੀੜਿਆਂ ਅਤੇ ਪੌਦਿਆਂ ਨੂੰ ਨਸ਼ਟ ਕਰ ਦਿੱਤਾ ਹੈ। ਪਾਣੀ ਪ੍ਰਦੂਸ਼ਣ ਕਾਰਨ ਪਾਣੀ ਵਿਚਲੀਆਂ ਜੀਵ ਪ੍ਰਜਾਤੀਆਂ ’ਤੇ ਬੁਰਾ ਅਸਰ ਪੈ ਰਿਹਾ ਹੈ।

ਲਾਭ

  • ਸੰਤੁਲਿਤ ਜੀਵ-ਵਿਭਿੰਨਤਾ ਸਾਡੀਆਂ ਮੌਲਿਕ ਲੋੜਾਂ ਦੀ ਪੂਰਕ ਹੈ ਜਿਵੇਂ ਭੋਜਨ, ਤਾਜ਼ਾ ਪਾਣੀ, ਸਾਫ਼ ਹਵਾ, ਦਵਾਈਆਂ, ਨਿਵਾਸ ਸਥਲ ਆਦਿ। ਧਰਤੀ ’ਤੇ ਮੁੱਢਲੇ ਉਤਪਾਦਕ ਪੌਦੇ ਹਨ।
  • ਭਾਰਤ ਦੇ ਰਵਾਇਤੀ ਵੈਦ ਪੌਦਿਆਂ ਦੀਆਂ 2500 ਕਿਸਮਾਂ ਦੀ ਵਰਤੋਂ ਦਵਾਈਆਂ ਦੇ ਤੌਰ ’ਤੇ ਵੱਖ-ਵੱਖ ਬੀਮਾਰੀਆਂ ਦੇ ਇਲਾਜ ਲਈ ਕਰਦੇ ਹਨ।
  • ਪੈਨਿਸੀਲੀਨ ਵਰਗੀਆਂ ਕਈ ਪ੍ਰਤੀ ਜੈਵਿਕ ਦਵਾਈਆਂ ਉੱਲੀਆਂ ਤੋਂ ਪ੍ਰਾਪਤ ਹੁੰਦੀਆਂ ਹਨ।
  • ਮਲੇਰੀਆ ਦੀ ਰੋਕਥਾਮ ਲਈ ਸਿਨੋਕਨਾ ਰੁੱਖ ਦੇ ਛਿੱਲੜ ਦੀ ਵਰਤੋਂ ਕੁਨੀਨ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ।
  • ਯਿਉ ਰੁੱਖ ਦੇ ਛਿੱਲੜ ਤੋਂ ਅੰਡੇਦਾਨੀ ਅਤੇ ਛਾਤੀ ਦੇ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ।
  • ਟਰਮੀਨੇਲੀਆ ਪ੍ਰਜਾਤੀ ਤੋਂ ਕਬਜ਼ ਰੋਕੂ ਅਤੇ ਸੋਜ਼ ਉਤਾਰਨ ਲਈ ਦਵਾਈ ਤਿਆਰ ਹੁੰਦੀ ਹੈ।
  • ਜੀਵ-ਵਿਭਿੰਨਤਾ ਵਾਤਾਵਰਣ ਪੱਖ ਤੋਂ ਮਹੱਤਵਪੂਰਨ ਹੈ ਜਿਵੇਂ ਹਵਾ ਅਤੇ ਜਲ ਸ਼ੁੱਧੀਕਰਨ, ਸੋਕਾ ਅਤੇ ਹੜ੍ਹਾਂ ਨੂੰ ਰੋਕਣਾ, ਪੌਸ਼ਟਿਕ ਤੱਤਾਂ ਦਾ ਚੱਕਰ ਆਦਿ।

ਹਵਾਲੇ

  1. "Convention on Biological Diversity (CBD) page for IBD". Retrieved 2011-04-21.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya