ਪੰਜਾਬ ਦਾ ਇਤਿਹਾਸ
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ।[1] ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ। ਸਿੰਧੂ ਘਾਟੀ ਦੀ ਸਭਿਅਤਾਪੁਰਾਤਤਵੀ ਖੋਜਾਂ ਤੋਂ ਪਤਾ ਲਗਦਾ ਹੈ ਕਿ ਅੰ. 3300 ਈ.ਪੂ. ਤੋਂ ਸਿੰਧ ਦਰਿਆ ਦੇ ਨੇੜੇ ਤੇੜੇ ਕੁਝ ਭਾਈਚਾਰਿਆਂ ਦਾ ਵਿਕਾਸ ਹੋਇਆ ਜਿਹਨਾਂ ਨੇ ਬਾਅਦ ਵਿੱਚ ਮਿਲ ਕੇ ਸਿੰਧ ਘਾਟੀ ਦੀ ਸਭਿਅਤਾ ਬਣਾਈ ਜੋ ਕਿ ਮਨੁੱਖੀ ਇਤਿਹਾਸ ਦੀ ਸਭ ਤੋਂ ਪਹਿਲੀਆਂ ਸੱਭਿਅਤਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਵਿੱਚ ਹੜੱਪਾ (ਪੱਛਮੀ ਪੰਜਾਬ ਦਾ ਸਾਹੀਵਾਲ ਜ਼ਿਲ੍ਹਾ) ਵਰਗੇ ਵੱਡੇ ਸ਼ਹਿਰ ਸ਼ਾਮਲ ਸਨ। 19ਵੀਂ ਸਦੀ ਈ.ਪੂ. ਤੋਂ ਬਾਅਦ ਇਹ ਸੱਭਿਅਤਾ ਦਾ ਅਗਿਆਤ ਕਾਰਨਾਂ ਕਰਕੇ ਖਤਮ ਹੋ ਗਈ। ਵੈਦਿਕ ਕਾਲ![]() ਵੈਦਿਕ ਸਮੇਂ ਨੂੰ ਇੰਡੋ-ਆਰੀਅਨ ਲੋਕਾਂ ਦੇ ਸੱਭਿਆਚਾਰ ਨਾਲ ਦਰਸਾਇਆ ਗਿਆ ਹੈ ਜਿਸ ਵਿੱਚ ਵੇਦਾਂ ਦੀ ਬਾਣੀ ਸ਼ਾਮਿਲ ਹੈ ਜਿਹੜੇ ਕਿ ਹਿੰਦੂਆਂ ਦੇ ਪਵਿੱਤਰ ਗ੍ਰੰਥ ਮੰਨੇ ਜਾਂਦੇ ਹਨ, ਅਤੇ ਜਿਹੜੇ ਮੂੰਹ-ਜ਼ਬਾਨੀ ਵੈਦਿਕ ਸੰਸਕ੍ਰਿਤ ਵਿੱਚ ਰਚੇ ਗਏ ਸਨ। ਇਸ ਵਿੱਚ ਪ੍ਰਾਚੀਨ ਪੰਜਾਬ (ਜਿਸਨੂੰ ਸਪਤ ਸਿੰਧੂ ਕਿਹਾ ਗਿਆ ਹੈ) ਦੀ ਸਮਾਜਿਕ-ਸੱਭਿਆਚਾਰਕ ਉੱਨਤੀ ਦਾ ਸਾਹਿਤਿਕ ਵੇਰਵਾ ਸ਼ਾਮਿਲ ਹੈ ਅਤੇ ਇਸਦੇ ਲੋਕਾਂ ਬਾਰੇ ਵੀ ਥੋੜ੍ਹੀ ਜਾਣਕਾਰੀ ਮਿਲਦੀ ਹੈ। ਵੈਦਿਕ ਸਮਾਜ ਆਮ ਤੌਰ ਤੇ ਕਬੀਲਿਆਂ ਵਿੱਚ ਰਹਿੰਦਾ ਸੀ। ਕੁਝ ਪਰਿਵਾਰ ਮਿਲਾ ਕੇ ਗਰਾਮ ਬਣਦਾ ਸੀ, ਕੁਝ ਗਰਾਮ ਮਿਲਾ ਕੇ ਵਿਸ (ਬਰਾਦਰੀ) ਬਣਦਾ ਸੀ, ਕੁਝ ਵਿਸ ਮਿਲਾ ਕੇ ਜਨ (ਕਬੀਲਾ) ਬਣਦਾ ਸੀ। ਜਨਾਂ ਨੂੰ ਰਾਜਨਾਂ ਦੁਆਰਾਂ ਚਲਾਇਆ ਜਾਂਦਾ ਸੀ, ਜਿਹੜੇ ਕਿ ਅਕਸਰ ਦੂਜੇ ਕਬੀਲਿਆਂ ਨਾਲ ਲੜਦੇ ਰਹਿੰਦੇ ਸਨ। ਇਹਨਾਂ ਲੜਾਈ-ਝਗੜਿਆਂ ਵਿੱਚੋਂ ਹੀ ਲੋਕਾਂ ਦੇ ਵੱਡੇ ਸਮੂਹ ਪੈਦਾ ਹੋਏ ਜਿਹਨਾਂ ਨੂੰ ਸਮਰਾਟ ਜਾਂ ਰਾਜਿਆਂ ਦੁਆਰਾ ਚਲਾਇਆ ਜਾਂਦਾ ਸੀ। ਇਸ ਦੇ ਨਤੀਜੇ ਵੱਜੋਂ ਜਿੱਤਾਂ ਅਤੇ ਸਾਮਰਾਜਾਂ ਨੂੰ ਵਧਾਉਣ ਦਾ ਇੱਕ ਨਵਾਂ ਰਾਜਨੀਤਿਕ ਫ਼ਲਸਫ਼ਾ ਪੈਦਾ ਹੋਇਆ, ਜਿਸ ਕਰਕੇ ਇਸ ਰਾਜ ਦੇ ਮੂਲ ਸਮੇਂ ਤੋਂ ਹੀ ਇੱਥੋਂ ਦੇ ਲੋਕਾਂ ਨੂੰ ਫ਼ੌਰੀ ਜੰਗਾਂ ਲਈ ਤਿਆਰ ਰਹਿਣਾ ਪੈਂਦਾ ਸੀ। ਰਿਗਵੇਦਿਕ ਯੁੱਗ ਦੀ ਸਭ ਤੋਂ ਮਹੱਤਵਪੂਰਨ ਘਟਨਾ ਦਸ਼ਰਾਜ ਯੁੱਧ (ਦਸ ਰਾਜਿਆਂ ਦਾ ਯੁੱਧ) ਸੀ ਜਿਹੜਾ ਕਿ ਪਰੁਸ਼ਨੀ ਨਦੀ (ਅੱਜਕੱਲ੍ਹ ਦਾ ਰਾਵੀ ਦਰਿਆ) ਦੇ ਕੰਢੇ ਉੱਤੇ ਭਾਰਤ ਵੰਸ਼ ਦੇ ਰਾਜੇ ਸੁਦਾਸ ਅਤੇ ਦਸ ਕਬੀਲਿਆਂ ਦੇ ਮਹਾਂਸੰਘ ਵਿਚਕਾਰ ਲੜਿਆ ਗਿਆ ਸੀ।[2] ਦਸ ਕਬੀਲੇ ਸੁਦਾਸ ਦੇ ਵਿਰੁੱਧ ਉੱਠ ਖੜ੍ਹੇ ਹੋਏ ਜਿਸ ਵਿੱਚ ਪੰਜ ਮੁੱਖ ਪੁਰੂ, ਦਰੁਹਯੁਸ, ਅਨਸ, ਤੁਰਵਾਸਾ ਅਤੇ ਯਾਦੂ ਸਨ ਅਤੇ ਪੰਜ ਛੋਟੇ ਕਬੀਲੇ ਸ਼ਾਮਿਲ ਸਨ, ਜਿਹਨਾਂ ਦਾ ਮੂਲ ਅੱਜਕੱਲ੍ਹ ਦੇ ਪੰਜਾਬ ਦਾ ਉੱਤਰ-ਪੱਛਮੀ ਅਤੇ ਪੱਛਮੀ ਸੀਮਾ ਮੰਨਿਆ ਜਾਂਦਾ ਹੈ - ਜਿਹਨਾਂ ਵਿੱਚ ਪਖਤਾਸ, ਅਲੀਨਾ, ਭਲਣ, ਵਿਸਾਨਿਨ ਅਤੇ ਸਿਵਾ ਸ਼ਾਮਿਲ ਸਨ। ਰਾਜੇ ਸੁਦਾਸ ਦੀ ਮਦਦ ਵੈਦਿਕ ਰਿਸ਼ੀ ਵਸ਼ਿਸ਼ਟ ਨੇ ਕੀਤੀ ਸੀ। ਰਾਜੇ ਸੁਦਾਸ ਦੇ ਸਾਬਕਾ ਪੁਰੋਹਿਤ ਰਿਸ਼ੀ ਵਿਸ਼ਵਾਮਿੱਤਰ ਨੇ ਦਸ ਕਬੀਲਿਆਂ ਦੇ ਮਹਾਂਸੰਘ ਦਾ ਸਾਥ ਦਿੱਤਾ।[3] ਪਾਣਿਨੀ ਅਤੇ ਕੌਟਿਲਿਆ ਦੇ ਸਮੇਂ ਦਾ ਪੰਜਾਬਪਾਣਿਨੀ ਇੱਕ ਮਸ਼ਹੂਰ ਸੰਸਕ੍ਰਿਤ ਵਿਆਕਰਨਕਾਰ ਸਨ ਜਿਹਨਾਂ ਦਾ ਜਨਮ ਸ਼ਲਾਤੁਰ ਵਿੱਚ ਹੋਇਆ ਸੀ, ਜਿਹੜਾ ਕਿ ਇਸ ਵੇਲੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਦੇ ਇੱਕ ਜ਼ਿਲ੍ਹੇ ਵਿੱਚ ਹੈ। ਉਸਦੀ ਇੱਕ ਲਿਖਤ ਅਸ਼ਟਧਿਆਈ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਸਮੇਂ ਦੇ ਪੰਜਾਬ ਦੇ ਲੋਕ ਮੁੱਖ ਤੌਰ ਤੇ ਹਥਿਆਰਾਂ ਦਾ ਕਾਰੋਬਾਰ ਕਰਦੇ ਸਨ। ਉਸਦੀ ਲਿਖਤ ਵਿੱਚ ਬਹੁਤ ਸਾਰੇ ਕਬੀਲੇ "ਆਯੂਧਜਵਨ ਸੰਘ" ਸਨ,, ਜਿਸਦਾ ਮਤਲਬ ਹਥਿਆਰਾਂ ਦੇ ਜ਼ੋਰ ਉੱਤੇ ਜ਼ਿੰਦਗੀ ਜਿਉਣ ਵਾਲੇ ਹੈ। ਜਿਹੜੇ ਲੋਕ ਮੈਦਾਨਾਂ ਵਿੱਚ ਰਹਿੰਦੇ ਸਨ, ਉਹਨਾਂ ਨੂੰ ਵਾਹਿਕ ਸੰਘ ਕਿਹਾ ਜਾਂਦਾ ਸੀ।,[4] ਅਤੇ ਜਿਹੜੇ ਪਰਬਤੀ ਇਲਾਕਿਆਂ ਵਿੱਚ ਰਹਿੰਦੇ ਸਨ (ਜਿਸ ਵਿੱਚ ਅੱਜਕੱਲ੍ਹ ਦੇ ਅਫ਼ਗ਼ਾਨਿਸਤਾਨ ਦਾ ਉੱਤਰ-ਪੂਰਬੀ ਇਲਾਕਾ ਵੀ ਸ਼ਾਮਿਲ ਹੈ) ਉਹਨਾਂ ਨੂੰ ਪਰਵਤੀ ਸੰਘ ਕਿਹਾ ਜਾਂਦਾ ਸੀ।[5] ਇੱਕ ਖਿਆਲ ਮੁਤਾਬਕ ਵਾਹਿਕ ਸੰਘ ਜਿਸ ਵਿੱਚ ਮੁੱਖ ਤੌਰ ਤੇ ਵਰਿਕ ਸ਼ਾਮਿਲ ਸਨ (ਜਿਹੜੇ ਸ਼ਾਇਦ ਅੱਜਕੱਲ੍ਹ ਦੇ ਵਿਰਕ ਜੱਟ ਹਨ), ਦਾਮਿਨੀ, ਜਿਹੜਾ ਕਿ ਛੇ ਰਾਜਾਂ ਦਾ ਸਮੂਹ ਸੀ, ਨੂੰ ਤ੍ਰਿਗਰਤ-ਸ਼ਸ਼ਥ ਕਿਹਾ ਜਾਂਦਾ ਸੀ, ਯੌਧਿਆ, ਜਿਹੜੇ ਅੱਜਕੱਲ੍ਹ ਦੇ ਜੋਇਆ ਜਾਂ ਜੋਹੀਆ ਰਾਜਪੂਤ ਜਾਂ ਕੁਝ ਕੰਬੋਜ, ਪਾਰਸੂ, ਕੇਕਾਇਆ, ਉਸੀਨਾਰ, ਸਿਬੀ (ਸ਼ਾਇਦ ਅੱਜਕੱਲ੍ਹ ਦੇ ਸਿਵੀਆ ਜੱਟ?),[6] ਸ਼ੁਦਰਾਕ, ਮਾਲਵਾ, ਭਾਰਤ ਅਤੇ ਮਦਰਕ ਕਬੀਲੇ[7], ਜਦਕਿ ਦੂਜੇ ਲੋਕ ਜਿਹਨਾਂ ਨੂੰ ਪਰਵਤੀ ਅਯੂਧਾਜਿਵਿਨ ਕਿਹਾ ਗਿਆ ਹੈ, ਇਹਨਾਂ ਵਿੱਚ ਮੁੱਖ ਤੌਰ ਤੇ ਤ੍ਰਿਗਰਤ, ਦਰਵਾਸ, ਹਸਤਯਾਨ ਦਾ ਗੰਧਾਰ ਕਬੀਲਾ[8], ਨਿਹਾਰ, ਹਮਸਮਰਗ ਅਤੇ ਅਸ਼ਵਾਯਾਨ ਅਸ਼ਵਾਕਿਆਨ ਦੇ ਕੰਬੋਜ ਕਬੀਲੇ[9][10], ਅਪ੍ਰਿਤ,ਮਧੂਵੰਤ (ਜਿਹਨਾਂ ਨੂੰ ਰੋਹਿਤਗਿਰੀ ਕਿਹਾ ਜਾਂਦਾ ਹੈ), ਗਿਲਗਿਤ ਵਿੱਚ ਚਿਤਰਾਲ ਦੇ ਦਰਾਦ ਸ਼ਾਮਿਲ ਸਨ। ਇਸ ਤੋਂ ਅੱਗੇ, ਪਾਣਿਨੀ ਕੁਰੂਆਂ, ਗੰਧਾਰ ਅਤੇ ਕੰਬੋਜਾਂ ਦੇ ਖੱਤਰੀਆਂ ਦੀ ਵੀ ਗੱਲ ਕਰਦਾ ਹੈ।[11] ਇਹ ਖੱਤਰੀ ਜਾਂ ਯੋਧੇ ਕਬੀਲੇ ਮਿਲ ਕੇ ਇੱਕ ਵੱਖਰਾ ਗਣਰਾਜ ਬਣਾਉਂਦੇ ਸਨ, ਜਿਸਦੀ ਕਿ ਪਾਣਿਨੀ ਦੀ ਅਸ਼ਟਾਧਿਆਈ ਵਿੱਚ ਤਸਦੀਕ ਕੀਤੀ ਗਈ ਹੈ। ਕੌਟਿਲਿਆ ਦਾ ਅਰਥਸ਼ਾਸਤਰ, ਜਿਸਦੀ ਸਭ ਤੋਂ ਪੁਰਾਣੀ ਪਰਤ ਚੌਥੀ ਸਦੀ ਈ.ਪੂ. ਨਾਲ ਜੋੜੀ ਜਾ ਸਕਦੀ ਹੈ ਕਿ ਕਈ ਸੈਨਿਕ ਸਮੂਹਾਂ ਦੀ ਗੱਲ ਕਰਦੀ ਹੈ ਜਿਸ ਵਿੱਚ ਖ਼ਾਸ ਕਰਕੇ ਕੰਬੋਜਾ, ਸੌਰਾਸ਼ਟਰ ਅਤੇ ਕੁਝ ਹੋਰ ਹੱਦ ਉੱਤੇ ਸਥਿਤ ਲੜਾਕੂ ਕਬੀਲਿਆ ਦਾ ਜ਼ਿਕਰ ਹੈ ਜਿਹੜੇ ਵਰਤ-ਸ਼ਾਸਤਰ-ਉਪਾਜਿਵੀਨ (i.e., ਹਥਿਆਰਾਂ ਅਤੇ ਵਰਤ ਸਿਰ ਤੇ ਜਿਉਣਾ) ਸ਼੍ਰੇਣੀ ਨਾਲ ਸਬੰਧ ਰੱਖਦੇ ਸਨ। ਜਦਕਿ ਮਦਰਕ, ਮੱਲਾ ਅਤੇ ਕੁਰੂ ਆਦਿ ਰਾਜਾ-ਸ਼ਬਦ-ਉਪਾਜਿਵੀਨ (ਜਿਹੜੇ ਰਾਜੇ ਦੀ ਉਪਾਧੀ ਵਰਤਦੇ ਸਨ) ਸ੍ਰੇਣੀ ਨਾਲ ਸਬੰਧ ਰੱਖਦੇ ਸਨ।[12][13][14][15][16] ਡਾ. ਆਰਥਰ ਕੋਕ ਬਰਨਲ ਨੇ ਇਹ ਵੇਖਿਆ: "ਪੱਛਮ ਵਿੱਚ, ਕੰਬੋਜਾ ਅਤੇ ਕਟਾਵਾਂ ਕੋਲ ਹਿੰਮਤ ਅਤੇ ਯੁੱਧਾਂ ਵਿੱਚ ਉੱਚ ਮਾਣ ਅਤੇ ਯੁੱਧਾਂ ਵਿੱਚ ਨਿਪੁੰਨਤਾ ਹਾਸਲ ਸੀ, ਸੌਭੂਤੀ, ਯੂਧੇਅਸ, ਅਤੇ ਦੋ ਇਕੱਠੇ ਕਬੀਲੇ, ਸਿਬੀ, ਮਾਲਵਾ ਅਤੇ ਸ਼ੁਦਰਾਕ, ਜਿਹੜੇ ਕਿ ਗਿਣਤੀ ਅਤੇ ਜੰਗ ਵਿੱਚ ਭਾਰਤ ਦੇ ਰਾਜਾਂ ਵਿੱਚ ਬਹੁਤ ਮਹੱਤਵਪੂਰਨ ਸਨ।"[17][18] ਇਸ ਕਰਕੇ ਇਹ ਵੇਖਿਆ ਜਾ ਸਕਦਾ ਹੈ ਕਿ ਵੈਦਿਕ ਸੱਭਿਅਤਾ ਵਿੱਚ ਪੈਦਾ ਹੋਏ ਲੜਾਈ-ਝਗੜੇ ਪਾਣਿਨੀ ਅਤੇ ਕੌਟਿਲਿਆ ਦੇ ਸਮੇਂ ਵਿੱਚ ਵੀ ਜਾਰੀ ਰਹੇ। ਅਸਲ ਵਿੱਚ ਉਸ ਸਮੇਂ ਦੇ ਪੰਜਾਬ ਦਾ ਸਾਰਾ ਖੇਤਰ ਲੜਾਕੂ ਅਤੇ ਦਲੇਰ ਲੋਕਾਂ ਨਾਲ ਭਰਿਆ ਹੋਇਆ ਸੀ। ਇਤਿਹਾਸ ਗਵਾਹ ਹੈ ਕਿ ਇਹਨਾਂ ਅਯੂਧਾਜੀਵਿਨ ਕਬੀਲਿਆਂ ਨੇ ਹਖ਼ਾਮਨੀ ਸ਼ਾਸਕਾਂ ਨੂੰ 6ਵੀਂ ਸਦੀ ਵਿੱਚ ਪੂਰੀ ਵਿਰੋਧਤਾ ਦਿੱਤੀ ਅਤੇ ਪਿੱਛੋਂ ਚੌਥੀ ਸਦੀ ਈ.ਪੂ. ਵਿੱਚ ਮਕਦੂਨੀਆ ਦੇ ਹਮਲਾਵਰਾਂ ਦਾ ਵੀ ਸਾਹਮਣਾ ਕੀਤਾ। ਪੰਜਾਬ ਦੇ ਇਤਿਹਾਸ ਦੇ ਮੁਤਾਬਿਕ: "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੰਬੋਜਾਂ, ਦਰਾਦਸਾਂ, ਕੇਕਾਇਆਂ, ਮਦਰਾਂ, ਪੌਰਵਾਂ, ਯੌਧੇਆਏ, ਮਾਲਵਾਂ, ਸਿੰਧੂਆਂ ਅਤੇ ਕੁਰੂਆਂ ਨੇ ਮਿਲ ਕੇ ਪੁਰਾਣੇ ਪੰਜਾਬ ਦੇ ਇੱਕ ਦਲੇਰ ਅਤੇ ਹਿੰਮਤੀ ਸੱਭਿਆਚਾਰ ਦੇ ਵਿਕਾਸ ਵਿੱਚ ਹਿੱਸਾ ਪਾਇਆ ਸੀ।"[19][20] ਬੁੱਧਮਤ ਦੇ ਸਮੇਂ ਦਾ ਪੰਜਾਬਬੁੱਧ ਮੱਤ ਦੀ ਧਾਰਮਿਕ ਕਿਤਾਬ ਅੰਗੁੱਤਰ ਨਕਾਏ ਵਿੱਚ 16 ਵੱਡੇ ਦੇਸ਼ਾਂ (ਮਹਾਂਜਨਪਦ) ਦਾ ਜ਼ਿਕਰ ਹੈ ਜਿਹਨਾਂ ਵਿੱਚ ਵਿਚੋਂ ਦੋ ਪੁਰਾਣੇ ਪੰਜਾਬੀ ਨਗਰ ਗੰਧਾਰ ਅਤੇ ਕੰਬੋਜਾ ਸ਼ਾਮਲ ਸਨ ਅਤੇ ਮਹਾਤਮਾ ਬੁੱਧ ਦੇ ਜੀਵਨਕਾਲ ਤੋਂ ਪਹਿਲਾਂ ਜੰਬੂਦੀਪ ਦੇ ਕੋਲ ਜਾਂ ਆਸ-ਪਾਸ ਵਧੇ-ਫੁੱਲੇ ਸਨ। ਪ੍ਰਾਕ੍ਰਿਤ ਬੋਲੀ ਦੀਆਂ ਪੁਰਾਣੀਆਂ ਲਿਖਤਾਂ ਵਿੱਚ ਵੀ ਇਹਨਾਂ ਨਗਰਾਂ ਦੇ ਬਾਰੇ ਲਿਖਿਆ ਹੋਇਆ ਹੈ ਅਤੇ ਉਹਨਾਂ ਵਿੱਚ ਲਿਖਿਆ ਹੈ ਕਿ 16 ਪ੍ਰਾਚੀਨ ਰਾਜਨੀਤਿਕ ਸ਼ਕਤੀਆਂ ਵਿੱਚੋਂ ਸਿਰਫ਼ ਕੰਬੋਜਾ ਤੇ ਗੰਧਾਰ ਹੀ ਉੱਤਰਪਥ ਵਿੱਚ ਆਉਂਦੇ ਸਨ ਪਰ ਇਹਨਾਂ ਦੀਆਂ ਬਿਲਕੁਲ ਠੀਕ ਹੱਦਾਂ ਬਾਰੇ ਸਪਸ਼ਟ ਤੌਰ ਤੇ ਨਹੀਂ ਦੱਸਿਆ ਗਿਆ। ਮੰਨਿਆ ਜਾਂਦਾ ਹੈ ਕਿ ਗੰਧਾਰ ਅਤੇ ਕੰਬੋਜਾ ਉੱਪਰੀ ਸਿੰਧ ਖੇਤਰ ਵਿੱਚ ਆਉਂਦੇ ਸਨ ਜਿਸ ਵਿੱਚ ਕਸ਼ਮੀਰ, ਪੂਰਬੀ ਅਫ਼ਗ਼ਾਨਿਸਤਾਨ ਤੋਂ ਇਲਾਵਾ ਪੱਛਮੀ ਪੰਜਾਬ ਦੇ ਜ਼ਿਆਦਾਤਰ ਉਹ ਹਿੱਸੇ ਵੀ ਆਉਂਦੇ ਸਨ ਜਿਹੜੇ ਕਿ ਇਸ ਵੇਲੇ ਪਾਕਿਸਤਾਨ ਦਾ ਹਿੱਸਾ ਹਨ।[21] ਬੋਧੀ ਗੰਧਾਰ ਦੀਆਂ ਹੱਦਾਂ ਮੁਲਤਾਨ ਤੱਕ ਚਲੀਆਂ ਜਾਂਦੀਆਂ ਸਨ ਅਤੇ ਬੋਧੀ ਕੰਬੋਜਾਂ ਦੀਆਂ ਹੱਦਾਂ ਰਾਜੌਰੀ/ਪੁੰਛ, ਅਭੀਸਾਰ ਅਤੇ ਹਜ਼ਾਰੇ ਤੱਕ ਅਤੇ ਇਸ ਤੋਂ ਇਲਾਵਾ ਪੂਰਬੀ ਅਫ਼ਗ਼ਾਨਿਸਤਾਨ ਦੀਆਂ ਸਵਾਤ, ਕੁਨਾਰ ਅਤੇ ਕਪੀਸਾ ਵਾਦੀਆਂ ਵੀ ਕੰਬੋਜਾਂ ਦੀਆਂ ਹੱਦਾਂ ਵਿੱਚ ਆਉਂਦੀਆਂ ਸਨ। ਮਾਈਕਲ ਵਿਟਜ਼ਲ ਨੇ ਇਸ ਖੇਤਰ ਨੂੰ ਵੱਡਾ ਪੰਜਾਬ ਦੱਸਿਆ। ਬੋਧੀ ਲਿਖਤਾਂ ਵਿੱਚ ਉੱਤਰੀ ਇਲਾਕਿਆਂ ਦੇ ਅਤੇ ਖ਼ਾਸ ਕਰਕੇ ਕੰਬੋਜਾਂ ਦੇ ਬਹੁਤ ਵਧੀਆ ਦਰਜੇ ਦੇ ਘੋੜਿਆਂ ਅਤੇ ਘੋੜਸਵਾਰਾਂ ਬਾਰੇ ਵੀ ਜ਼ਿਕਰ ਹੈ।[22] ਹਾਲਾਂਕਿ, ਚੁੱਲਾ-ਨਿਦੇਸਾ, ਜਿਹੜੀ ਕਿ ਬੋਧੀਆਂ ਦੀ ਇੱਕ ਹੋਰ ਪੁਰਾਣੀ ਲਿਖਤ ਹੈ, ਵਿੱਚ ਗੰਧਾਰ ਦੀ ਥਾਂ ਤੇ ਯੋਨਾ ਦਾ ਨਾਮ ਹੈ ਅਤੇ ਕੰਬੋਜਾਂ ਅਤੇ ਯੋਨਾ ਨੂੰ ਉੱਤਰਪਥ ਦੇ ਸਿਰਫ਼ ਦੋ ਵੱਡੇ ਮਹਾਂਜਨਪਦ ਦੱਸਿਆ ਹੈ।[23] ਇਸ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਬੋਧੀਆਂ ਦੁਆਰਾ ਚੁੱਲਾ-ਨਿਦੇਸਾ ਲਿਖਣ ਦੇ ਸਮੇਂ ਕੰਬੋਜਾ ਵਿੱਚ ਗੰਧਾਰ ਵੀ ਸ਼ਾਮਿਲ ਸੀ। ਸਾਮਰਾਜਹਖ਼ਾਮਨੀ ਸਾਮਰਾਜ![]() ਪ੍ਰਾਚੀਨ ਗੰਧਾਰ, ਕੰਬੋਜਾ ਅਤੇ ਤਕਸ਼ਿਲਾ ਦੇ ਉੱਤਰੀ ਪੰਜਾਬ ਵਿੱਚ ਪੱਛਮੀ ਹਿੱਸੇ ਹਖ਼ਾਮਨੀ ਸਾਮਰਾਜ ਦੇ ਦੂਰ ਪੂਰਬੀ ਕਿਨਾਰੇ ਉੱਤੇ ਪੈਂਦੇ ਸਨ। ਉੱਪਰੀ ਸਿੰਧ ਖੇਤਰ, ਜਿਸ ਵਿੱਚ ਗੰਧਾਰ ਅਤੇ ਕੰਬੋਜਾ ਦੇ ਖੇਤਰ ਸ਼ਾਮਿਲ ਸਨ, ਮਿਲ ਕੇ ਹਖ਼ਾਮਨੀ ਸਾਮਰਾਜ ਦਾ ਸੱਤਵਾਂ ਰਾਜ ਬਣਦਾ ਸੀ, ਅਤੇ ਮੱਧ ਅਤੇ ਹੇਠਲਾ ਸਿੰਧ ਖੇਤਰ, ਜਿਸ ਵਿੱਚ ਸਿੰਧੂ, ਸਿੰਧ ਅਤੇ ਸੌਵੀਰ ਸ਼ਾਮਿਲ ਸਨ, ਮਿਲ ਕੇ 20ਵਾਂ ਸੂਬਾ ਬਣਦੇ ਸਨ, ਜਿਹੜੇ ਕਿ ਹਖ਼ਾਮਨੀ ਸਾਮਰਾਜ ਦੇ ਸਭ ਤੋਂ ਪੂਰਬੀ ਖੇਤਰ ਸਨ। ਇਹ ਖੇਤਰ ਸਾਲਾਨਾ ਤੌਰ ਤੇ ਹਖ਼ਾਮਨੀ ਸਾਮਰਾਜ ਨੂੰ ਭਾਰੀ ਮਾਤਰਾ ਵਿੱਚ ਸੋਨਾ ਪੇਸ਼ ਕਰਦੇ ਸਨ। ਇਹ ਵੀ ਕਿਹਾ ਜਾਂਦਾ ਸੀ ਕਿ ਸਿੰਧ ਦੀਆਂ ਭਾਰਤੀ ਰਿਆਸਤਾਂ ਅਤੇ ਪੰਜਾਬ ਖੇਤਰ ਦੇ ਸਾਤਰਾਪ (ਰਾਜਪਾਲ) ਫ਼ਾਰਸੀ ਸਾਮਰਾਜਾਂ ਵਿੱਚੋਂ ਸਭ ਤੋਂ ਅਮੀਰ ਹੁੰਦੇ ਸਨ ਜਿਹੜੇ ਕਿ ਬਹੁਤ ਭਾਰੀ ਕਰ ਵਸੂਲਦੇ ਸਨ ਅਤੇ ਇਸ ਤੋਂ ਇਲਾਵਾ ਸੇਵਾ ਵਿੱਚ ਸਿਪਾਹੀ ਵੀ ਲੈਂਦੇ ਸਨ। ![]() ਪ੍ਰਾਚੀਨ ਯੂਨਾਨੀਆਂ ਨੂੰ ਇਸ ਖੇਤਰ ਬਾਰੇ ਜਾਣਕਾਰੀ ਸੀ। ਡਾਰੀਅਸ ਪਹਿਲੇ ਨੇ ਸਕਾਈਲੈਕਸ ਨੂੰ ਸਿੰਧ ਦੀ ਸ਼ੁਰੂਆਤ ਤੋਂ ਸੁਏਜ਼ ਤੱਕ ਹਿੰਦ ਮਹਾਂਸਾਗਰ ਵੇਖਣ ਲਈ ਚੁਣਿਆ ਸੀ। ਸਕਾਈਲੈਕਸ ਨੇ ਆਪਣੀ ਕਿਤਾਬ ਪੈਰੀਪਲੌਸ ਵਿੱਚ ਫ਼ਾਰਸ ਦੇ ਭਾਰਤੀ ਰਾਜਪਾਲਾਂ ਬਾਰੇ ਵੀ ਲਿਖਿਆ ਸੀ। ਪੁਰਾਣੇ ਯੁਨਾਨੀ ਨਕਸ਼ਿਆਂ ਅਤੇ ਲਿਖਤਾਂ ਵਿੱਚ, "ਦੁਨੀਆ ਦੀ ਸਭ ਤੋਂ ਸ਼ਾਨਦਾਰ ਨਦੀ", ਜਿਸਨੂੰ ਇੰਡੋਸ(ਸਿੰਧ) ਕਿਹਾ ਗਿਆ ਹੈ, ਦਾ ਜ਼ਿਕਰ ਵੀ ਮਿਲਦਾ ਹੈ। ![]() ਉੱਤਰ-ਪੱਛਮੀ ਭਾਰਤ ਵਿੱਚ ਚੌਥੀ ਸਦੀ ਈ.ਪੂ. ਵਿੱਚ ਸਿੰਥੀਅਨਾਂ ਦੀ ਮੌਜੂਦਗੀ ਉਸ ਖੇਤਰ ਵਿੱਚ ਹਿੰਦ-ਯੂਨਾਨੀ ਰਾਜ ਦੇ ਸਮਕਾਲੀ ਸੀ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੇ ਸਥਾਨਕ ਯੂਨਾਨੀ ਸ਼ਾਸਕਾਂ ਦੀ ਤਾਕਤ ਦਾ ਅੰਦਾਜ਼ਾ ਲਾ ਲਿਆ ਸੀ ਅਤੇ ਉਹਨਾਂ ਨਾਲ ਹੱਥ ਮਿਲਾ ਲਿਆ ਸੀ। ਇੰਡੋ-ਸਿੰਥੀਅਨਮੌਏਸ ਨੇ ਤਕਰੀਬਨ 80 ਈ.ਪੂ. ਵਿੱਚ ਗੰਧਾਰ ਅਤੇ ਤਕਸ਼ਿਲਾ ਨੂੰ ਜਿੱਤਿਆ, ਪਰ ਉਸਦਾ ਸਾਮਰਾਜ ਉਸਦੀ ਮੌਤ ਤੋਂ ਪਿੱਛੋਂ ਖਿੰਡ ਗਿਆ। ਪੂਰਬ ਵਿੱਚ ਭਾਰਤੀ ਰਾਜੇ ਵਿਕਰਮ ਨੇ ਉੱਜੈਨ ਉੱਪਰ ਇੰਡੋ-ਸਿੰਥੀਅਨਾਂ ਤੋਂ ਦੋਬਾਰਾ ਜਿੱਤ ਹਾਸਲ ਕਰ ਲਈ, ਜਿਸ ਤੋਂ ਉਸਨੇ ਵਿਕਰਮੀ ਯੁੱਗ(57 ਈ.ਪੀ. ਤੋਂ ਸ਼ੁਰੂ) ਦੀ ਸ਼ੁਰੂਆਤ ਕੀਤੀ। ਹਿੰਦ-ਯੂਨਾਨ ਸ਼ਾਸਕਾਂ ਨੇ ਮੌਏਸ ਦੀ ਮੌਤ ਤੋਂ ਬਾਅਦ ਫਿਰ ਰਾਜ ਕੀਤਾ ਅਤੇ ਖ਼ੁਸ਼ਹਾਲੀ ਹਾਸਲ ਕੀਤੀ ਜਿਵੇਂ ਕਿ ਯੂਨਾਨ ਦੇ ਰਾਜਿਆਂ ਨੇ ਬਹੁਤ ਮਾਤਰਾ ਵਿੱਚ ਸਿੱਕੇ ਬਣਵਾਏ। ਏਜ਼ਿਸ ਪਹਿਲੇ ਤੱਕ ਤੱਕ 55 ਈ.ਪੂ. ਤੱਕ, ਇੰਡੋ-ਸਿੰਥੀਅਨ ਹਿੱਪੋਸਟ੍ਰਾਟਸ ਉੱਪਰ ਜਿੱਤ ਹਾਸਲ ਕਰਨ ਤੱਕ ਉੱਤਰ-ਪੱਛਮੀ ਭਾਰਤ ਤੇ ਪੂਰੀ ਤਰ੍ਹਾਂ ਕਬਜ਼ਾ ਨਹੀਂ ਕਰ ਸਕੇ। ਸਿਕੰਦਰ ਦੀ ਚੜ੍ਹਾਈ![]() "ਕੰਬੋਜਾਂ ਨੇ ਸਿੰਧ ਉੱਪਰ, ਤਕਸਸਾਂ ਨੇ ਤਕਸ਼ਿਲਾ ਵਿੱਚ, ਮਦਰਾ ਅਤੇ ਕਥਾ ਨੇ ਅਕੇਸਨਸ (ਚਨਾਬ) ਉੱਪਰ, ਮੱਲਾ ਨੇ ਰਾਵੀ ਉੱਪਰ, ਤੁਗਰਾ ਨੇ ਸਤਲੁਜ ਉੱਪਰ, ਇਹਨਾਂ ਸਾਰਿਆਂ ਨੇ ਮਿਲ ਕੇ ਸਿਕੰਦਰ ਤੋਂ ਪਹਿਲਾਂ ਪੰਜਾਬ ਵਿੱਚ ਬਹੁਤ ਮਹੱਤਵਪੂਰਨ ਥਾਂ ਬਣਾ ਲਈ ਸੀ ਅਤੇ ਸਿਕੰਦਰ ਦਾ ਸਿੰਧ ਉੱਪਰ ਬਹੁਤ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਅਤੇ ਜੇਹਲਮ ਦੀ ਜਿੱਤ ਤੋਂ ਬਾਅਦ ਵੀ ਉਹ ਅੱਗੇ ਭਾਰਤ ਨੂੰ ਫ਼ਤਹਿ ਨਾ ਕਰ ਸਕਿਆ ਅਤੇ ਉਸਨੂੰ ਬੇਬੀਲੋਨੀਆ ਵਾਪਸ ਪਰਤਣਾ ਪਿਆ।"[24] ![]() 331 ਈ.ਪੂ. ਵਿੱਚ ਹਖ਼ਾਮਨੀ ਸਾਮਰਾਜ ਨੂੰ ਕੁਚਲਣ ਤੋਂ ਬਾਅਦ, ਸਿਕੰਦਰ ਅੱਜਕੱਲ੍ਹ ਦੇ ਅਫ਼ਗ਼ਾਨਿਸਤਾਨ ਦੇ ਖੇਤਰ ਵਿੱਚ 50000 ਸੈਨਿਕ ਲੈ ਕੇ ਆਇਆ। ਉਸਦੇ ਲਿਖਾਰੀਆਂ ਨੇ ਗੰਧਾਰ ਅਤੇ ਕੰਬੋਜਾਂ ਦੇ ਸ਼ਾਸਕਾਂ ਦੇ ਨਾਮ ਨਹੀਂ ਲਿਖੇ ਪਰ ਉਹਨਾਂ ਨੇ ਉਹਨਾਂ ਖੇਤਰਾਂ ਵਿੱਚ ਦਰਜਨ ਛੋਟੀਆਂ ਰਾਜਨੀਤਿਕ ਇਕਾਈਆਂ ਵੇਖੀਆਂ। ਇਸ ਤੱਥ ਨੇ 4 ਈ.ਪੂ. ਵਿੱਚ ਗੰਧਾਰ ਜਾਂ ਕੰਬੋਜਾਂ ਦੇ ਉੱਥੇ ਇੱਕ ਵੱਡੇ ਸਾਮਰਾਜ ਹੋਣ ਦੇ ਤੱਥ ਨੂੰ ਨਕਾਰ ਦਿੱਤਾ ਸੀ। 326 ਈ.ਪੂ. ਵਿੱਚ ਇਹਨਾਂ ਦਰਜਨ ਰਾਜਨੀਤਿਕ ਇਕਾਈਆਂ ਨੇ ਸਿਕੰਦਰ ਸਾਹਮਣੇ ਗੋਡੇ ਟੇਕ ਦਿੱਤੇ। ਯੂਨਾਨੀ ਇਤਿਹਾਸਕਾਰਾਂ ਨੇ ਤਿੰਨ ਲੜਾਕੂ ਕਬੀਲਿਆਂ ਦਾ ਜ਼ਿਕਰ ਕੀਤਾ ਹੈ, ਅਸਤਾਕੇਨੋਈ, ਅਸ਼ਵਾਕਾ[25] ਅਤੇ ਅੱਸਾਕੇਨੋਈ[26][27], ਜਿਹੜੇ ਸਿੰਧ ਦਰਿਆ ਦੇ ਉੱਤਰ-ਪੱਛਮ ਵਿੱਚ ਰਹਿੰਦੇ ਸਨ, ਜਿੱਥੇ ਉਹਨਾਂ ਦਾ ਸਾਹਮਣਾ ਕਪੀਸੀ ਤੋਂ ਗੰਧਾਰ ਵਿੱਚ ਦੀ ਆਉਂਦੇ ਹੋਏ ਸਿਕੰਦਰ ਨਾਲ ਹੋਇਆ। ਅਸਪਾਸਿਓਈ ਕਬੀਲਾ ਅੱਸਾਕੇਨੋਈ ਕਬੀਲੇ ਨਾਲ ਸਮਝੌਤੇ ਵਿੱਚ ਜਿਹੜਾ ਕਿ ਉਹਨਾਂ ਦੀ ਮਹਿਜ਼ ਇੱਕ ਪੱਛਮੀ ਸ਼ਾਖਾ ਸੀ।[19][28][29] ਦੋਵੇਂ ਕਬੀਲਿਆਂ ਦੇ ਲੋਕ ਬਹੁਤ ਦਲੇਰ ਸਨ।[30] ਇਹਨਾਂ ਜ਼ਿੱਦੀ ਪਰਬਤੀ ਲੋਕਾਂ ਖ਼ਿਲਾਫ਼ ਸਿਕੰਦਰ ਨੇ ਆਪ ਯੁੱਧ ਦੀ ਕਾਰਵਾਈ ਨੂੰ ਨਿਰਦੇਸ਼ਿਤ ਕੀਤਾ ਜਿਹਨਾਂ ਨੇ ਉਸਨੂੰ ਆਪਣੇ ਪਰਬਤੀ ਇਲਾਕਿਆਂ ਵਿੱਚ ਬਹੁਤ ਜ਼ਬਰਦਸਤ ਟੱਕਰ ਦਿੱਤੀ। ਯੂਨਾਨੀ ਨਾਮ ਅਸਪਾਸਿਓਈ ਅਤੇ ਅੱਸਾਕਿਨੋਈ ਸ਼ਬਦ ਸੰਸਕ੍ਰਿਤ ਦੇ ਅਸ਼ਵ (ਜਾਂ ਫ਼ਾਰਸੀ) ਦੇ ਅਸਪਾ ਤੋਂ ਲਏ ਗਏ ਸਨ। ਇਹ ਪਾਣਿਨੀ ਦੀ ਲਿਖਤ ਅਸ਼ਟਾਧਿਆਈ ਦੇ ਅਸ਼ਵਾਯਾਨ ਅਤੇ ਅਸ਼ਵਾਕਿਆਨ ਵਰਗੇ ਸਨ।[31][32] ਕਿਉਂਕਿ ਕੰਬੋਜ ਆਪਣੇ ਘੋੜਿਆਂ ਦੀ ਨਸਲ ਅਤੇ ਆਪਣੀ ਵਿਸ਼ੇਸ਼ ਘੋੜਸਵਾਰ ਸੈਨਾ ਲਈ ਮਸ਼ਹੂਰ ਸਨ,[33][34][35] ਇਸ ਲਈ ਆਮ ਭਾਸ਼ਾ ਵਿੱਚ ਉਹਨਾਂ ਨੂੰ ਅਸ਼ਵਕਾ ਵੀ ਕਿਹਾ ਜਾਂਦਾ ਸੀ।[19][28][36][37][38][39][40] ਅਸ਼ਵਾਯਾਨ/ਅਸ਼ਵਾਕਿਆਨ ਅਤੇ ਸਹਾਇਕ ਸਾਕਾ ਵੰਸ਼[41] ਨੇ ਪ੍ਰਾਚੀਨ ਮਕਦੂਨੀਆ ਹਮਲਾਵਰਾਂ ਵਿਰੁੱਧ ਆਖਰੀ ਬੰਦੇ ਤੱਕ ਜੰਗ ਲੜੀ ਸੀ। ਮੁਸ਼ਕਲ ਸਮਿਆਂ ਵਿੱਚ ਅਸ਼ਵਾਕਿਆਨ ਕੰਬੋਜਾਂ ਦੀਆਂ ਔਰਤਾਂ ਵੀ ਹਥਿਆਰ ਚੁੱਕ ਲੈਂਦੀਆਂ ਸਨ ਅਤੇ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਲਾ ਕੇ ਬਾਹਰੀ ਹਮਲਾਵਰਾਂ ਦਾ ਸਾਹਮਣਾ ਕਰਦੀਆਂ ਸਨ, ਅਤੇ ਜ਼ਿੱਲਤ ਦੀ ਜ਼ਿੰਦਗੀ ਨਾਲੋਂ ਇੱਜ਼ਤ ਦੀ ਮੌਤਪਸੰਦ ਕਰਦੀਆਂ ਸਨ।[28][42] ਇਸ ਪਿੱਛੋਂ ਸਿਕੰਦਰ ਪੂਰਬ ਵੱਲ ਹੇਡਾਸਪਸ (ਜੇਹਲਮ ਦਰਿਆ) ਵੱਲ ਵਧਿਆ, ਜਿੱਥੇ ਪੋਰਸ, ਜਿਹੜਾ ਕਿ ਜੇਹਲਮ ਅਤੇ ਚਨਾਬ ਦੇ ਵਿਚਕਾਰ ਦੇ ਇਲਾਕਿਆਂ ਦਾ ਰਾਜਾ ਸੀ, ਨੇ ਸਿਕੰਦਰ ਸਾਹਮਣੇ ਗੋੇੇਡੇ ਟੇਕਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਦੋਵਾਂ ਫ਼ੌਜਾਂ ਵਿਚਕਾਰ ਜੇਹਲਮ ਦਾ ਯੁੱਧ ਹੋਇਆ ਜਿੱਥੇ ਕਿ ਅੱਜਕੱਲ੍ਹ ਦਾ ਜੇਹਲਮ ਸ਼ਹਿਰ ਹੈ ਅਤੇ ਪਾਰ ਤੋਂ ਬਾਅਦ ਪੋਰਸ ਸਿਕੰਦਰ ਦਾ ਰਾਜਪਾਲ ਬਣ ਗਿਆ। ਸਿਕੰਦਰ ਦੀ ਸੈਨਾ ਫਿਰ ਪੂਰਬ ਵੱਲ ਵਧੀ ਅਤੇ ਬਿਆਸ ਤੱਕ ਪਹੁੰਚ ਗਈ। ਹਾਲਾਂਕਿ ਸਿਕੰਦਰ ਦੀ ਸੈਨਾ ਨੇ ਮਗਧ ਸਾਮਰਾਜ ਦੀ ਬਹੁਤ ਵੱਡੀ ਰਾਜਸੀ ਸੈਨਾ ਨਾਲ ਲੜਨ ਤੋਂ ਇਨਕਾਰ ਕਰ ਦਿੱਤਾ ਅਤੇ ਬਿਆਸ ਕਸਬੇ ਨੇੜੇ ਹਿਫ਼ਾਸਿਸ (ਬਿਆਸ ਦਰਿਆ) ਨੂੰ ਪਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪੋਰਸ ਨਾਲ ਜੰਗ ਹੋਣ ਤੋ ਬਾਅਦ ਮਕਦੂਨੀਆਂ ਦੇ ਹੌਸਲੇ ਪਸਤ ਹੋ ਗਏ, ਕਿਉਂਕਿ ਉਹਨਾਂ ਦੇ ਬਹੁਤ ਸਾਰੇ ਬਹਾਦਰ ਸਾਥੀ ਪੋਰਸ ਦੇ ਜੰਗੀ ਹਾਥੀਆਂ ਕੋਲੋਂ ਬੁਰੀ ਤਰ੍ਹਾਂ ਮਾਰੇ ਗਏ। ਹੁਣ ਉਹ ਭਾਰਤ ਵਿੱਚ ਹੋਰ ਅੱਗੇ ਵਧਣਾ ਨਹੀਂ ਚਾਹੁੰਦੇ ਸਨ। ਇਸ ਤੋਂ ਵੀ ਵੱਧ ਜਦੋਂ ਉਹਨਾਂ ਨੂੰ ਮਗਧ, ਗੰਗਾਰਿਦਈ ਅਤੇ ਪਰਾਸੀ ਦੀਆਂ ਵੱਡੀਆਂ ਰਾਜਸੀ ਸੈਨਾਵਾਂ ਬਾਰੇ ਪਤਾ ਲੱਗਿਆ ਅਤੇ ਜਿਹੜੇ ਕਿ ਸਿਕੰਦਰ ਦੀ ਉਡੀਕ ਕਰ ਕਰ ਰਹੇ ਸਨ, ਤਾਂ ਉਹ ਬਹੁਤ ਡਰ ਗਏ। ਇਸ ਤੋਂ ਇਲਾਵਾ ਸਿਕੰਦਰ ਦੇ ਸਾਰੇ ਜਨਰਲਾਂ ਨੇ ਮੌਤ ਦੇ ਡਰੋਂ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਕਾਰਨਾਂ ਕਰਕੇ ਸਿਕੰਦਰ ਨੂੰ ਵਾਪਸ ਪਰਤਣਾ ਪਿਆ। ਉਸਨੇ ਦਰਿਆ ਪਾਰ ਕੀਤਾ ਅਤੇ ਹੁਕਮ ਦਿੱਤਾ ਕਿ ਇੱਥੇ ਉਸਦੀ ਸਲਤਨਤ ਦੀ ਸਭ ਤੋਂ ਪੂਰਬੀ ਹੱਦ ਦੀ ਨਿਸ਼ਾਨਦੇਹੀ ਲਈ ਬਹੁਤ ਵੱਡੇ ਥੰਮ ਬਣਾਏ ਜਾਣ ਅਤੇ ਇਹ ਸਾਬਿਤ ਕੀਤਾ ਜਾਵੇ ਕਿ ਬਿਆਸ ਦਰਿਆ ਤੱਕ ਉਸਦਾ ਰਾਜ ਹੈ। ਉਸਨੇ ਅਲੈਕਸਾਂਦਰੀਆ ਨਾਮਕ ਇੱਕ ਸ਼ਹਿਰ ਵੀ ਇੱਥੇ ਵਸਾਇਆ ਅਤੇ ਉੱਥੇ ਮਕਦੂਨੀਆ ਦੇ ਬਹੁਤ ਸਾਰੇ ਬੁੱਢੇ ਲੋਕ ਵੀ ਛੱਡ ਦਿੱਤੇ, ਆਪ ਉਹ ਆਪਣੀ ਸੈਨਾ ਸਮੇਤ ਜੇਹਲਮ ਅਤੇ ਸਿੰਧ ਵੱਲੋਂ ਅਰੇਬੀਆਈ ਸਾਗਰ ਵਿੱਚੋਂ ਹੁੰਦਾ ਹੋਇਆ ਬੇਬੀਲੌਨ ਵਾਪਸ ਮੁੜ ਗਿਆ। ਸਿਕੰਦਰ ਨੇ ਆਪਣੀ ਕੁਝ ਸੈਨਾ ਸਿੰਧ ਦਰਿਆ ਖੇਤਰ ਵਿੱਚ ਰਹਿਣ ਦਿੱਤੀ। ਸਿੰਧ ਖੇਤਰ ਵਿੱਚ, ਉਸਨੇ ਆਪਣੇ ਰਾਜਪਾਲ ਵੱਜੋਂ ਪਾਈਥੌਨ ਨੂੰ ਚੁਣਿਆ, ਜਿਹੜਾ ਅਹੁਦਾ ਉਸ ਕੋਲ ਅਗਲੇ 10 ਸਾਲ 316 ਈ.ਪੂ. ਤੱਕ ਰਿਹਾ। ਪੰਜਾਬ ਵਿੱਚ ਉਸਨੇ ਜਨਰਲ ਇਊਡੇਮਸ ਨੂੰ ਆਪਣੀ ਸੈਨਾ ਦਾ ਮੁਖੀ ਲਾਇਆ, ਜਿਹੜਾ ਕਿ ਸਾਤਰਾਪ (ਰਾਜਪਾਲ) ਪੋਰਸ ਅਤੇ ਤਕਸ਼ਿਲੀਆਂ ਨਾਲ ਅਗਵਾਈ ਕਰਦਾ ਸੀ। ਉਹਨਾਂ ਦੀ ਮੌਤ ਤੋਂ ਪਿੱਛੋਂ ਇਊਡੇਮਸ ਪੰਜਾਬ ਦਾ ਮੁਖੀ ਸ਼ਾਸਕ ਬਣ ਗਿਆ। ਦੋਵੇਂ ਸ਼ਾਸਕ ਪੱਛਮ ਵੱਲ 316 ਈ.ਪੂ. ਵਿੱਚ ਸੈਨਾਵਾਂ ਸਮੇਤ ਮੁੜ ਗਏ ਅਤੇ ਇਸ ਪਿੱਛੋਂ ਚੰਦਰਗੁਪਤ ਮੌਰੀਆ ਨੇ ਭਾਰਤ ਵਿੱਚ ਮੌਰੀਆ ਸਾਮਰਾਜ ਦੀ ਸਥਾਪਨਾ ਕੀਤੀ। ਮੌਰੀਆ ਸਾਮਰਾਜਪੰਜਾਬ ਦੇ ਉਹ ਹਿੱਸੇ ਜਿਹਨਾਂ ਉੱਪਰ ਸਿਕੰਦਰ ਦਾ ਕਬਜ਼ਾ ਸੀ, ਛੇਤੀ ਹੀ ਚੰਦਰਗੁਪਤ ਮੌਰੀਆ ਦੁਆਰਾ ਜਿੱਤ ਲਏ ਗਏ। ਮੌਰੀਆ ਸਾਮਰਾਜ ਦੇ ਇਸ ਸੰਸਥਾਪਕ ਨੇ ਪੰਜਾਬ ਦੇ ਇਹ ਉਪਜਾਊ ਇਲਾਕੇ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰ ਲਏ ਅਤੇ ਪੂਰਬ ਵਿੱਚ ਸਿਕੰਦਰ ਦੇ ਉੱਤਰਾਅਧਿਕਾਰੀ ਸਲਿਊਸਿਸ ਨਾਲ ਲੜਿਆ, ਜਿਸ ਨੇ ਪਿੱਛੋਂ ਮੌਰੀਆ ਸਾਮਰਾਜ ਤੇ ਹਮਲਾ ਕੀਤਾ ਸੀ। ਇੱਕ ਸ਼ਾਂਤੀ ਸੰਧੀ ਵਿੱਚ, ਸਲਿਊਸਿਸ ਨੇ ਸਿੰਧ ਦੇ ਪੱਛਮ ਵਾਲੇ ਸਾਰੇ ਇਲਾਕੇ, ਜਿਸ ਵਿੱਚ ਦੱਖਣੀ ਅਫ਼ਗ਼ਾਨਿਸਤਾਨ ਵੀ ਸ਼ਾਮਿਲ ਸੀ, ਚੰਦਰਗੁਪਤ ਮੌਰੀਆ ਦੇ ਹਵਾਲੇ ਕਰ ਦਿੱਤੇ ਅਤੇ ਇਸ ਦੇ ਬਦਲੇ ਚੰਦਰਗੁਪਤ ਨੇ ਸਲਿਊਸਿਸ ਨੂੰ 500 ਹਾਥੀ ਦਿੱਤੇ। ਵਿਸਾਖਦੱਤ ਦੇ ਸੰਸਕ੍ਰਿਤ ਨਾਟਕ ਮੁਦਰਾਕਸ਼ਸ ਅਤੇ ਜੈਨੀ ਲਿਖਤ ਪਰਿਸ਼ਿਸ਼ਤਪਰਵਨ ਵਿੱਚ ਚੰਦਰਗੁਪਤ ਅਤੇ ਹਿਮਾਲਿਆਈ ਰਾਜੇ ਪਰਵਤਕ (ਜਿਸਨੂੰ ਪੋਰਸ ਨਾਲ ਵੀ ਜੋੜਿਆ ਜਾਂਦਾ ਹੈ) ਦੇ ਗਠਜੋੜ ਬਾਰੇ ਜ਼ਿਕਰ ਹੈ।[43] ਇਹ ਹਿਮਾਲਿਆਈ ਗਠਜੋੜ ਨਾਲ ਚੰਦਰਗੁਪਤ ਨੂੰ ਇੱਕ ਸ਼ਕਤੀਸ਼ਾਲੀ ਅਤੇ ਸੰਗਠਿਤ ਸੈਨਾ ਮਿਲੀ ਜਿਹੜੀ ਕਿ ਯਵਨਾਂ (ਯੂਨਾਨੀ), ਕੰਬੋਜਾਂ, ਸ਼ਾਕਾਂ, ਸਿੰਥਿਆਈ, ਕੀਰਤਾਂ, ਪਰਾਸਿਕਾਂ (ਇਰਾਨੀ ਕਬੀਲਾ) ਅਤੇ ਬਹਿਲੀਕਾਂ (ਬੈਕਟ੍ਰੀਅਨ) ਨੂੰ ਮਿਲ ਰਿਹਾ ਹੈ ਪੰਜਾਬ ਨੇ ਅਗਲੇ ਸੌ ਸਾਲਾਂ ਤੱਕ ਮੌਰੀਆ ਸਾਮਰਾਜ ਦੇ ਅਧੀਨ ਵਿਕਾਸ ਕੀਤਾ। 180 ਈ.ਪੂ. ਵਿੱਚ ਮੌਰੀਆ ਸਾਮਰਾਜ ਦੇ ਪਤਨ ਦੇ ਪਿੱਛੋਂ ਇਹ ਇੱਕ ਬੈਕਟ੍ਰੀਆਈ ਯੂਨਾਨੀ (ਹਿੰਦ-ਯੂਨਾਨ) ਖੇਤਰ ਬਣ ਗਿਆ। ਹਿੰਦ-ਯੂਨਾਨੀ ਸਾਮਰਾਜ![]() ਸਿਕੰਦਰ ਨੇ ਪੰਜਾਬ ਵਿੱਚ ਦੋ ਸ਼ਹਿਰਾਂ ਦੀ ਸਥਾਪਨਾ ਕੀਤੀ, ਜਿਸ ਵਿੱਚ ਉਸਨੇ ਆਪਣੀਆਂ ਬਹੁ-ਰਾਸ਼ਟਰੀ ਫ਼ੌਜਾਂ ਵਿੱਚੋਂ ਬਹੁਤ ਸਾਰੇ ਸੈਨਿਕਾਂ ਨੂੰ ਉੱਥੇ ਰਹਿਣ ਦਿੱਤਾ। ਇਹ ਹਿੰਦ-ਯੂਨਾਨੀ ਸ਼ਹਿਰ ਅਤੇ ਇਹਨਾਂ ਨਾਲ ਜੁੜੇ ਖੇਤਰ ਸਿਕੰਦਰ ਦੇ ਜਾਣ ਪਿੱਛੋਂ ਵੀ ਕਾਫ਼ੀ ਦੇਰ ਵਧੇ-ਫੁੱਲੇ। ਸਿਕੰਦਰ ਦੀ ਮੌਤ ਪਿੱਛੋਂ, ਉਸਦੇ ਸਾਮਰਾਜ ਦਾ ਪੂਰਬੀ ਹਿੱਸਾ (ਅੱਜਕੱਲ੍ਹ ਦੇ ਸੀਰੀਆ ਤੋਂ ਪੰਜਾਬ ਤੱਕ) ਸਲਿਊਸਿਸ ਨੂੰ ਉੱਤਰਾਅਧਿਕਾਰੀ ਦੇ ਤੌਰ ਤੇ ਮਿਲ ਗਿਆ, ਜਿਹੜਾ ਕਿ ਸਲਿਊਸਿਡ ਵੰਸ਼ ਦਾ ਸੰਸਥਾਪਕ ਸੀ। ਮੰਨਿਆ ਜਾਂਦਾ ਹੈ ਕਿ ਸਲਿਊਸਿਸ ਨੇ ਮੌਰੀਆ ਸਾਮਰਾਜ ਦੇ ਚੰਦਰਗੁਪਤ ਨਾਲ ਸ਼ਾਂਤੀ ਸਮਝੌਤਾ ਕੀਤਾ ਸੀ, ਜਿਸ ਵਿੱਚ ਉਸਨੇ ਚੰਦਰਗੁਪਤ ਨੂੰ ਹਿੰਦੂ-ਕੁਸ਼ ਦੇ ਦੱਖਣੀ ਖੇਤਰ ਦੇ ਹਿੱਸੇ ਦੇ ਦਿੱਤੇ ਅਤੇ ਬਦਲੇ ਵਿੱਚ ਉਸਨੇ ਉਸਨੂੰ ਇੱਕ ਵਿਆਹ ਅਤੇ 500 ਹਾਥੀ ਦਿੱਤੇ। ਇਸ ਪਿੱਛੋਂ ਗ੍ਰੀਕੋ-ਬੈਕਟ੍ਰੀਆਈ ਸਾਮਰਾਜ ਦਾ ਉਭਾਰ ਸ਼ੁਰੂ ਹੋਇਆ। ਬੈਕਟ੍ਰੀਆਈ ਰਾਜੇ ਡਿਮਿਟ੍ਰੀਅਸ ਨੇ ਦੂਜੀ ਸ਼ਤਾਬਦੀ ਈ.ਪੂ. ਦੀ ਸ਼ੁਰੂਆਤ ਵਿੱਚ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ। ਇਹਨਾਂ ਵਿੱਚੋਂ ਕੁਝ ਹਿੰਦ-ਯੂਨਾਨੀ ਲੋਕ ਬੋਧੀ ਸਨ। ਸਭ ਤੋਂ ਮਸ਼ਹੂਰ ਹਿੰਦ-ਯੂਨਾਨੀ ਰਾਜਾ ਮਿਨਾਂਦਰ ਸੀ ਅਤੇ ਜਿਹੜਾ ਭਾਰਤ ਵਿੱਚ ਮਿਲਿੰਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸਨੇ 160 ਈ.ਪੂ. ਦੇ ਲਗਭਗ ਇੱਕ ਸੁਤੰਤਰ ਰਾਜ ਦੀ ਸਥਾਪਨਾ ਕੀਤੀ ਜਿਸਦੀ ਰਾਜਧਾਨੀ ਤਕਸ਼ਿਲਾ ਸੀ। ਉਸਨੇ ਪਿੱਛੋਂ ਆਪਣੀ ਰਾਜਧਾਨੀ ਸਗਲਾ (ਅੱਜਕੱਲ੍ਹ ਸਿਆਲਕੋਟ) ਦਿੱਤੀ ਸੀ। ![]() ਇੰਡੋ-ਸਿੰਥਿਆਈ ਸ਼ਕਾਂ (ਸਿੰਥਿਆਈ) ਵਿੱਚੋਂ ਨਿਕਲੇ ਸਨ ਜਿਹੜੇ ਕਿ ਦੱਖਣੀ ਸਾਈਬੇਰੀਆ ਦੇ ਇਲਾਕੇ ਵਿੱਚੋਂ ਪੰਜਾਬ ਅਤੇ ਅਰਾਕੋਸੀਆ ਵਿੱਚ ਦੂਜੀ ਸ਼ਤਾਬਦੀ ਈ.ਪੂ. ਤੋਂ ਪਹਿਲੀ ਸ਼ਤਾਬਦੀ ਈ.ਪੂ. ਦੇ ਅੱਧ ਵਿੱਚ ਪਰਵਾਸ ਕਰਕੇ ਆਏ ਸਨ। ਉਹਨਾਂ ਨੇ ਹਿੰਦ-ਯੂਨਾਨੀ ਨੂੰ ਪਾਸੇ ਕਰ ਦਿੱਤਾ ਅਤੇ ਸਾਮਰਾਜ ਉੱਪਰ ਰਾਜ ਕੀਤਾ ਜਿਹੜਾ ਕਿ ਗੰਧਾਰ ਤੋਂ ਲੈ ਕੇ ਮਥੁਰਾ ਤੱਕ ਫੈਲਿਆ ਹੋਇਆ ਸੀ। ਪਹਿਲਵੀ ਸਾਮਰਾਜ ਦੇ ਆਪਣੇ ਕੱਟੜ ਵਿਰੋਧੀ ਰੋਮਨ ਸਾਮਰਾਜ ਨਾਲ ਚੱਲੀਆਂ ਸੈਂਕੜਿਆਂ ਸਾਲਾਂ ਦੀਆਂ ਲੜਾਈਆਂ ਤੋਂ ਪਿੱਛੋਂ ਦੱਖਣ ਏਸ਼ੀਆ ਦੇ ਇੱਕ ਸਥਾਨਕ ਪਹਿਲਵੀ ਮੁਖੀ ਗੋਂਦੋਫੇਰਸ, ਨੇ ਹਿੰਦ-ਪਹਿਲਵੀ ਸਾਮਰਾਜ ਦੀ ਸਥਾਪਨਾ ਪਹਿਲੀ ਸ਼ਤਾਬਦੀ ਈ.ਪੂ. ਵਿੱਚ ਕੀਤੀ। ਇਸ ਸਾਮਰਾਜ ਦੀ ਹੱਦ ਤਕਸ਼ਿਲਾ ਤੋਂ ਲੈ ਕੇ ਅੱਜਕੱਲ੍ਹ ਦੇ ਦੱਖਣ-ਪੂਰਬੀ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਤੱਕ ਸੀ।[44] ਈਸਾਈ ਲਿਖਤਾਂ ਅਨੁਸਾਰ - ਸੇਂਟ ਥੌਮਸ - ਜਿਹੜਾ ਕਿ ਇੱਕ ਆਰਕੀਟੈਕਟ ਅਤੇ ਬਹੁਤ ਨਿਪੁੰਨ ਤਰਖਾਣ ਸੀ - ਰਾਜੇ ਗੋਂਦੋਫੇਰਸ ਦੇ ਦਰਬਾਰ ਵਿੱਚ ਬਹੁਤ ਦੇਰ ਠਹਿਰਿਆ ਸੀ, ਉਸਨੇ ਰਾਜੇ ਲਈ ਤਕਸ਼ਿਲਾ ਵਿੱਚ ਇੱਕ ਮਹਿਲ ਬਣਾਇਆ ਸੀ ਅਤੇ ਸਿੰਧੂ ਘਾਟੀ ਵੱਲ ਜਾਣ ਤੋਂ ਪਹਿਲਾਂ ਗਿਰਜਾਘਰ ਦੇ ਮੁਖੀ ਵੀ ਲਾਏ ਸਨ, ਜਿਸ ਪਿੱਛੋਂ ਉਹ ਮਾਲਾਬਾਰ ਤੱਟ ਪਹੁੰਚਿਆ। ਕੁਸ਼ਾਨ ਸਾਮਰਾਜਕੁਸ਼ਾਨ ਸਾਮਰਾਜ ਦੀ ਸਥਾਪਨਾ ਰਾਜੇ ਹੇਰਾਇਓਸ ਨੇ ਕੀਤੀ ਸੀ ਅਤੇ ਇਸਨੂੰ ਉਸਦੇ ਉੱਤਰਾਅਧਿਕਾਰੀ ਕੁਜੁਲਾ ਕਦਫੀਸਿਸ ਦੁਆਰਾ ਬਹੁਤ ਵਧਾਇਆ ਗਿਆ ਸੀ। ਕਦਫੀਸਿਸ ਦੇ ਪੁੱਤਰ, ਵਿਮੋ ਤਕਤੋ ਨੇ ਭਾਰਤ ਦੇ ਹੁਣ ਦੇ ਖੇਤਰ ਨੂੁੰ ਜਿੱਤਿਆ, ਪਰ ਉਹ ਪੱਛਮ ਵਿੱਚ ਆਪਣਾ ਸਾਮਰਾਜ ਪਹਿਲਵੀਆਂ ਨੂੂੰ ਹਾਰ ਗਿਆ। ਚੌਥਾ ਕੁਸ਼ਾਨ ਬਾਦਸ਼ਾਹ, ਕਨਿਸ਼ਕ ਪਹਿਲਾ, (127 ਈ.ਪੂ.) ਦੀ ਸਰਦੀਆਂ ਦੀ ਰਾਜਧਾਨੀ ਪੁਰੁਸ਼ਾਪੁਰ ਸੀ (ਪੇਸ਼ਾਵਰ, ਪਾਕਿਸਤਾਨ ਦਾ ਪੁਰਾਣਾ ਨਾਮ) ਅਤੇ ਗਰਮੀਆਂ ਦੀ ਰਾਜਧਾਨੀ ਕਪੀਸਾ (ਬਗਰਾਮ) ਸੀ। ਇਸ ਸਾਮਰਾਜ ਨੇ ਸਿੰਧੂ ਘਾਟੀ ਦੇ ਜ਼ਰੀਏ ਹਿੰਦ ਮਹਾਂਸਾਗਰ ਵਿਚਲੇ ਸਮੁੰਦਰ ਵਪਾਰ ਨੂੰ ਰੇਸ਼ਮ ਮਾਰਗ ਨਾਲ ਜੋੜਿਆ। ਆਪਣੀ ਪੂਰੇ ਸਿਖਰ ਤੇ, ਇਹ ਸਾਮਰਾਜ ਦੀ ਹੱਦ ਅਰਾਲ ਸਾਗਰ ਤੋਂ ਉੱਤਰੀ ਭਾਰਤ ਤੱਕ ਚਲੀ ਗਈ ਸੀ, ਜਿਸ ਵਿੱਚ ਬਹੁਤ ਦੂਰ ਸ਼ਹਿਰਾਂ ਤੱਕ ਵਪਾਰ ਨੂੰ ਉਤਸ਼ਾਹਿਤ ਕੀਤਾ ਗਿਆ, ਖ਼ਾਸ ਕਰਕੇ ਚੀਨ ਅਤੇ ਰੋਮਨ ਸਾਮਰਾਜ ਵਿਚਕਾਰ। ਕਨਿਸ਼ਕ ਨੇ ਤਕਸ਼ਿਲਾ ਵਿੱਚ ਬੋਧੀ ਪਰਿਸ਼ਦ ਆਯੋਜਿਤ ਕਰਵਾਈ ਜਿਸ ਤੋਂ ਪਰੰਪਰਾਗਤ ਮਹਾਯਾਨ ਬੁੱਧਮਤ ਦੀ ਸ਼ੁਰੂਆਤ ਹੋਈ ਅਤੇ ਇਹ ਨਿਕਾਇਆ ਬੁੱਧਮਤ ਤੋਂ ਅਲੱਗ ਹੋ ਗਿਆ। ਗੰਧਾਰ ਦਾ ਕਲਾ ਅਤੇ ਸੱਭਿਆਚਾਰ - ਯੂਨਾਨੀ ਅਤੇ ਬੋਧੀ ਸੱਭਿਆਚਾਰ ਦਾ ਸਭ ਤੋਂ ਵਧੀਆ ਨਿਚੋੜ - ਸ਼ਤਾਬਦੀਆਂ ਤੱਕ ਵਧਿਆ-ਫੁੱਲਿਆ। ਇਸ ਪਿੱਛੋਂ ਸਿੰਥੀਆ ਦੇ ਹੁਨ ਲੋਕਾਂ ਦੁਆਰਾ 5ਵੀਂ ਸ਼ਤਾਬਦੀ ਵਿੱਚ ਇਹਨਾਂ ਉੱਪਰ ਹਮਲੇ ਕੀਤੇ ਗਏ। ਚੀਨੀ ਯਾਤਰੀ ਫ਼ਾਹੀਆਨ (337 ਤੋਂ 422 ਈ. ਅਤੇ ਹਿਊਨ ਸਾਂਗ (602 ਤੋਂ 664 ਈ.) ਦੇ ਸਫ਼ਰਨਾਮਿਆਂ ਵਿੱਚ ਉਹਨਾਂ ਨੇ ਤਕਸ਼ਿਲਾ ਵਿੱਚ ਹੋ ਰਹੀਆਂ ਬੋਧੀ ਪਰਿਸ਼ਦਾਂ ਅਤੇ ਇਸ ਸਮੇਂ ਦੌਰਾਨ ਪੰਜਾਬ ਖੇਤਰ ਵਿੱਚ ਬੁੱਧ ਦੇ ਦਰਜੇ ਬਾਰੇ ਵੀ ਲਿਖਿਆ। ਹਿੰਦ-ਪਹਿਲਵੀ ਸਾਮਰਾਜਗੋਂਦੋਫ਼ਰੀਦ ਵੰਸ਼ ਅਤੇ ਕੁਝ ਹੋਰ ਹਿੰਦ-ਪਹਿਲਵੀ ਸ਼ਾਸਕ ਮੱਧ ਏਸ਼ੀਆ ਦੇ ਪ੍ਰਾਚੀਨ ਰਾਜਿਆਂ ਦਾ ਇੱਕ ਸਮੂਹ ਸੀ, ਜਿਹਨਾਂ ਨੇ ਅੱਜਕੱਲ਼੍ਹ ਦੇ ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਕੁਝ ਹਿੱਸਿਆਂ ਉੱਪਰ ਪਹਿਲੀ ਸ਼ਤਾਬਦੀ ਈ. ਜਾਂ ਇਸ ਤੋਂ ਕੁਝ ਦੇਰ ਪਹਿਲਾਂ ਰਾਜ ਕੀਤਾ ਸੀ। ਇਹਨਾਂ ਦੇ ਇਤਿਹਾਸ ਵਿੱਚ ਮੁੱਖ ਗੋਂਦੋਫਰੀਦ ਰਾਜਿਆਂ ਨੇ ਤਕਸ਼ਿਲਾ ਉੱਪਰ ਅਧਿਕਾਰ ਜਮਾਇਆ ਹੋਇਆ ਸੀ ਅਤੇ ਇਹ ਉਹਨਾਂ ਦਾ ਰਿਹਾਇਸ਼ੀ ਸ਼ਹਿਰ ਵੀ ਸੀ, ਪਰ ਆਪਣੇ ਆਖਰੀ ਕੁਝ ਸਾਲਾਂ ਵਿੱਚ ਉਹ ਆਪਣੀ ਰਾਜਧਾਨੀ ਕਾਬੁਲ ਜਾਂ ਪੇਸ਼ਾਵਰ ਰੱਖਦੇ ਸਨ। ਇਹਨਾਂ ਰਾਜਿਆਂ ਨੂੰ ਹਿੰਦ-ਪਹਿਲਵੀ ਕਿਹਾ ਜਾਂਦਾ ਹੈ ਇਹਨਾਂ ਦੇ ਸਿੱਕੇ ਅਰਸਾਸਿਦ ਵੰਸ਼ ਤੋਂ ਪ੍ਰਭਾਵਿਤ ਸਨ ਪਰ ਇਹ ਇਰਾਨੀ ਕਬੀਲਿਆਂ ਦੇ ਵੱਡੇ ਸਮੂਹ ਨਾਲ ਸਬੰਧ ਰੱਖਦੇ ਸਨ ਜਿਹੜੇ ਕਿ ਪਹਿਲਵੀਆਂ ਦੇ ਪੂਰਬ ਵਿੱਚ ਰਹਿੰਦੇ ਸਨ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਇਹਨਾਂ ਸਾਰੇ ਰਾਜਿਆਂ ਨੇ ਆਪਣਾ ਮੂਲ ਨਾਂ ਗੋਂਦੋਫੇਅਰ ਰੱਖਿਆ, ਜਿਸਦਾ ਮਤਲਬ "ਸ਼ਾਨ ਦਾ ਧਾਰਕ" ਹੈ। ਗੁਪਤ ਸਾਮਰਾਜ![]() ਗੁਪਤ ਸਾਮਰਾਜ ਦੀ ਹੋਂਦ ਲਗਭਗ 320 ਤੋਂ 600 ਈ. ਤੱਕ ਰਹੀ ਅਤੇ ਇਸਦੇ ਪ੍ਰਭਾਵ ਵਿੱਚ ਭਾਰਤੀ ਉਪਮਹਾਂਦੀਪ ਦੇ ਬਹੁਤੇ ਖੇਤਰ ਸਨ, ਜਿਸ ਵਿੱਚ ਪੰਜਾਬ ਵੀ ਸ਼ਾਮਿਲ ਸੀ।[45] ਇਸ ਸਾਮਰਾਜ ਦੀ ਸਥਾਪਨਾ ਮਹਾਰਾਜਾ ਸ਼੍ਰੀ-ਗੁਪਤ ਨੇ ਕੀਤੀ ਅਤੇ ਇਹ ਰਾਜਵੰਜ ਉੱਤਮ ਸੱਭਿਅਤਾ ਦਾ ਇੱਕ ਨਮੂਨਾ ਸੀ।[46] ਅਤੇ ਇਸਨੂੰ ਵਿਆਪਕ ਖੋਜਾਂ ਅਤੇ ਕਾਢਾਂ ਲਈ ਜਾਣਿਆ ਜਾਂਦਾ ਹੈ।[47] ਇਸ ਸੱਭਿਆਚਾਰਕ ਰਚਨਾਤਮਕਤਾ ਦੇ ਸਭ ਤੋਂ ਉੱਤਮ ਨਮੂਨਿਆਂ ਵਿੱਚ ਸ਼ਾਨਦਾਰ ਵਾਸਤੂ-ਕਲਾ, ਬੁੱਤ-ਤਰਾਸ਼ੀ ਅਤੇ ਚਿੱਤਰਕਾਰੀ ਸ਼ਾਮਿਲ ਹੈ।[48][49][50] ਵਿਗਿਆਨ ਅਤੇ ਰਾਜਨੀਤਿਕ ਪ੍ਰਸ਼ਾਸਨ ਗੁਪਤ ਸਾਮਰਾਜ ਦੇ ਸਮੇਂ ਨਵੀਆਂ ਬੁਲੰਦੀਆਂ ਉੱਤੇ ਪਹੁੰਚਿਆ।[51] ਮਜ਼ਬੂਤ ਵਪਾਰ ਸਬੰਧਾਂ ਨੇ ਇਸ ਖੇਤਰ ਨੂੰ ਇੱਕ ਬਹੁਤ ਮਹੱਤਵਪੂਰਨ ਸੱਭਿਆਚਾਰਕ ਕੇਂਦਰ ਬਣਾ ਦਿੱਤਾ ਸੀ ਅਤੇ ਇਸ ਖੇਤਰ ਨੂੰ ਦੂਜੇ ਸਾਮਰਾਜਾਂ ਅਤੇ ਖੇਤਰਾਂ ਲਈ ਇੱਕ ਮਿਸਾਲ ਬਣਾ ਦਿੱਤਾ ਸੀ, ਜਿਸ ਵਿੱਚ ਬਰਮਾ, ਸ਼੍ਰੀਲੰਕਾ ਅਤੇ ਹਿੰਦ-ਚੀਨ ਦੇ ਖੇਤਰ ਸ਼ਾਮਿਲ ਸਨ।[52] ਹੌਲੀ-ਹੌਲੀ ਇਸ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਜਿਸਦੇ ਕਿ ਕਈ ਕਾਰਨ ਮੰਨੇ ਗਏ ਹਨ। ਜਿਹਨਾਂ ਵਿੱਚ ਲਗਾਤਾਰ ਆਪਣੇ ਮਹੱਤਵਪੂਰਨ ਇਲਾਕਿਆਂ ਅਤੇ ਉਹਨਾਂ ਉੱਪਰ ਸ਼ਾਹੀ ਅਧਿਕਾਰ ਨੂੰ ਗੁਆਉਣਾ ਸੀ, ਜਿਸਦਾ ਕਾਰਨ ਉਹਨਾਂ ਦੀ ਆਪਣੀ ਜਾਗੀਰਦਾਰੀ ਦੀ ਲਾਲਸਾ ਸੀ। ਇਸ ਤੋਂ ਇਲਾਵਾ ਮੱਧ ਏਸ਼ੀਆ ਤੋਂ ਹੁਨ ਲੋਕਾਂ ਦੇ ਹਮਲਿਆਂ ਨੇ ਵੀ ਗੁਪਤ ਸਾਮਰਾਜ ਨੂੰ ਬਹੁਤ ਢਾਹ ਲਾਈ।[53] 6ਵੀਂ ਸਦੀ ਵਿੱਚ ਗੁਪਤ ਸਾਮਰਾਜ ਦੇ ਪਤਨ ਤੋਂ ਬਾਅਦ, ਭਾਰਤ ਤੇ ਫਿਰ ਬਹੁਤ ਸਾਰੇ ਖੇਤਰੀ ਸਾਮਰਾਜਾਂ ਦਾ ਰਾਜ ਹੋ ਗਿਆ। ਗੁਪਤ ਵੰਸ਼ ਦੇ ਕੁਝ ਬਚੇ ਹੋਏ ਮੁਖੀ ਮਗਧ ਉੱਪਰ ਸਾਮਰਾਜ ਦੇ ਪਤਨ ਤੋਂ ਪਿੱਛੋਂ ਵੀ ਰਾਜ ਕਰਦੇ ਰਹੇ। ਇਹਨਾਂ ਗੁਪਤ ਲੋਕਾਂ ਨੂੰ ਵਰਧਨ ਰਾਜੇ ਹਰਸ਼ ਨੇ ਪਿੱਛੋਂ ਬੇਦਖ਼ਲ ਕਰ ਦਿੱਤਾ ਜਿਸਨੇ ਆਪਣੇ ਸਾਮਰਾਜ ਦੀ ਸਥਾਪਨਾ 7ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਕੀਤੀ। ਹੁਨ ਲੋਕਸ਼ਵੇਤ ਹੁਨ, ਜਿਹੜੇ ਕਿ ਪਹਿਲਾਂ ਮੁੱਖ ਰੂਪ ਨਾਲ ਬੋਧੀ ਹਫ਼ਥਾਲੀ ਸਮੂਹ ਦਾ ਹਿੱਸਾ ਸਨ, ਨੇ ਆਪਣੇ-ਆਪ ਨੂੰ ਅਫ਼ਗ਼ਾਨਿਸਤਾਨ ਵਿੱਚ 5ਵੀਂ ਸਦੀ ਦੀ ਸ਼ੁਰੂਆਤ ਵਿੱਚ ਸਥਾਪਿਤ ਕੀਤਾ, ਜਿਸਦੀ ਰਾਜਧਾਨੀ ਬਮਿਆਨ ਸੀ। ਇਸ ਸਾਮਰਾਜ ਦਾ ਮੁਖੀ ਤੋਰਾਮਨ ਸੀ, ਅਤੇ ਇਹਨਾਂ ਨੇ ਪੰਜਾਬ ਖੇਤਰ ਜਿੱਤਿਆ ਅਤੇ ਤੋਰਾਮਨ ਦੇ ਪੁੱਤਰ, ਬਾਦਸ਼ਾਹ ਮਿਹਿਰਕੁਲ, ਜਿਹੜਾ ਕਿ ਇੱਕ ਸ਼ੈਵੀ ਹਿੰਦੂ ਸੀ, ਦੇ ਹੇਠ ਇਸਦੀ ਰਾਜਧਾਨੀ ਸਕਲ, ਅੱਜਕੱਲ੍ਹ ਸਿਆਲਕੋਟ, ਪਾਕਿਸਤਾਨ ਬਣਾ ਦਿੱਤੀ। ਪਿੱਛੋਂ ਨਰਸਿਮ੍ਹਾਗੁਪਤ ਅਤੇ ਯਸ਼ੋਧਰਮਨ ਦੁਆਰਾ 6ਵੀਂ ਸ਼ਤਾਬਦੀ ਵਿੱਚ ਇਹਨਾਂ ਦੀ ਹਾਰ ਹੋਈ ਅਤੇ ਇਹਨਾਂ ਨੂੰ ਭਾਰਤ ਤੋਂ ਬਾਹਰ ਕੱਢ ਦਿੱਤਾ ਗਿਆ। ਹਰਸ਼ ਦਾ ਸਾਮਰਾਜਹਰਸ਼ਵਰਧਨ (ਸੰਸਕ੍ਰਿਤ:हर्षवर्धन) (590–647 ਈ.), ਜਿਸਨੂੰ ਹਰਸ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਸਮਰਾਟ ਸੀ ਜਿਸਨੇ ਉੱਤਰੀ ਭਾਰਤ ਉੱਪਰ 606 ਤੋਂ 647ਈ. ਤੱਕ ਰਾਜ ਕੀਤਾ। ਉਸਦੀ ਰਾਜਧਾਨੀ ਕਨੌਜ ਸੀ। ਉਹ ਪੁਸ਼ਾਭੂਤੀ ਵੰਸ਼ ਨਾਲ ਸਬੰਧ ਰੱਖਦਾ ਸੀ। ਉਹ ਪ੍ਰਭਾਕਰਵਰਧਨ ਦਾ ਪੁੱਤਰ ਸੀ ਅਤੇ ਰਾਜਵਰਧਨ ਦਾ ਛੋਟਾ ਭਰਾ ਸੀ, ਜਿਹੜਾ ਕਿ ਥਾਨੇਸਰ (ਅੱਜਕੱਲ੍ਹ ਹਰਿਆਣਾ, ਜਿਸਨੂੰ ਪਹਿਲਾ ਪੂਰਬੀ ਪੰਜਾਬ ਵੀ ਕਿਹਾ ਜਾਂਦਾ ਸੀ) ਦਾ ਰਾਜਾ ਸੀ। ਆਪਣੀ ਤਾਕਤ ਦੇ ਸਿਖਰ ਤੇ ਉਸਦੇ ਸਾਮਰਾਜ ਦੀ ਹੱਦ ਪੰਜਾਬ, ਰਾਜਸਥਾਨ, ਗੁਜਰਾਤ, ਬੰਗਾਲ, ਉੜੀਸਾ ਅਤੇ ਨਰਮਦਾ ਨਦੀ ਦੇ ਉੱਤਰ ਵਿੱਚ ਸਾਰੇ ਸਿੰਧ-ਗੰਗਾ ਦੇ ਮੈਦਾਨ ਤੱਕ ਸੀ। ਹਰਸ਼ ਨੂੰ ਚਾਲੁਕਿਆ ਵੰਸ਼ ਦੇ ਦੱਖਣ-ਭਾਰਤੀ ਸਮਰਾਟ ਪੁਲਾਕੇਸ਼ਿਨ ਦੂਜੇ ਨੇ ਹਰਾਇਆ ਜਦੋਂ ਉਹ ਆਪਣੇ ਸਾਮਰਾਜ ਦੀ ਹੱਦ ਭਾਰਤ ਦੇ ਦੱਖਣੀ ਪ੍ਰਾਇਦੀਪ ਤੱਕ ਵਧਾਉਣਾ ਚਾਹੁੰਦਾ ਸੀ।[54] ਰਾਏ ਵੰਸ਼ਚਚਨਾਮੇ ਦੇ ਅਨੁਸਾਰ, ਸਿੰਧ ਦਾ ਰਾਏ ਵੰਸ਼ (489-632 ਈ.) ਰੋੜ ਵੰਸ਼ ਦੇ ਪਤਨ ਤੋਂ ਬਾਅਦ ਉੱਠਿਆ। ਰਾਏ ਦਿਵਾਜੀ (ਦੇਵਦਿੱਤ) ਦੇ ਸਮੇਂ ਵਿੱਚ, ਰਾਏ ਰਾਜ ਦੀ ਹੱਦ ਪੂਰਬ ਵਿੱਚ ਕਸ਼ਮੀਰ ਤੱਕ, ਦੱਖਣ ਵਿੱਚ ਮਕਰਨ ਅਤੇ ਦੇਬਲ (ਕਰਾਚੀ) ਤੱਕ ਅਤੇ ਉੱਤਰ ਵਿੱਚ ਕੰਧਾਰ, ਸੁਲੇਮਾਨ, ਫ਼ਰਦਨ ਅਤੇ ਕਿਕਾਨਨ ਪਰਬਤਾਂ ਤੱਕ ਸੀ। ਸ਼ਾਹੀ ਸਾਮਰਾਜ ਅਤੇ ਮੁਸਲਿਮ ਹਮਲੇ![]() ਹਫਥਾਲੀਆਂ ਨੂੰ ਸਾਸਾਨੀ ਅਤੇ ਗੋਏਤੁਰਕਾਂ ਦੇ ਗਠਜੋੜ ਨੇ 557 ਈ. ਵਿੱਚ ਹਰਾਇਆ ਅਤੇ ਬਚੇ-ਖੁਚੇ ਹਫ਼ਥਾਲੀਆਂ ਨੇ ਕੁਸ਼ਾਨੋ-ਹਫ਼ਥਾਲੀ ਜਾਂ ਤੁਰਕੀ ਸ਼ਾਹੀ ਜਿਹੇ ਛੋਟੇ ਸਾਮਰਾਜ ਸਥਾਪਿਤ ਕਰ ਲਏ ਜਿਹਨਾਂ ਉੱਪਰ ਫ਼ਾਰਸ ਦਾ ਪ੍ਰਭਾਵ ਸੀ। ਟਾਂਕ ਅਤੇ ਕਪੀਸਾ ਦੋਵਾਂ ਦਾ ਗੰਧਾਰ ਉੱਪਰ ਪ੍ਰਭਾਵ ਸੀ। ਅਰਬ ਵਿੱਚ 7ਵੀਂ ਸਦੀ ਦੀ ਸ਼ੁਰੂਆਤ ਵਿੱਚ ਇਸਲਾਮ ਦੇ ਜਨਮ ਤੋਂ ਬਾਅਦ, ਮੁਸਲਮਾਨ ਅਰਬ ਤਾਕਤ ਵਿੱਚ ਆਏ ਅਤੇ 7ਵੀਂ ਸਦੀ ਦੇ ਅੱਧ ਤੱਕ ਦੱਖਣ ਏਸ਼ੀਆ ਵੱਲ ਹੌਲੀ-ਹੌਲੀ ਵਧਦੇ ਆਏ। 711-713ਈ. ਵਿੱਚ ਦਮਸ਼ਕ ਦੇ ਖ਼ਲੀਫ਼ੇ ਉਮੈਦ ਦੀਆਂ ਅਰਬ ਸੈਨਾਵਾਂ ਨੇ ਸਿੰਧ ਨੂੰ ਫ਼ਤਹਿ ਕਰ ਲਿਆ ਅਤੇ ਅੱਜਕੱਲ੍ਹ ਦੇ ਦੱਖਣੀ ਪੰਜਾਬ ਵੱਲ ਵਧੇ, ਜਿਸ ਵਿੱਚ ਉਹਨਾਂ ਨੇ ਮੁਲਤਾਨ ਉੱਪਰ ਕਬਜ਼ਾ ਕਰ ਲਿਆ, ਜਿਹੜਾ ਕਿ ਪਿੱਛੋਂ ਇਸਲਾਮ ਦੀ ਇਸਮਾਈਲੀ ਧਾਰਾ ਦਾ ਕੇਂਦਰ ਬਣਿਆ। ਅਰਬ ਫ਼ੌਜਾਂ ਨੇ ਦੱਖਣ ਏਸ਼ੀਆ ਦੇ ਵਿੱਚ ਡੂੰਘਾ ਜਾਣ ਦੀ ਕੋਸ਼ਿਸ ਕੀਤੀ ਪਰ ਗੁਜਰਾਤ ਵਿੱਚ ਉਹਨਾਂ ਨੂੰ ਚਾਲੁਕਿਆ ਵੰਸ਼ ਦੇ ਦੱਖਣ ਭਾਰਤੀ ਸਮਰਾਟ ਵਿਕਰਮਾਦਿੱਤ ਦੂਜੇ ਨੇ ਹਰਾ ਦਿੱਤਾ, ਮਾਲਵਾ ਵਿੱਚ ਰਸ਼ਤਰਾਕੁਤ ਵੰਸ਼ ਦੇ ਦੱਖਣ ਭਾਰਤੀ ਜਰਨੈਲ ਦੰਤੀਦੁਰਗ ਦੁਆਰਾ ਅਤੇ ਪ੍ਰਤੀਹਾਰ ਵੰਸ਼ ਦੇ ਨਾਗਭੱਟ ਦੁਆਰਾ 8ਵੀਂ ਸਦੀ ਦੀ ਸ਼ੁਰੂਆਤ ਵਿੱਚ ਹਰਾ ਦਿੱਤਾ ਗਿਆ।.[55][56][57] ਲਗਾਤਾਰ ਮਹਿੰਮਾਂ ਦੇ ਚਲਦੇ ਵੀ 698 ਤੋਂ 700 ਈ. ਤੱਕ, ਖੈਬਰ ਪਾਸ ਤੋਂ ਅਰਬ ਫ਼ੌਜ ਕੰਧਾਰ-ਗ਼ਜ਼ਨੀ-ਕਾਬੁਲ ਰੂਟ ਕਬਜ਼ੇ ਵਿੱਚ ਨਹੀਂ ਕਰ ਸਕੀ। ਦੱਖਣੀ ਅਫ਼ਗ਼ਾਨਿਸਤਾਨ ਦੇ ਦੋ ਛੋਟੇ ਹਿੰਦੂ ਰਾਜਾਂ ਜ਼ਾਬੁਲ ਅਤੇ ਕਾਬੁਲ ਨੇ ਸਿੰਧ ਅਤੇ ਕੋਹ ਹਿੰਦੂ ਕੁਸ਼ ਦੇ ਵਿਚਕਾਰ ਪੈਂਦੇ ਇਸ ਮਹੱਤਵਪੂਰਨ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਬਣਾਈ ਰੱਖਣ ਲਈ ਬਹੁਤ ਜ਼ੋਰਦਾਰ ਟੱਕਰ ਦਿੱਤੀ।[58] ਪ੍ਰਤੀਹਾਰ, ਜਿਹਨਾਂ ਨੇ ਅਰਬਾਂ ਨੂੰ ਸਿੰਧ ਖੇਤਰ ਤੱਕ ਸੀਮਿਤ ਰਹਿਣ ਉੱਤੇ ਮਜਬੂਰ ਕੀਤਾ, 9ਵੀਂ ਅਤੇ 10ਵੀਂ ਸਦੀ ਦੇ ਦੌਰਾਨ ਇੱਕ ਵੱਡੇ ਸਾਮਰਾਜ ਨੂੰ ਚਲਾਉਂਦੇ ਸਨ ਜਿਸਦੀ ਰਾਜਧਾਨੀ ਕਨੌਜ ਸੀ। ਅਲ ਮਸੂਦੀ ਦੇ ਅਨੁਸਾਰ, ਜਿਹੜਾ ਕਿ 915-16 ਦੇ ਦੌਰਾਨ ਭਾਰਤ ਆਇਆ ਸੀ, ਪ੍ਰਤੀਹਾਰ ਕੋਲ ਚਾਰੇ ਦਿਸ਼ਾਵਾਂ ਵਿੱਚ ਚਾਰ ਵੱਡੀਆਂ ਸੈਨਾਵਾਂ ਸਨ, ਜਿਹਨਾਂ ਵਿੱਚ ਇੱਕ ਉਹਨਾਂ ਨੇ ਗੁਆਂਢੀ ਰਾਜ ਮੁਲਤਾਨ ਵਿੱਚ ਮੁਸਲਮਾਨ ਰਾਜ ਦੇ ਮੁਕਾਬਲੇ ਲਈ ਰੱਖੀ ਸੀ। ਪ੍ਰਤੀਹਾਰਾਂ ਦਾ ਰਾਜ ਉੱਤ-ਪੱਛਮ ਵਿੱਚ ਪੂਰਬੀ ਪੰਜਾਬ ਤੱਕ ਸੀ। ਜਦਕਿ ਇੱਕ ਬ੍ਰਾਹਮਣ ਵੰਸ਼, ਜਿਹਨਾਂ ਨੂੰ ਆਮ ਭਾਸ਼ਾ ਵਿੱਚ ਹਿੰਦੂ ਸ਼ਾਹੀ ਕਿਹਾ ਜਾਂਦਾ ਸੀ, ਕਾਬੁਲ/ਵੈਹਿੰਦ ਤੇ ਰਾਜ ਕਰਦਾ ਸੀ, ਜਿਹੜਾ ਕਿ ਪੰਜਾਬ ਵਿੱਚ ਸਤਲੁਜ ਅਤੇ ਸਿੰਧ ਦਰਿਆਵਾਂ ਦੇ ਵਿਚਕਾਰ ਇੱਕ ਹੋਰ ਬ੍ਰਾਹਮਣ ਵੰਸ਼ ਦਾ ਰਾਜ ਸੀ। ਇਹਨਾਂ ਦੇ ਪਰਿਵਾਰ ਵਿੱਚੋਂ ਬਚਨ ਪਾਲ, ਰਾਮ ਸਿੰਘ, ਬੀਰ ਸਿੰਘ ਅਤੇ ਪ੍ਰਿਥਵੀ ਪਾਲ ਨੇ ਪੰਜਾਬ ਵਿੱਚ ਰਾਜ ਕੀਤਾ।[59] ਕੰਨੌਜ, ਪੰਜਾਬ, ਕਾਬੁਲ ਅਤੇ ਸਮਰਕੰਦ ਦੇ ਸਾਮਰਾਜ ਬਹੁਤ ਖ਼ੁਸ਼ਹਾਲ ਸਨ ਕਿਉਂਕਿ ਅੰਤਰਰਾਸ਼ਟਰੀ ਵਪਾਰ ਦਸਤੇ ਉਹਨਾਂ ਦੇ ਅਧਿਕਾਰ ਖੇਤਰਾਂ ਵਿੱਚੋਂ ਲੰਘਦੇ ਸਨ। ਇਹਨਾਂ ਸਾਰਿਆਂ ਕੋਲ ਤਾਕਤ ਲਗਭਗ ਇੱਕੋ ਜਿਹੀ ਸੀ, ਜਿਸ ਕਰਕੇ ਇਹਨਾਂ ਵਿੱਚ ਲੜਾਈ-ਝਗੜੇ ਨਹੀਂ ਹੁੰਦੇ ਸਨ, ਅਤੇ ਇਸ ਕਰਕੇ ਇਤਿਹਾਸਕਾਰਾਂ ਲਈ ਇਹ ਇੱਕ ‘ਕਾਲਾ ਅਧਿਆਏ’ ਕਿਹਾ ਗਿਆ ਹੈ। ਅਲ ਬੇਰੂਨੀ ਦੀ ਕਾਬੁਲ ਦੇ ਹਿੰਦੂ ਸ਼ਾਹੀ ਰਾਜਿਆਂ ਦੀ ਸੂਚੀ ਵਿੱਚ ਭੀਮ ਦੇਵ ਸ਼ਾਹੀ ਚੌਥਾ ਰਾਜਾ ਸੀ। ਇੱਕ ਕੱਟੜ ਬ੍ਰਾਹਮਣ ਹੋਣ ਦੇ ਤੌਰ ਤੇ, ਉਸਨੇ ਆਪਣੀ ਵਡੇਰੀ ਉਮਰ ਵਿੱਚ, ਆਪਣੀ ਰਾਜਧਾਨੀ ਵੈਹਿੰਦ (ਸਿੰਧ ਦਰਿਆ ਦੇ ਸੱਜੇ ਪਾਸੇ ਅਤੇ ਅਟਕ ਤੋਂ 14 ਕਿ.ਮੀ. ਉੱਪਰ) ਵਿੱਚ ਰਸਮੀ ਤੌਰ ਤੇ ਖ਼ੁਦਕੁਸ਼ੀ ਕਰ ਲਈ ਸੀ।[60] ਭੀਮਦੇਵ ਦਾ ਕੋਈ ਮਰਦ ਉੱਤਰਾਅਧਿਕਾਰੀ ਨਹੀਂ ਸੀ, ਇਸ ਕਰਕੇ ਪੰਜਾਬ ਦੇ ਪ੍ਰਿਥਵੀਪਾਲ ਦੇ ਪੁੱਤਰ ਜੈਪਾਲ ਨੂੰ ਪੰਜਾਬ ਅਤੇ ਪੂਰਬੀ ਅਫ਼ਗ਼ਾਨਿਸਤਾਨ ਦੇ ਇੱਕੱਠੇ ਸਾਮਰਾਜ ਦਾ ਉੱਤਰਅਧਿਕਾਰੀ ਚੁਣਿਆ ਗਿਆ। ਜੈਪਾਲ ਨੇ ਸਰਹਿੰਦ ਤੋਂ ਕਾਬੁਲ ਤੱਕ ਦੇ ਬਹੁਤ ਵੱਡੇ ਖੇਤਰ ਉੱਪਰ ਰਾਜ ਕੀਤਾ।[61] ਇਸ ਸਮੇਂ ਦੇ ਦੌਰਾਨ ਇੱਕ ਤੁਰਕੀ ਸਾਮਰਾਜ ਗ਼ਜ਼ਨੀ ਆਇਆ ਅਤੇ 977ਈ. ਵਿੱਚ ਸੁਬਕਤਗੀਨ ਸਿੰਘਾਸਣ ਉੱਤੇ ਬਹਿ ਗਿਆ। ਉਸਨੇ ਸਭ ਤੋਂ ਪਹਿਲਾਂ ਮੁਸਲਮਾਨਾਂ ਦੇ ਰਾਜ ਵਾਲੇ ਬੁਸਤ, ਦਵਰ, ਕੁਸਦੁਰ, ਤੁਖਰੀਸਤਾਨ ਅਤੇ ਗੌਰ ਦੇ ਇਲਾਕਿਆਂ ਨੂੰ ਆਪਣੇ ਸ਼ਾਮਿਲ ਕੀਤਾ ਅਤੇ ਵੈਹਿੰਦ ਦੇ ਸ਼ਾਹੀ ਰਾਜੇ ਦੇ ਸਰਹੱਦੀ ਇਲਾਕਿਆਂ ਤੇ ਹੌਲੀ-ਹੌਲੀ ਕਬਜ਼ਾ ਕਰਨ ਲੱਗ ਪਿਆ। ਇਸ ਖ਼ਤਰੇ ਨੂੰ ਜੜ ਤੋਂ ਮੁਕਾਉਣ ਲਈ, ਜੈਪਾਲ ਨੇ ਸੁਬਕਤਗੀਨ ਨੇ ਦੋ ਵਾਰ ਹਮਲਾ ਵੀ ਕੀਤਾ ਪਰ ਆਪਣੇ ਮਨਸੂਬਿਆਂ ਵਿੱਚ ਸਫ਼ਲ ਨਾ ਹੋ ਸਕਿਆ।[62] ਹੌਲੀ-ਹੌਲੀ ਸੁਬਕਤਗੀਨ ਨੇ ਖੈਬਰ ਪਾਸ ਦੇ ਉੱਤਰ ਵਿੱਚ ਅਫ਼ਗ਼ਾਨਿਸਤਾਨ ਵਿੱਚ ਸਾਰੇ ਸ਼ਾਹੀ ਇਲਾਕੇ ਫ਼ਤਹਿ ਕਰ ਲਏ। ਉਸਦੀ ਮੌਤ 997 ਈ. ਵਿੱਚ ਹੋਈ ਅਤੇ ਉਸ ਪਿੱਛੋਂ ਉਸਦਾ ਪੁੱਤਰ ਮਹਿਮੂਦ ਦੋ ਭਰਾਵਾਂ ਦੀ ਇੱਕ ਛੋਟੀ ਜਿਹੀ ਲੜਾਈ ਪਿੱਛੋਂ ਗੱਦੀ ਉੱਪਰ ਬੈਠਾ। ਆਪਣੇ ਪਿਤਾ ਦੀ ਤਰ੍ਹਾਂ, ਸਭ ਤੋਂ ਪਹਿਲਾਂ ਮਹਿਮੂਦ ਨੇ ਪੱਛਮ ਵਿੱਚ ਆਪਣੀ ਜਗ੍ਹਾ ਮਜ਼ਬੂਤ ਕੀਤੀ। ਸਮਰਕੰਦ ਦੇ ਲੜਖੜਾ ਰਹੇ ਸਾਸਾਨੀ ਸਾਮਰਾਜ ਨੂੰ ਇੱਕ ਜ਼ੋਰਦਾਰ ਧੱਕਾ ਦਿੱਤਾ ਗਿਆ ਅਤੇ ਇਸਦੇ ਖੇਤਰਾਂ ਨੂੰ ਮਹਿਮੂਦ ਅਤੇ ਕਸ਼ਗਾਰ ਦੇ ਇਲਕ ਖ਼ਾਨ ਨੇ ਆਪਸ ਵਿੱਚ ਵੰਡ ਲਿਆ, ਜਿਸਦੀ ਹੱਦ ਉਹਨਾਂ ਨੇ ਓਕਸਸ ਤੈਅ ਕੀਤੀ।[63] ਮਹਿਮੂਦ ਨੇ ਹੁਣ ਸਾਸਾਨੀ ਸਾਮਰਾਜ ਦੀ ਥਾਂ ਲੈ ਲਈ ਸੀ, ਜਿਹੜਾ ਕਿ ਪਹਿਲਾਂ ਉਹਨਾਂ ਦਾ ਸਰਪ੍ਰਸਤ ਹੁੰਦਾ ਸੀ। ਬਹੁਤ ਸਾਰੀਆਂ ਜੰਗਾਂ ਦੇ ਤਜਰਬੇ ਹਾਸਲ ਕਰਕੇ ਅਤੇ ਇੱਕ ਮਜ਼ਬੂਤ ਫ਼ੌਜ ਨਾਲ ਮਹਿਮੂਦ ਹੁਣ ‘ਹਿੰਦ’ ਦਾ ਮੁਕਾਬਲਾ ਕਰਨ ਲਈ ਤਿਆਰ ਸੀ। ਜੈਪਾਲ ਨੂੰ 1001ਈ. ਵਿੱਚ ਪੇਸ਼ਾਵਰ ਵਿੱਚ ਮਹਿਮੂਦ ਨੇ ਹਰਾ ਦਿੱਤਾ ਅਤੇ ਸ਼ਾਹੀ ਸਾਮਰਾਜ ਸਿੰਧ ਦੇ ਉੱਤਰ ਵੱਲ ਆਪਣੇ ਸਾਰੇ ਇਲਾਕੇ ਹਾਰ ਗਿਆ।[64] ਉਸਦੇ ਪੁੱਤਰ ਅਨੰਦਪਾਲ ਅਤੇ ਪੋਤੇ ਤ੍ਰਿਲੋਚਣਪਾਲ ਨੇ ਮਹਿਮੂਦ ਦਾ ਅਗਲੇ 2-3 ਦਹਾਕੇ ਬਹੁਤ ਜ਼ੋਰਦਾਰ ਮੁਕਾਬਲਾ ਕੀਤਾ ਪਰ ਅੰਤ ਗਜ਼ਨੀ ਦੇ ਸੁਲਤਾਨ ਨੇ ਪੰਜਾਬ ਨੂੰ ਆਪਣੇ ਲਗਭਗ 1021 ਈ. ਵਿੱਚ ਆਪਣੇ ਇਲਾਕਿਆਂ ਵਿੱਚ ਸ਼ਾਮਿਲ ਕਰ ਲਿਆ।[65] ਇਸ ਪਿੱਛੋਂ ਮਹਿਮੂਦ ਨੇ ਭਾਰਤ ਦੀਆਂ ਧਾਰਮਿਕ ਥਾਵਾਂ ਅਤੇ ਸ਼ਾਹੀ ਖ਼ਜ਼ਾਨਿਆਂ ਉੱਪਰ ਵਾਰ-ਵਾਰ ਹਮਲੇ ਕੀਤੇ, ਜਿੱਥੇ ਕਈ ਸਦੀਆਂ ਤੋਂ ਬਹੁਤ ਬੇਸ਼ਕੀਮਤੀ ਧਨ-ਦੌਲਤ ਇਕੱਠੀ ਕੀਤੀ ਪਈ ਸੀ। ਪੰਜਾਬ ਦਾ ਸਮਕਾਲੀਨ ਇਤਿਹਾਸ
ਹਵਾਲੇ
|
Portal di Ensiklopedia Dunia