ਫ਼ਰਾਂਸ
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਰਕਬੇ ਪੱਖੋਂ ਫ਼ਰਾਂਸ ਦੁਨੀਆ ਦਾ 42ਵਾਂ ਸਭ ਤੋਂ ਵੱਡਾ ਦੇਸ਼ ਹੈ ਪਰ ਪੱਛਮੀ ਯੂਰਪ ਅਤੇ ਯੂਰਪੀ ਸੰਘ ਵਿਚਲਾ ਸਭ ਤੋਂ ਵੱਡਾ ਮੁਲਕ ਹੈ। ਪੂਰੇ ਯੂਰਪ ਵਿੱਚ ਇਹਦਾ ਦਰਜਾ ਤੀਜਾ ਹੈ। 6.7 ਕਰੋੜ ਨੂੰ ਛੂੰਹਦੀ ਅਬਾਦੀ ਨਾਲ਼ ਇਹ ਦੁਨੀਆ ਦਾ 20ਵਾਂ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦ ਦੇਸ਼ ਹੈ। ਫ਼ਰਾਂਸ ਇੱਕ ਇਕਾਤਮਕ ਅਰਧਰਾਸ਼ਟਰਪਤੀ ਗਣਰਾਜ ਹੈ ਜੀਹਦੀ ਰਾਜਧਾਨੀ ਪੈਰਿਸ ਵਿਖੇ ਹੈ ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹੈ। ਫ਼ਰਾਂਸ ਦਾ ਮੌਜੂਦਾ ਸੰਵਿਧਾਨ, ਜਿਹਨੂੰ ਲੋਕਮੱਤ ਰਾਹੀਂ 4 ਅਕਤੂਬਰ 1958 ਵਿੱਚ ਕਬੂਲਿਆ ਗਿਆ ਸੀ, ਦੇਸ਼ ਨੂੰ ਧਰਮ-ਨਿਰਪੱਖ ਅਤੇ ਲੋਕਰਾਜੀ ਦੱਸਦਾ ਹੈ ਜੀਹਦੀ ਖ਼ੁਦਮੁਖ਼ਤਿਆਰੀ ਦਾ ਸਰੋਤ ਇਹਦੇ ਲੋਕ ਹਨ। ਮੁਲਕ ਦੇ ਆਦਰਸ਼ ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦੇ ਐਲਾਨ ਵਿੱਚ ਉਲੀਕੇ ਗਏ ਹਨ ਜੋ ਦੁਨੀਆ ਵਿੱਚ ਮਨੁੱਖੀ ਹੱਕਾਂ ਦੇ ਸਭ ਤੋਂ ਪਹਿਲੇ ਦਸਤਾਵੇਜ਼ਾਂ ਵਿੱਚੋਂ ਇੱਕ ਹੈ ਅਤੇ ਜਿਹਨੂੰ ਪਿਛੇਤਰੀ 18ਵੀਂ ਸਦੀ ਵਿੱਚ ਫ਼ਰਾਂਸੀਸੀ ਇਨਕਲਾਬ ਦੇ ਸ਼ੁਰੂਆਤੀ ਦੌਰ ਵਿੱਚ ਤਿਆਰ ਕੀਤਾ ਗਿਆ ਸੀ। ਫ਼ਰਾਂਸ ਪਿਛੇਤਰੇ ਮੱਧ ਕਾਲ ਤੋਂ ਹੀ ਯੂਰਪ ਦੀ ਇੱਕ ਪ੍ਰਮੁੱਖ ਤਾਕਤ ਰਿਹਾ ਹੈ ਅਤੇ 19ਵੀਂ ਅਤੇ ਅਗੇਤਰੀ 20ਵੀਂ ਸਦੀ ਵਿੱਚ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਬਸਤੀਵਾਦੀ ਸਾਮਰਾਜ ਸਦਕਾ ਇਹ ਦੁਨਿਆਵੀ ਪ੍ਰਸਿੱਧੀ ਦੇ ਸਿਖਰਾਂ 'ਤੇ ਪੁੱਜ ਗਿਆ।[15] ਆਪਣੇ ਲੰਮੇ ਅਤੀਤ ਦੌਰਾਨ ਫ਼ਰਾਂਸ ਨੇ ਕਈ ਉੱਘੇ ਕਲਾਕਾਰਾਂ, ਸੋਚਵਾਨਾਂ ਅਤੇ ਵਿਗਿਆਨੀਆਂ ਨੂੰ ਜਨਮ ਦਿੱਤਾ ਅਤੇ ਹੁਣ ਤੱਕ ਵੀ ਇਹ ਸੱਭਿਆਚਾਰ ਦਾ ਵਿਸ਼ਵੀ ਕੇਂਦਰ ਹੈ। ਇਸ ਦੇਸ਼ ਯੂਨੈਸਕੋ ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਗਿਣਤੀ ਪੱਖੋਂ ਦੁਨੀਆ 'ਚ ਚੌਥੇ ਦਰਜੇ 'ਤੇ ਹੈ ਅਤੇ ਹਰ ਵਰ੍ਹੇ ਇੱਥੇ ਲਗਭਗ 8.3 ਕਰੋੜ ਵਿਦੇਸ਼ੀ ਸੈਲਾਨੀ ਆਉਂਦੇ ਹਨ – ਜੋ ਕਿਸੇ ਵੀ ਦੇਸ਼ ਤੋਂ ਵੱਧ ਹੈ।[16] ਫ਼ਰਾਂਸ ਯੂਰਪ ਅਤੇ ਦੁਨੀਆ ਵਿੱਚ ਚੋਖੇ ਸੱਭਿਆਚਾਰਕ, ਮਾਲੀ, ਫ਼ੌਜੀ ਅਤੇ ਸਿਆਸੀ ਰਸੂਖ਼ ਵਾਲੀ ਮਹਾਨ ਤਾਕਤ ਹੈ।[17] ਦੁਨੀਆ ਵਿੱਚ ਫ਼ਰਾਂਸ ਦਾ ਫ਼ੌਜੀ ਬਜਟ ਪੰਜਵਾਂ,[18] ਅਸਲੇ ਦਾ ਅੰਬਾਰ ਤੀਜਾ[19] ਅਤੇ ਸਫ਼ਾਰਤੀ ਅਮਲਾ ਦੂਜਾ ਸਭ ਤੋਂ ਵੱਡਾ ਹੈ।[20] ਆਪਣੇ ਸਮੁੰਦਰੋਂ-ਪਾਰ ਖੇਤਰਾਂ ਅਤੇ ਰਾਜਖੇਤਰਾਂ ਸਦਕਾ ਫ਼ਰਾਂਸ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਨਿਵੇਕਲਾ ਆਰਥਿਕ ਮੰਡਲ ਬਣ ਗਿਆ ਹੈ।[21] ਫ਼ਰਾਂਸ ਇੱਕ ਵਿਕਸਿਤ ਦੇਸ਼ ਹੈ ਅਤੇ ਨਾਂ-ਮਾਤਰ ਜੀਡੀਪੀ ਪੱਖੋਂ ਪੰਜਵੇਂ ਅਤੇ ਖ਼ਰੀਦ ਸ਼ਕਤੀ ਇਕਸਾਰਤਾ ਪੱਖੋਂ ਸੱਤਵੇਂ ਦਰਜੇ 'ਤੇ ਹੈ।[22] ਘਰੇਲੂ ਦੌਲਤ ਪੱਖੋਂ ਫ਼ਰਾਂਸ ਯੂਰਪ ਦਾ ਸਭ ਤੋਂ ਅਮੀਰ ਮੁਲਕ ਹੈ ਜਦਕਿ ਦੁਨੀਆ ਵਿੱਚ ਚੌਥੇ ਦਰਜੇ 'ਤੇ ਹੈ।[23] ਫ਼ਰਾਂਸੀਸੀ ਨਾਗਰਿਕਾਂ ਦੀ ਰਹਿਣੀ ਦਾ ਮਿਆਰ ਬਹੁਤ ਉੱਚਾ ਹੈ ਅਤੇ ਫ਼ਰਾਂਸ ਸਿੱਖਿਆ, ਸਿਹਤ-ਸੰਭਾਲ, ਜੀਵਨ-ਮਿਆਦ, ਸ਼ਹਿਰੀ ਅਜ਼ਾਦੀ ਅਤੇ ਮਨੁੱਖੀ ਵਿਕਾਸ ਦੀਆਂ ਕੌਮਾਂਤਰੀ ਦਰਜੇਦਾਰੀਆਂ ਵਿੱਚ ਵੀ ਮੋਹਰੀ ਰਹਿੰਦਾ ਹੈ।[24][25] ਫ਼ਰਾਂਸ ਸੰਯੁਕਤ ਰਾਸ਼ਟਰ ਦਾ ਸਥਾਪਕੀ ਮੈਂਬਰ ਹੈ ਜਿੱਥੇ ਇਹ ਉਸਦੇ ਸੁਰੱਖਿਆ ਕੌਂਸਲ ਦੇ ਪੰਜ ਪੱਕੇ ਮੈਂਬਰਾਂ 'ਚੋਂ ਇੱਕ ਹੈ। ਇਸ ਤੋਂ ਇਲਾਵਾ ਇਹ 7 ਦੀ ਢਾਣੀ, ਨਾਟੋ, ਆਰਥਿਕ ਸਹਿਕਾਰਤਾ ਅਤੇ ਵਿਕਾਸ ਜੱਥੇਬੰਦੀ (ਓ.ਈ.ਸੀ.ਡੀ.), ਵਿਸ਼ਵ ਵਪਾਰ ਜੱਥੇਬੰਦੀ ਅਤੇ ਲਾ ਫ਼ਰਾਂਕੋਫ਼ੋਨੀ ਵਰਗੇ ਕਈ ਕੌਮਾਂਤਰੀ ਅਦਾਰਿਆਂ ਦਾ ਵੀ ਮੈਂਬਰ ਹੈ।[26] ਨਿਰੁਕਤੀ"ਫ਼ਰਾਂਸ" ਨਾਂ ਲਾਤੀਨੀ Francia ਤੋਂ ਆਇਆ ਹੈ ਜਿਸਦਾ ਮਤਲਬ "ਫ਼ਰੈਂਕ ਲੋਕਾਂ ਦਾ ਮੁਲਕ" ਹੈ।[27] ਫ਼ਰੈਂਕ ਨਾਂ ਦੇ ਸਰੋਤ ਸੰਬੰਧੀ ਕਈ ਮਨੌਤਾਂ ਹਨ: ਇੱਕ ਹੈ ਕਿ ਇਹ ਨਾਂ ਮੂਲ ਜਰਮਨੀ ਸ਼ਬਦ frankon (ਫ਼ਰਾਂਕੋਨ) ਤੋਂ ਲਿਆ ਗਿਆ ਹੈ ਜੀਹਦਾ ਤਰਜਮਾ ਬਰਛਾ ਜਾਂ ਨੇਜ਼ਾ ਬਣਦਾ ਹੈ ਕਿਉਂਕਿ ਫ਼ਰਾਂਸੀਸੀ ਲੋਕਾਂ ਦੀ ਸੁੱਟਣ ਵਾਲੀ ਕੁਹਾੜੀ ਨੂੰ francisca (ਫ਼ਰਾਂਸਿਸਕਾ) ਆਖਿਆ ਜਾਂਦਾ ਹੈ।[28] ਇੱਕ ਹੋਰ ਪੇਸ਼ ਕੀਤੀ ਗਈ ਨਿਰੁਕਤੀ ਮੁਤਾਬਕ ਪੁਰਾਣੀ ਜਰਮੇਨੀ ਬੋਲੀ ਵਿੱਚ Frank ਦਾ ਮਤਲਬ ਅਜ਼ਾਦ ਹੁੰਦਾ ਸੀ ਜੋ ਗ਼ੁਲਾਮ ਤੋਂ ਉਲਟ ਸੀ। ਚੈੱਕ ਇਤਿਹਾਸਕਾਰ ਡੇਵਿਡ ਸੋਲੋਮਨ ਗਾਂਸ ਮੁਤਾਬਕ ਦੇਸ਼ ਦਾ ਨਾਂ Franci (Francio/ਫ਼ਰਾਂਸੀ/ਫ਼ਰਾਂਸੀਓ) ਤੋਂ ਆਇਆ ਹੈ ਜੋ ਲਗਭਗ 61 ਈਸਾ ਪੂਰਬ 'ਚ ਸਿਕਾਂਬਰੀ ਦੇ ਜਰਮੇਨੀ ਰਾਜਿਆਂ 'ਚੋਂ ਇੱਕ ਸੀ ਅਤੇ ਜੀਹਦਾ ਰਾਜਪਾਟ ਰਾਈਨ ਦਰਿਆ ਦੇ ਪੱਛਮੀ ਕੰਢੇ ਨਾਲ ਲੱਗਦੀਆਂ ਜ਼ਮੀਨਾਂ ਤੋਂ ਲੈ ਕੇ ਸਟਰਾਸਬੁਰਗ ਅਤੇ ਬੈਲਜੀਅਮ ਤੱਕ ਫੈਲਿਆ ਹੋਇਆ ਸੀ[29] ਜੂਲੀਅਸ ਸੀਜ਼ਰ ਨੇ ਆਪਣੀ ਗੈਲੀ ਜੰਗ ਉੱਤੇ ਲਿਖੀਆਂ ਕਾਪੀਆਂ (ਕੋਮਨਤਾਰੀ ਦੇ ਬੈਯੋ ਗਾਲੀਸੋ) ਵਿਚਲੇ ਫ਼ਰੇਦੇਗਾਰ ਦੇ ਰੋਜ਼ਨਾਮਚੇ 'ਚ ਇਸ ਮੁਲਕ ਦਾ ਜ਼ਿਕਰ ਸਾਫ਼ ਅੱਖਰਾਂ ਵਿੱਚ Francio ਵਜੋਂ ਕੀਤਾ ਸੀ। ਇਤਿਹਾਸਸ਼ੁਰੂਆਤੀ ਅਤੀਤ![]() ਅਜੋਕੇ ਫ਼ਰਾਂਸ ਵਿੱਚ ਮਨੁੱਖੀ ਜੀਵਨ (ਹੋਮੋ) ਦੇ ਸਭ ਤੋਂ ਪੁਰਾਣੇ ਖ਼ੁਰਾ-ਖੋਜ ਲਗਭਗ 18 ਲੱਖ ਸਾਲ ਪੁਰਾਣੇ ਹਨ।[30] ਉਸ ਸਮੇਂ ਮਨੁੱਖ ਨੂੰ ਸਖ਼ਤ ਅਤੇ ਬਦਲਵੇਂ ਮੌਸਮ ਦਾ ਸਾਮ੍ਹਣਾ ਕਰਨਾ ਪੈਂਦਾ ਸੀ ਜਿਸ ਵਿੱਚ ਕਈ ਗਲੇਸ਼ੀਆਈ ਕਾਲ ਸ਼ਾਮਲ ਸਨ ਜਿਸ ਕਰਕੇ ਮਨੁੱਖਾਂ ਨੂੰ ਸ਼ਿਕਾਰ ਕਰਕੇ ਅਤੇ ਖ਼ੁਰਾਕ ਬਟੋਰ ਕੇ ਟੱਪਰੀਵਾਸਾਂ ਦੀ ਜ਼ਿੰਦਗੀ ਜਿਊਣੀ ਪੈਂਦੀ ਸੀ।[30] ਫ਼ਰਾਂਸ ਵਿੱਚ ਮੂਹਰਲੇ ਪੁਰਾਪੱਥਰੀ ਕਾਲ ਦੀਆਂ ਕਈ ਸਜੀਆਂ ਹੋਈਆਂ ਗੁਫ਼ਾਵਾਂ ਹਨ ਜਿਹਨਾਂ 'ਚੋਂ ਸਭ ਤੋਂ ਪ੍ਰਸਿੱਧ ਅਤੇ ਵੱਧ ਸਾਂਭੀ ਹੋਈ ਲਾਸਕੋ[30] (ਲਗਭਗ 18,000 ਈ.ਪੂ.) ਹੈ। ਆਖ਼ਰੀ ਗਲੇਸ਼ੀਅਰ ਕਾਲ ਦੇ ਅੰਤ ਕੋਲ਼ (10,000 ਈ.ਪੂ.) ਅਬੋ-ਹਵਾ ਨਰਮ ਹੋ ਗਈ[30] ਅਤੇ ਤਕਰੀਬਨ 7,000 ਈ.ਪੂ. ਤੋਂ ਪੱਛਮੀ ਯੂਰਪ ਦਾ ਇਹ ਹਿੱਸਾ ਨਵਪੱਥਰੀ ਕਾਲ ਵਿੱਚ ਦਾਖ਼ਲ ਹੋ ਗਿਆ ਅਤੇ ਇਹਦੇ ਵਸਨੀਕ ਟਿਕਾਊ ਜੀਵਨ ਬਤੀਤ ਕਰਨ ਲੱਗੇ। ਚੌਥੀ ਅਤੇ ਤੀਜੀ ਹਜ਼ਾਰ-ਸਾਲੀ ਵਾਲ਼ੇ ਅਬਾਦੀ ਅਤੇ ਖੇਤੀਬਾੜੀ ਦੇ ਕਰੜੇ ਵਿਕਾਸ ਮਗਰੋਂ ਤੀਜੀ ਹਜ਼ਾਰ-ਸਾਲੀ ਦੇ ਅੰਤ ਵਿੱਚ ਧਾਤ ਦਾ ਕੰਮ ਸ਼ੁਰੂ ਹੋ ਗਿਆ: ਪਹਿਲਾਂ ਸੋਨਾ, ਤਾਂਬਾ ਅਤੇ ਕਾਂਸੀ ਅਤੇ ਫੇਰ ਲੋਹਾ।[31] ਫ਼ਰਾਂਸ ਵਿੱਚ ਨਵਪੱਥਰੀ ਕਾਲ ਦੇ ਕਈ ਵੱਡਪੱਥਰੀ ਟਿਕਾਣੇ ਹਨ ਜਿਹਨਾਂ ਵਿੱਚ ਲਗਭਗ 3,300 ਈ.ਪੂ. ਦਾ ਖ਼ਾਸਾ ਸੰਘਣਾ ਕਾਰਨਕ ਪੱਥਰ ਟਿਕਾਣਾ ਵੀ ਸ਼ਾਮਲ ਹੈ। ਗੌਲ600 ਈ.ਪੂ. ਵਿੱਚ ਫ਼ੋਸੀਆ ਤੋਂ ਆਏ ਇਓਨੀਆਈ ਯੂਨਾਨੀਆਂ ਨੇ ਭੂ-ਮੱਧ ਸਮੁੰਦਰ ਦੇ ਕੰਢੇ ਮਸਾਲੀਆ (ਅਜੋਕਾ ਮਾਰਸੇਈ) ਨਾਮਕ ਬਸਤੀ ਸਥਾਪਤ ਕੀਤੀ। ਇਸ ਕਰਕੇ ਇਹ ਫ਼ਰਾਂਸ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ।[32][33] ਇਸੇ ਸਮੇਂ ਗੇਲੀ ਕੈਲਟੀ ਕਬੀਲੇ ਫ਼ਰਾਂਸ ਦੇ ਅਜੋਕੇ ਇਲਾਕੇ ਵਿੱਚ ਆ ਗਏ ਅਤੇ ਤੀਜੀ ਤੋਂ ਪੰਜਵੀਂ ਸਦੀ ਈ.ਪੂ. ਤੱਕ ਇਹ ਫ਼ਰਾਂਸ ਦੇ ਬਾਕੀ ਹਿੱਸਿਆਂ 'ਚ ਵੀ ਫੈਲ ਗਏ।[34] ![]() ਇਸ ਵੇਲੇ ਗੌਲ ਦੇ ਸਿਧਾਂਤ ਦਾ ਜਨਮ ਹੋਇਆ; ਇਹ ਕੈਲਟੀ ਬਸਤੀਆਂ ਦੇ ਉਹਨਾਂ ਇਲਾਕਿਆਂ ਨੂੰ ਆਖਿਆ ਜਾਂਦਾ ਹੈ ਜੋ ਰਾਈਨ, ਅੰਧ ਮਹਾਂਸਾਗਰ, ਪੀਰੇਨੇ ਅਤੇ ਭੂ-ਮੱਧ ਸਮੁੰਦਰ ਵਿਚਕਾਰ ਪੈਂਦੀਆਂ ਸਨ। ਅਜੋਕੇ ਫ਼ਰਾਂਸ ਦੀਆਂ ਹੱਦਾਂ ਤਕਰੀਬਨ-ਤਕਰੀਬਨ ਪੁਰਾਣੇ ਗੌਲ ਨਾਲ਼ ਹੀ ਮਿਲਦੀਆਂ ਹਨ ਜਿੱਥੇ ਕੈਲਟੀ ਗੌਲ ਰਹਿੰਦੇ ਸਨ। ਗੌਲ ਉਸ ਵੇਲੇ ਇੱਕ ਅਮੀਰ ਮੁਲਕ ਸੀ ਜੀਹਦੇ ਸਭ ਤੋਂ ਦੱਖਣੀ ਹਿੱਸੇ 'ਤੇ ਡਾਢਾ ਯੂਨਾਨੀ ਅਤੇ ਰੋਮਨ ਅਸਰ ਪੈਂਦਾ ਸੀ। ਪਰ 390 ਈ.ਪੂ. ਦੇ ਨੇੜੇ ਗੈਲੀ ਕਬੀਲੇ ਦੇ ਸਰਦਾਰ ਬਰੈਨਸ ਅਤੇ ਉਹਦੇ ਦਸਤਿਆਂ ਨੇ ਐਲਪ ਰਾਹੀਂ ਇਟਲੀ 'ਤੇ ਕੂਚ ਕਰ ਦਿੱਤਾ, ਆਲੀਆ ਦੀ ਲੜਾਈ ਵਿੱਚ ਰੋਮਨਾਂ ਨੂੰ ਹਰਾ ਦਿੱਤਾ ਅਤੇ ਰੋਮ ਸ਼ਹਿਰ ਘੇਰਾ ਪਾ ਕੇ ਉਹਦੇ ਤੋਂ ਫਰੌਤੀ ਲਈ। ਗੈਲੀ ਹੱਲੇ ਨੇ ਰੋਮ ਨੂੰ ਕਮਜ਼ੋਰ ਕਰ ਦਿੱਤਾ ਅਤੇ 345 ਈ.ਪੂ. ਤੱਕ ਗੌਲ ਰੋਮ ਨੂੰ ਦੁੱਖ ਦਿੰਦੇ ਰਹੇ ਜਿਸ ਮਗਰੋਂ ਉਹਨਾਂ ਨੇ ਰੋਮ ਨਾਲ਼ ਅਮਨ ਦਾ ਇੱਕ ਰਸਮੀ ਇਕਰਾਰਨਾਮਾ ਕਬੂਲ ਕਰ ਲਿਆ। ਇਸ ਦੇ ਬਾਵਜੂਦ ਰੋਮਨ ਅਤੇ ਗੌਲ ਲੋਕਾਂ ਵਿਚਾਲੇ ਅਗਲੀਆਂ ਕਈ ਸਦੀਆਂ ਤੱਕ ਵਿਰੋਧੀ ਖਿੱਚੋਤਾਣ ਚੱਲਦੀ ਰਹੀ ਅਤੇ ਗੌਲ ਲੋਕ ਇਤਾਲੀਆ (ਰੋਮਨ ਸਾਮਰਾਜ) ਵਾਸਤੇ ਖ਼ਤਰਾ ਬਣੇ ਰਹੇ। ਲਗਭਗ 125 ਈ.ਪੂ. ਨੂੰ ਦੱਖਣੀ ਗੌਲ 'ਤੇ ਰੋਮਨਾਂ ਨੇ ਕਬਜ਼ਾ ਕਰ ਲਿਆ ਜੋ ਇਸ ਇਲਾਕੇ ਨੂੰ Provincia Romana ("ਰੋਮਨ ਸੂਬਾ") ਆਖਦੇ ਸਨ ਅਤੇ ਜੋ ਸਮਾਂ ਪੈਣ ਤੇ ਫ਼ਰਾਂਸੀਸੀ ਬੋਲੀ ਵਿੱਚ ਪ੍ਰੋਵੌਂਸ ਨਾਂ ਬਣ ਗਿਆ।[35] ਜੂਲੀਅਸ ਸੀਜ਼ਰ ਨੇ ਬਾਕੀ ਦੇ ਗੌਲ ਨੂੰ ਵੀ ਜਿੱਤ ਲਿਆ ਅਤੇ 52 ਈ.ਪੂ. ਵਿੱਚ ਗੈਲੀ ਸਰਦਾਰ ਵਰਸਿੰਜਟੋਰੀ ਵੱਲੋਂ ਕੀਤੀ ਗਈ ਬਗ਼ਾਵਤ 'ਤੇ ਵੀ ਕਾਬੂ ਪਾ ਲਿਆ।[36] ਔਗਸਟਸ ਵੱਲੋਂ ਗੌਲ ਨੂੰ ਰੋਮਨ ਸੂਬਿਆਂ ਵਿੱਚ ਵੰਡ ਦਿੱਤਾ ਗਿਆ।[37] ਗੈਲੋ-ਰੋਮਨੀ ਕਾਲ ਵੇਲੇ ਕਈ ਸ਼ਹਿਰ ਵਸਾਏ ਗਏ ਜਿਵੇਂ ਕਿ ਲੁਗਦੁਨਮ (ਅਜੋਕਾ ਲਿਓਂ), ਜਿਹਨੂੰ ਗੌਲਾਂ ਦੀ ਰਾਜਧਾਨੀ ਮੰਨਿਆ ਜਾਂਦਾ ਹੈ।[37] ਇਹਨਾਂ ਸ਼ਹਿਰਾਂ ਨੂੰ ਰਿਵਾਇਤੀ ਰੋਮਨ ਤਰੀਕੇ ਨਾਲ਼ ਬਣਾਇਆ ਗਿਆ ਸੀ ਜਿਸ ਵਿੱਚ ਰੋਮਨ ਸੱਥ, ਨਾਟਘਰ, ਸਰਕਸ, ਨਾਚਘਰ, ਖੇਡਘਰ ਅਤੇ ਗ਼ੁਸਲਖ਼ਾਨੇ ਆਦਿ ਸ਼ਾਮਲ ਸਨ। ਗੌਲ ਲੋਕ ਰੋਮਨੀ ਅਬਾਦਕਾਰਾਂ ਨਾਲ਼ ਰਲ਼-ਮਿਲ ਗਏ ਅਤੇ ਆਖ਼ਰਕਾਰ ਉਹਨਾਂ ਨੇ ਰੋਮਨ ਬੋਲੀ (ਲਾਤੀਨੀ, ਜਿੱਥੋਂ ਫ਼ਰਾਂਸੀਸੀ ਬੋਲੀ ਦਾ ਵਿਕਾਸ ਹੋਇਆ) ਅਤੇ ਸੱਭਿਆਚਾਰ ਇਖ਼ਤਿਆਰ ਕਰ ਲਿਆ। ਇਹਨਾਂ ਦੇ ਧਰਮ ਵੀ ਲਗਭਗ ਇੱਕ ਦੂਜੇ ਨਾਲ਼ ਰਲ-ਮਿਲ ਗਏ ਸਨ। 250 ਤੋਂ 280 ਈਸਵੀ ਤੱਕ ਰੋਮਨ ਗੌਲਾਂ ਦੀਆਂ ਸਰਹੱਦਾਂ 'ਤੇ ਜਾਂਗਲੀਆਂ ਦੇ ਸਿਲਸਿਲੇਵਾਰ ਹੱਲਿਆਂ ਕਰਕੇ ਸਾਮਰਾਜ ਉੱਤੇ ਬੜੀ ਬਿਪਤਾ ਆ ਪਈ।[38] ਫੇਰ ਵੀ ਮਹੌਲ ਚੌਥੀ ਸਦੀ ਦੇ ਮੱਧ ਤੱਕ ਕੁਝ ਸੁਧਰ ਗਿਆ ਸੀ ਜੋ ਰੋਮਨ ਗੌਲ ਵਾਸਤੇ ਮੁੜ-ਵਿਕਾਸ ਅਤੇ ਪ੍ਰਫੁੱਲਤਾ ਵਾਲ਼ਾ ਸੀ।[39] 312 ਵਿੱਚ ਸੁਲਤਾਨ ਕਾਂਸਟਨਟਿਨ ਪਹਿਲੇ ਨੇ ਈਸਾਈ ਧਰਮ ਕਬੂਲ ਲਿਆ। ਈਸਾਈ, ਜੋ ਹੁਣ ਤੱਕ ਤਸੀਹੇ ਸਹਿੰਦੇ ਸਨ, ਰੋਮਨ ਸਾਮਰਾਜ ਵਿੱਚ ਬੜੀ ਤੇਜ਼ੀ ਨਾਲ਼ ਫੈਲਣ ਲੱਗੇ।[40] ਪਰ ਪੰਜਵੀਂ ਸਦੀ ਦੀ ਸ਼ੁਰੂਆਤ ਤੋਂ ਜਾਂਗਲੀਆਂ ਦੇ ਹੱਲੇ ਫੇਰ ਸ਼ੁਰੂ ਹੋ ਗਏ[41] ਅਤੇ ਕਈ ਜਰਮੇਨੀ ਕਬੀਲੇ ਜਿਵੇਂ ਕਿ ਵੰਡਾਲ, ਸੂਏਬੀ ਅਤੇ ਅਲਾਨ ਰਾਈਨ ਪਾਰ ਕਰ ਕੇ ਗੌਲ, ਸਪੇਨ ਅਤੇ ਖਿੰਡ ਰਹੇ ਰੋਮਨ ਸਾਮਰਾਜ ਦੇ ਹੋਰ ਹਿੱਸਿਆਂ ਵਿੱਚ ਆ ਕੇ ਵੱਸ ਗਏ।[42] ਗਣਰਾਜ ਅਤੇ ਸਾਮਰਾਜ (1792–)![]() 14 ਜੁਲਾਈ 1789 ਨੂੰ ਹੋਈ ਬੈਸਟੀਲ ਦੀ ਚੜ੍ਹਾਈ ਮਗਰੋਂ ਨਿਰੋਲ ਬਾਦਸ਼ਾਹੀ ਦਾ ਖ਼ਾਤਮਾ ਹੋ ਗਿਆ ਅਤੇ ਫ਼ਰਾਂਸ ਇੱਕ ਸੰਵਿਧਾਨਕ ਬਾਦਸ਼ਾਹੀ ਬਣ ਗਿਆ। ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦੇ ਐਲਾਨ ਰਾਹੀਂ ਫ਼ਰਾਂਸ ਦੇ ਨਾਗਰਿਕਾਂ (ਉਸ ਵੇਲੇ ਸਿਰਫ਼ ਮਰਦ ਹੀ ਨਾਗਰਿਕ ਹੁੰਦੇ ਸਨ) ਵਾਸਤੇ ਮੂਲ ਹੱਕਾਂ ਦੀ ਸਥਾਪਨਾ ਕੀਤੀ ਗਈ। ਇਸ ਐਲਾਨ ਵਿੱਚ ਮਨੁੱਖ ਦੇ ਕੁਦਰਤੀ ਹੱਕ "ਖ਼ਲਾਸੀ, ਜਾਇਦਾਦ, ਸੁਰੱਖਿਆ ਅਤੇ ਜਬਰ ਦਾ ਟਾਕਰਾ" ਦੱਸੇ ਗਏ। ਇਸ ਐਲਾਨ ਵਿੱਚ ਕੁਲੀਨਰਾਜੀ ਰਿਆਇਤਾਂ ਦਾ ਖ਼ਾਤਮਾ ਕਰਨ ਲਈ ਆਖਿਆ ਗਿਆ। ਇਹਦੇ ਨਾਲ਼-ਨਾਲ਼ ਸਾਰੇ ਇਨਸਾਨਾਂ ਵਾਸਤੇ ਅਜ਼ਾਦੀ ਅਤੇ ਬਰਾਬਰ ਹੱਕ ਅਤੇ ਸਰਕਾਰੀ ਦਫ਼ਤਰਾਂ ਤੱਕ ਪਹੁੰਚ ਦਾ ਅਧਾਰ ਜਨਮ ਦੀ ਬਜਾਏ ਯੋਗਤਾ ਮਿੱਥਣ ਦਾ ਐਲਾਨ ਕੀਤਾ ਗਿਆ। ਬਾਦਸ਼ਾਹੀ ਉੱਤੇ ਬੰਧੇਜ ਕਰ ਦਿੱਤੀ ਗਈ ਅਤੇ ਸਾਰੇ ਨਾਗਰਿਕਾਂ ਨੂੰ ਵਿਧਾਨਕ ਕਾਰਵਾਈ ਵਿੱਚ ਹਿੱਸਾ ਪਾਉਣ ਦਾ ਹੱਕ ਦਿੱਤਾ ਗਿਆ। ਕਥਨੀ ਅਤੇ ਛਾਪੇ ਦੀ ਖੁੱਲ੍ਹ ਦੇ ਦਿੱਤੀ ਗਈ ਅਤੇ ਮਨ-ਮੰਨੀਆਂ ਗਿਰਫ਼ਤਾਰੀਆਂ ਨੂੰ ਗੈਰ-ਕਨੂੰਨੀ ਕਰਾਰ ਦਿੱਤਾ ਗਿਆ। ਇਸ ਐਲਾਨ ਨੇ ਜਨਤਕ ਖ਼ੁਦਮੁਖ਼ਤਿਆਰੀ ਦੇ ਅਸੂਲਾਂ ਦਾ ਵੀ ਦਾਅਵਾ ਕੀਤਾ ਜੋ ਫ਼ਰਾਂਸੀਸੀ ਬਾਦਸ਼ਾਹ ਦੇ ਰੱਬੀ ਹੱਕਾਂ ਵਾਲ਼ੇ ਅਸੂਲਾਂ ਦੇ ਉਲਟ ਸੀ। ਇਹਦੇ ਤੋਂ ਇਲਾਵਾ ਨਾਗਰਿਕ ਬਰਾਬਰੀ ਦਾ ਦਾਅਵਾ ਹੋਇਆ ਜਿਸ ਨਾਲ਼ ਕੁਲੀਨ ਵਰਗ ਅਤੇ ਪਾਦਰੀ ਵਰਗ ਨੂੰ ਮਿਲੀਆਂ ਰਿਆਇਤਾਂ ਦਾ ਅੰਤ ਹੋ ਗਿਆ। ਭਾਵੇਂ ਸੰਵਿਧਾਨਕ ਬਾਦਸ਼ਾਹ ਵਜੋਂ ਲੂਈ ਸੋਲ੍ਹਵਾਂ ਲੋਕਾਂ ਵਿੱਚ ਪ੍ਰਸਿੱਧ ਸੀ ਪਰ ਉਹਦੀ ਮੰਦਭਾਗੀ ਵਾਰੈੱਨ ਦੀ ਉਡਾਰੀ ਨੇ ਉਹਨਾਂ ਅਫ਼ਵਾਹਾਂ ਨੂੰ ਤੂਲ ਦੇ ਦਿੱਤੀ ਜਿਹਨਾਂ ਮੁਤਾਬਕ ਬਾਦਸ਼ਾਹ ਨੇ ਆਪਣੇ ਸਿਆਸੀ ਨਿਸਤਾਰੇ ਦੀ ਉਮੀਦ ਵਿਦੇਸ਼ੀ ਹਮਲੇ ਨਾਲ਼ ਬੰਨ੍ਹੀ ਹੋਈ ਸੀ। ਉਹਦੀ ਸ਼ਾਖ਼ ਨੂੰ ਇੰਨੀ ਡੂੰਘੀ ਸੱਟ ਵੱਜੀ ਕਿ ਬਾਦਸ਼ਾਹੀ ਦਾ ਖ਼ਾਤਮਾ ਅਤੇ ਗਣਰਾਜ ਦੀ ਸਥਾਪਨਾ ਦੀ ਸੰਭਵਤਾ ਹੋਰ ਵਧ ਗਈ। ਯੂਰਪੀ ਬਾਦਸ਼ਾਹੀਆਂ ਨਿਰੋਲ ਫ਼ਰਾਂਸੀਸੀ ਬਾਦਸ਼ਾਹੀ ਥਾਪਣ ਦੇ ਇਰਾਦੇ ਨਾਲ਼ ਨਵੇਂ ਰਾਜ-ਪ੍ਰਬੰਧ ਖਿਲਾਫ਼ ਨਿੱਤਰ ਆਈਆਂ। ਇਸ ਵਿਦੇਸ਼ੀ ਡਰਾਵੇ ਨੇ ਫ਼ਰਾਂਸ ਦੇ ਸਿਆਸੀ ਰੌਲ਼ੇ-ਗੌਲ਼ੇ ਨੂੰ ਹੋਰ ਭੜਕਾ ਦਿੱਤਾ ਅਤੇ ਨਤੀਜੇ ਵਜੋਂ 20 ਅਪ੍ਰੈਲ 1792 ਨੂੰ ਆਸਟਰੀਆ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ। 10 ਅਗਸਤ 1792 ਦੀ ਬਗ਼ਾਵਤ[43] ਮੌਕੇ ਅਤੇ ਅਗਲੇ ਮਹੀਨੇ[44] ਵਿੱਚ ਅਵਾਮੀ ਹਿੰਸਾ ਅਤੇ ਵਧੀਕੀਆਂ ਵਾਪਰੀਆਂ। ਇਸ ਖ਼ੂਨ-ਖ਼ਰਾਬੇ ਅਤੇ ਸੰਵਿਧਾਨਕ ਬਾਦਸ਼ਾਹੀ ਦੀ ਸਿਆਸੀ ਅਸਥਿਰਤਾ ਦੇ ਨਤੀਜੇ ਵਜੋਂ 22 ਸਤੰਬਰ 1792 ਨੂੰ ਗਣਰਾਜ ਦਾ ਐਲਾਨ ਕਰ ਦਿੱਤਾ ਗਿਆ। 1793 ਵਿੱਚ ਲੂਈ ਸੋਲ੍ਹਵੇਂ ਨੂੰ ਗੱਦਾਰੀ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਤੇ ਉਹਦਾ ਸਿਰ ਕਲਮ ਕਰ ਦਿੱਤਾ ਗਿਆ। ਯੂਰਪੀ ਬਾਦਸ਼ਾਹੀਆਂ, ਅੰਦਰੂਨੀ ਛਾਪੇਮਾਰ ਲੜਾਈਆਂ ਅਤੇ ਇਨਕਲਾਬਾਂ ਖਿਲਾਫ਼ ਹੋਏ ਇਨਕਲਾਬਾਂ (ਜਿਵੇਂ ਕਿ ਵੌਂਡੇ ਦੀ ਜੰਗ ਜਾਂ ਸ਼ੂਆਨਰੀ) ਨੇ ਇਸ ਨਵੇਂ ਬਣੇ ਗਣਰਾਜ ਨੂੰ ਮਾਰ ਧਾੜ ਦੇ ਸ਼ਾਸਨ ਵੱਲ ਧੱਕ ਦਿੱਤਾ। 1793 ਤੋਂ 1794 ਵਿਚਕਾਰ ਲਗਭਗ 16,000 ਤੋਂ 40,000 ਲੋਕ ਫਾਂਸੀ ਚੜ੍ਹਾ ਦਿੱਤੇ ਗਏ। ਪੱਛਮੀ ਫ਼ਰਾਂਸ ਵਿੱਚ 1793 ਤੋਂ ਲੈ ਕੇ 1796 ਤੱਕ ਬਲਅ ("ਨੀਲੇ", ਜੋ ਇਨਕਲਾਬ ਦੇ ਹਿਮਾਇਤੀ ਸਨ) ਅਤੇ ਬਲੌਂ ("ਚਿੱਟੇ", ਜੋ ਬਾਦਸ਼ਾਹੀ ਦੇ ਹਿਮਾਇਤੀ ਸਨ) ਵਿਚਕਾਰ ਚੱਲੀ ਖ਼ਾਨਾਜੰਗੀ ਵਿੱਚ ਤਕਰੀਬਨ 2 ਤੋਂ ਸਾਢੇ 4 ਲੱਖ ਜਾਨਾਂ ਚਲੀਆਂ ਗਈਆਂ।[45][46] ਵਿਦੇਸ਼ੀ ਫ਼ੌਜਾਂ ਅਤੇ ਫ਼ਰਾਂਸੀਸੀ ਇਨਕਲਾਬ-ਵਿਰੋਧੀਆਂ ਨੂੰ ਦਰੜ ਦਿੱਤਾ ਗਿਆ ਅਤੇ ਫ਼ਰਾਂਸੀਸੀ ਗਣਰਾਜ ਦੀ ਹੋਂਦ ਬਰਕਰਾਰ ਰਹੀ। ਸਗੋਂ ਗਣਰਾਜ ਦੀਆਂ ਸਰਹੱਦਾਂ ਹੋਰ ਅਗਾਂਹ ਵਧ ਗਈਆਂ ਅਤੇ ਨਾਲ਼-ਲੱਗਦੇ ਦੇਸ਼ਾਂ ਵਿੱਚ ਸੰਗੀ ਗਣਰਾਜ ਥਾਪ ਦਿੱਤੇ ਗਏ। ਜਿਵੇਂ-ਜਿਵੇਂ ਵਿਦੇਸ਼ੀ ਹਮਲੇ ਦਾ ਡਰ ਚੁੱਕਿਆ ਗਿਆ ਅਤੇ ਫ਼ਰਾਂਸ ਸ਼ਾਂਤ ਹੁੰਦਾ ਗਿਆ, ਉਸੇ ਵੇਲੇ ਥਰਮੀਡੋਰੀ ਕਿਰਿਆ ਨੇ ਰੋਬਸਪੀਅਰ ਦੇ ਰਾਜ ਅਤੇ ਮਾੜ-ਧਾੜ ਨੂੰ ਠੱਲ੍ਹ ਪਾ ਦਿੱਤੀ। ਇਸ ਇਨਕਲਾਬ ਦੇ ਗਰਮਦਲੀ ਪੜਾਅ ਮੌਕੇ ਉਲੀਕੇ ਗਏ ਗ਼ੁਲਾਮੀ ਦੇ ਖ਼ਾਤਮੇ ਅਤੇ ਮਰਦਾਂ ਨੂੰ ਵੋਟ ਪਾਉਣ ਲਈ ਮਿਲੇ ਮੁਕੰਮਲ ਹੱਕਾਂ ਨੂੰ ਬਾਅਦ ਦੀਆਂ ਸਰਕਾਰਾਂ ਨੇ ਰੱਦ ਕਰ ਦਿੱਤਾ। ਥੁੜ੍ਹਚਿਰੀ ਸਰਕਾਰੀ ਸਕੀਮ ਤੋਂ ਬਾਅਦ, ਨਪੋਲੀਅਨ ਬੋਨਾਪਾਰਟ ਨੇ 1799 ਵਿੱਚ ਗਣਰਾਜ ਦੀ ਵਾਗਡੋਰ ਆਪਣੇ ਹੱਥ ਕਰ ਲਈ ਜਿਸ ਕਰਕੇ ਉਹ ਪਹਿਲਾ ਤਾਂ ਫ਼ਰਾਂਸੀਸੀ ਸਲਤਨਤ (1804-1814/1815) ਦਾ ਕਾਂਸਲ ਅਤੇ ਫੇਰ ਸੁਲਤਾਨ ਬਣ ਗਿਆ। ਯੂਰਪੀ ਤਾਕਤਾਂ ਦੀਆਂ ਫ਼ਰਾਂਸੀਸੀ ਗਣਰਾਜਾਂ ਖ਼ਿਲਾਫ਼ ਚੱਲਦੀਆਂ ਜੰਗਾਂ ਨੂੰ ਜਾਰੀ ਰੱਖਦੇ ਹੋ ਬਦਲਵੇਂ ਯੂਰਪੀ ਮੇਲਾਂ ਨੇ ਨਪੋਲੀਅਨ ਦੀ ਸਲਤਨਤ ਉੱਤੇ ਜੰਗ ਦਾ ਐਲਾਨ ਕਰ ਦਿੱਤਾ। ਨਪੋਲੀਅਨ ਦੀ ਫ਼ੌਜ ਨੇ ਅੰਦਰੂਨੀ ਯੂਰਪ ਦੇ ਚੋਖੇ ਹਿੱਸੇ ਉੱਤੇ ਕਬਜ਼ਾ ਕਰ ਲਿਆ ਜਦਕਿ ਬੋਨਾਪਾਰਟ ਘਰਾਨੇ ਦੇ ਕਈ ਜੀਆਂ ਨੂੰ ਨਵੀਆਂ ਥਾਪੀਆਂ ਬਾਦਸ਼ਾਹੀਆਂ ਵਿੱਚ ਗੱਦੀਆਂ ਦੇ ਦਿੱਤੀਆਂ ਗਈਆਂ।[47] ਇਹਨਾਂ ਜਿੱਤਾਂ ਨੇ ਦਸਮੀ ਪ੍ਰਬੰਧ, ਨਪੋਲੀਅਨੀ ਕੋਡ ਅਤੇ ਮਨੁੱਖੀ ਹੱਕਾਂ ਦੇ ਐਲਾਨ ਵਰਗੇ ਫ਼ਰਾਂਸੀਸੀ ਇਨਕਲਾਬੀ ਖ਼ਿਆਲਾਂ ਅਤੇ ਸੁਧਾਰਾਂ ਨੂੰ ਦੁਨੀਆਂ-ਭਰ ਵਿੱਚ ਫੈਲਾ ਦਿੱਤਾ। ਤਬਾਹਕਾਰੀ ਰੂਸੀ ਮੁਹਿੰਮ ਤੋਂ ਬਾਅਦ ਨਪੋਲੀਅਨ ਨੂੰ ਹਰਾ ਦਿੱਤਾ ਗਿਆ ਅਤੇ ਬੂਰਬੋਂ ਬਾਦਸ਼ਾਹੀ ਮੁੜ ਥਾਪੀ ਗਈ। ਨਪੋਲੀਅਨੀ ਲੜਾਈਆਂ ਵਿੱਚ ਤਕਰੀਬਨ ਦਸ ਲੱਖ ਫ਼ਰਾਂਸੀਸੀ ਲੋਕ ਮਾਰੇ ਗਏ ਸਨ।[47] ![]() ਦੇਸ਼-ਨਿਕਾਲੇ ਤੋਂ ਬਾਅਦ ਦੀ ਥੁੜ੍ਹਚਿਰੀ ਵਾਪਸੀ ਮਗਰੋਂ ਅੰਤ ਵਿੱਚ ਨਪੋਲੀਅਨ ਨੂੰ 1815 ਵਿੱਚ ਵਾਟਰਲੂ ਸੀ ਲੜਾਈ ਵਿੱਚ ਹਾਰ ਖਾਣੀ ਪਈ। ਨਵੀਆਂ ਸੰਵਿਧਾਨਕ ਹੱਦਾਂ ਦੇ ਅਧੀਨ ਬੂਰਬੋਂ ਬਾਦਸ਼ਾਹੀ ਨੂੰ ਦੂਜੀ ਵਾਰ ਮੁੜ ਥਾਪਿਆ ਗਿਆ। 1830 ਦੇ ਜੁਲਾਈ ਇਨਕਲਾਬ ਰਾਹੀਂ ਬੇਇਤਬਾਰੀ ਬੂਰਬੋਂ ਘਰਾਨੇ ਦਾ ਤਖ਼ਤਾ ਪਲਟ ਦਿੱਤਾ ਗਿਆ ਅਤੇ ਜੁਲਾਈ ਬਾਦਸ਼ਾਹੀ ਥਾਪ ਦਿੱਤੀ ਗਈ ਜੋ 1848 ਤੱਕ ਚੱਲੀ। ਇਸ ਮਗਰੋਂ ਯੂਰਪ ਦੇ 1848 ਦੇ ਇਨਕਲਾਬਾਂ ਦੇ ਮੱਦੇਨਜ਼ਰ ਦੂਜੇ ਗਣਰਾਜ ਦਾ ਐਲਾਨ ਕੀਤਾ ਗਿਆ। ਫ਼ਰਾਂਸੀਸੀ ਇਨਕਲਾਬ ਵੇਲੇ ਥੋੜ੍ਹੇ ਚਿਰ ਵਾਸਤੇ ਹੋਂਦ 'ਚ ਆਏ ਗ਼ੁਲਾਮੀ ਦੇ ਖ਼ਾਤਮੇ ਅਤੇ ਮੁਕੰਮਲ ਵੋਟ-ਅਧਿਕਾਰ ਨੂੰ 1848 ਵਿੱਚ ਮੁੜ-ਉਲੀਕਿਆ ਗਿਆ। 1852 ਵਿੱਚ ਫ਼ਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਲੂਈ-ਨਪੋਲੀਅਨ ਬੋਨਾਪਾਰਟ ਜੋ ਪਹਿਲੇ ਨਪੋਲੀਅਨ ਦਾ ਭਤੀਜਾ ਸੀ, ਨੂੰ ਨਪੋਲੀਅਨ ਤੀਜੇ ਵਜੋਂ ਦੂਜੀ ਸਲਤਨਤ ਦਾ ਸੁਲਤਾਨ ਐਲਾਨ ਦਿੱਤਾ ਗਿਆ। ਇਹਨੇ ਵਿਦੇਸ਼ਾਂ ਵਿੱਚ ਫ਼ਰਾਂਸ ਦੇ ਦਖ਼ਲ ਕਈ ਗੁਣਾ ਵਧਾ ਦਿੱਤੇ ਖ਼ਾਸ ਤੌਰ 'ਤੇ ਕਰੀਮੀਆ, ਮੈਕਸੀਕੋ ਅਤੇ ਇਟਲੀ ਵਿੱਚ। 1870 ਵਿੱਚ ਫ਼ਰਾਂਸ-ਪਰੂਸ਼ੀਆ ਜੰਗ 'ਚ ਖਾਧੀ ਹਾਰ ਮਗਰੋਂ ਨਪੋਲੀਅਨ ਤੀਜੇ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਇਹਦੀ ਥਾਂ ਤੀਜਾ ਗਣਰਾਜ ਥਾਪਿਆ ਗਿਆ। ਫ਼ਰਾਂਸ ਕੋਲ਼, ਕਈ ਰੂਪਾਂ ਵਿੱਚ, 17ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਬਸਤੀਨੁਮਾ ਮਿਲਖਾਂ ਸਨ। 19ਵੀਂ ਅਤੇ 20ਵੀਂ ਸਦੀਆਂ ਵਿੱਚ ਇਹਦਾ ਦੁਨੀਆਂ-ਭਰ ਵਿਚਲਾ ਬਸਤੀਵਾਦੀ ਸਾਮਰਾਜ ਬਹੁਤ ਫੈਲ ਗਿਆ ਅਤੇ ਬਰਤਾਨਵੀ ਸਾਮਰਾਜ ਤੋਂ ਬਾਅਦ ਦੂਜੇ ਦਰਜੇ 'ਤੇ ਸੀ। 1920 ਅਤੇ 1930 ਵਿਚਕਾਰ ਮਹਾਂਨਗਰੀ ਫ਼ਰਾਂਸ ਨੂੰ ਮਿਲਾ ਕੇ ਫ਼ਰਾਂਸੀਸੀ ਖ਼ੁਦਮੁਖ਼ਤਿਆਰੀ ਹੇਠਲਾ ਕੁੱਲ ਰਕਬਾ ਲਗਭਗ 1.3 ਕਰੋੜ ਵਰਗ ਕਿੱਲੋਮੀਟਰ ਦੇ ਨੇੜੇ ਪੁੱਜ ਗਿਆ ਸੀ ਜੋ ਦੁਨੀਆ ਦੀ ਜ਼ਮੀਨ ਦਾ 8.6% ਸੀ। ![]() ਜਦੋਂ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਉਦੋਂ ਫ਼ਰਾਂਸ ਤੀਹਰੇ ਗੰਢਜੋੜ ਦਾ ਮੈਂਬਰ ਸੀ। ਉੱਤਰੀ ਫ਼ਰਾਂਸ ਦਾ ਛੋਟਾ ਜਿਹਾ ਹਿੱਸਾ ਮੱਲ ਲਿਆ ਗਿਆ ਪਰ ਫ਼ਰਾਂਸ ਅਤੇ ਉਸਦੇ ਸਾਥੀ ਕੇਂਦਰੀ ਤਾਕਤਾਂ ਖ਼ਿਲਾਫ਼ ਜੇਤੂ ਸਾਬਤ ਹੋਏ ਭਾਵੇਂ ਬਹੁਤ ਸਾਰੀਆਂ ਜ਼ਿੰਦਗੀਆਂ ਅਤੇ ਸਮਾਨ ਦੀ ਕੀਮਤ 'ਤੇ। ਪਹਿਲੀ ਸੰਸਾਰ ਜੰਗ ਵਿੱਚ 14 ਲੱਖ ਫ਼ਰਾਂਸੀਸੀ ਫ਼ੌਜੀ ਹਲਾਕ ਹੋ ਗਏ ਭਾਵ ਦੇਸ਼ ਦੀ ਅਬਾਦੀ ਦਾ 4% ਹਿੱਸਾ[48] ਅਤੇ 1912-1915 ਦੌਰਾਨ ਜ਼ਬਰੀ ਭਰਤੀ ਕੀਤੇ ਗਿਆਂ ਦਾ 27 ਤੋਂ 30 ਫ਼ੀਸਦੀ ਹਿੱਸਾ।[49] ਦੋ ਸੰਸਾਰੀ ਜੰਗਾਂ ਦੇ ਵਿਚਕਾਰਲੇ ਵਰ੍ਹਿਆਂ ਦਾ ਵੇਲਾ ਬੜੀ ਤਿੱਖੀ ਕੌਮਾਂਤਰੀ ਖਿੱਚੋਤਾਣ ਵਾਲ਼ਾ ਸੀ। ਇਸ ਦੌਰਾਨ ਲੋਕ-ਪਿਆਰੀ ਮੋਰਚਾ ਸਰਕਾਰ ਵੱਲੋਂ ਕਈ ਸਮਾਜਕ ਸੁਧਾਰ (ਸਲਾਨਾ ਛੁੱਟੀ, ਮਜ਼ਦੂਰੀ ਦੇ ਸਮੇਂ 'ਚ ਕਮੀ, ਸਰਕਾਰੀ ਦਫ਼ਤਰਾਂ 'ਚ ਜ਼ਨਾਨੀਆਂ ਦੀ ਭਰਤੀ) ਕੀਤੇ ਗਏ। 1940 ਵਿੱਚ ਨਾਜ਼ੀ ਜਰਮਨੀ ਨੇ ਫ਼ਰਾਂਸ 'ਤੇ ਹੱਲਾ ਬੋਲ ਕੇ ਉਸਨੂੰ ਮੱਲ ਲਿਆ ਅਤੇ ਮਹਾਂਨਗਰੀ ਫ਼ਰਾਂਸ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ: ਉੱਤਰ ਵਿੱਚ ਜਰਮਨੀ ਦੇ ਕਬਜ਼ੇ ਹੇਠਲਾ ਮੰਡਲ ਅਤੇ ਦੱਖਣ ਵਿੱਚ ਵਿਸ਼ੀ ਫ਼ਰਾਂਸ ਜੋ ਜਰਮਨੀ ਦਾ ਸਾਥ ਦੇਣ ਲਈ ਥਾਪਿਆ ਗਿਆ ਇੱਕ ਨਵਾਂ ਹਾਕਮਨਾ ਸ਼ਾਸਨ ਸੀ।[50] 1942 ਤੋਂ 1944 ਤੱਕ ਫ਼ਰਾਂਸੀਸੀ ਯਹੂਦੀਆਂ ਨੂੰ ਜਰਮਨੀ ਅਤੇ ਪੋਲੈਂਡ ਵਿੱਚ ਬਣੀਆਂ ਮੌਤ ਦੀਆਂ ਛਾਉਣੀਆਂ ਵੱਲ ਘੱਲ ਗਿਆ ਜਿੱਥੇ 76,000 ਯਹੂਦੀਆਂ ਦਾ ਕਤਲੇਆਮ ਹੋਇਆ। 6 ਜੂਨ, 1944 ਨੂੰ ਇਤਿਹਾਦੀ ਫ਼ੌਜਾਂ ਨੇ ਨਾਰਮੰਡੀ 'ਤੇ ਅਤੇ ਅਗਸਤ ਵਿੱਚ ਦੱਖਣੀ ਫ਼ਰਾਂਸ 'ਤੇ ਹੱਲਾ ਬੋਲ ਦਿੱਤਾ। ਅਗਲੇ ਸਾਲ ਇਤਿਹਾਦੀ ਫ਼ੌਜਾਂ ਅਤੇ ਫ਼ਰਾਂਸੀਸੀ ਟਾਕਰੇ ਨੇ ਕੇਂਦਰੀ ਤਾਕਤਾਂ 'ਤੇ ਜਿੱਤ ਪ੍ਰਾਪਤ ਕਰ ਲਈ ਅਤੇ ਫ਼ਰਾਂਸੀਸੀ ਖ਼ੁਦਮੁਖ਼ਤਿਆਰੀ ਬਹਾਲ ਕਰ ਦਿੱਤੀ। ਚੌਥੇ ਗਣਰਾਜ ਦੀ ਸਥਾਪਨਾ ਦੂਜੀ ਸੰਸਾਰ ਜੰਗ ਮਗਰੋਂ ਹੋਈ ਜਿਸ ਦੌਰਾਨ ਸ਼ਾਨਦਾਰ ਆਰਥਿਕ ਵਿਕਾਸ (ਲੇ ਟਰੌਂਟ ਗਲੋਰੀਅਜ਼) ਹੋਇਆ। 1944 ਵਿੱਚ ਵੋਟਾਂ ਪਾਉਣ ਦਾ ਹੱਕ ਇਸਤਰੀਆਂ ਨੂੰ ਵੀ ਦੇ ਦਿੱਤਾ ਗਿਆ। ਫ਼ਰਾਂਸ ਨਾਟੋ (1949) ਦੇ ਬਾਨੀ ਮੈਂਬਰਾਂ 'ਚੋਂ ਇੱਕ ਸੀ। ਫ਼ਰਾਂਸ ਨੇ ਇੰਡੋਚੀਨ ਉੱਤੇ ਮੁੜ ਕਬਜ਼ਾ ਕਰਨਾ ਚਾਹਿਆ ਪਰ 1954 ਵਿੱਚ ਵੀਅਤ ਮਿਨ ਵੱਲੋਂ ਹਾਰ ਖਾਣੀ ਪਈ। ਬੱਸ ਕੁਝ ਕੁ ਮਹੀਨਿਆਂ ਮਗਰੋਂ ਫ਼ਰਾਂਸ ਨੂੰ ਅਲਜੀਰੀਆ ਵਿੱਚ ਇੱਕ ਹੋਰ ਬਸਤੀਵਾਦ-ਵਿਰੋਧੀ ਟਾਕਰੇ ਦਾ ਸਾਮ੍ਹਣਾ ਕਰਨਾ ਪਿਆ। ਅਲਜੀਰੀਆ, ਜਿਸ ਵਿੱਚ ਉਸ ਵੇਲੇ ਦਸ ਲੱਖ ਤੋਂ ਵੱਧ ਯੂਰਪੀ ਅਬਾਦਕਾਰ ਰਹਿੰਦੇ ਸਨ, ਉੱਤੇ ਕਬਜ਼ਾ ਬਰਕਰਾਰ ਰੱਖਿਆ ਜਾਵੇ ਜਾਂ ਨਾ, ਦੀ ਬਹਿਸ ਨੇ[51] ਦੇਸ਼ ਨੂੰ ਬਰਬਾਦ ਕਰ ਦਿੱਤਾ ਅਤੇ ਤਕਰੀਬਨ-ਤਕਰੀਬਨ ਖ਼ਾਨਾਜੰਗੀ ਸ਼ੁਰੂ ਹੋ ਗਈ ਸੀ। ![]() 1958 ਵਿੱਚ ਕਮਜ਼ੋਰ ਅਤੇ ਡਾਂਵੇਂ-ਡੋਲ ਚੌਥੇ ਗਣਰਾਜ ਮਗਰੋਂ ਪੰਜਵਾਂ ਗਣਰਾਜ ਆਇਆ ਜਿਸ ਵਿੱਚ ਇੱਕ ਮਜ਼ਬੂਤ ਰਾਸ਼ਟਰਪਤੀ ਦਾ ਪ੍ਰਬੰਧ ਸੀ।[52] ਰਾਸ਼ਟਰਪਤੀ ਅਹੁਦੇ ਨੂੰ ਮਜ਼ਬੂਤ ਕਰਨ ਵੇਲੇ ਸ਼ਾਰਲ ਡ ਗੋਲ ਜੰਗ ਨੂੰ ਖ਼ਤਮ ਕਰਨ ਲਈ ਚੁੱਕੇ ਕਦਮਾਂ ਦੇ ਨਾਲ਼-ਨਾਲ਼ ਦੇਸ਼ ਨੂੰ ਵੀ ਇਕੱਠਿਆਂ ਰੱਖਣ ਵਿੱਚ ਸਫ਼ਲ ਰਿਹਾ। ਅਲਜੀਰੀ ਜੰਗ ਦਾ ਅੰਤ 1962 ਵਿੱਚ ਏਵੀਆਂ ਇਕਰਾਰਨਾਮੇ ਨਾਲ਼ ਹੋਇਆ ਜਿਸ ਸਦਕਾ ਅਲਜੀਰੀਆ ਨੂੰ ਅਜ਼ਾਦੀ ਪ੍ਰਾਪਤ ਹੋ ਗਈ। ਫ਼ਰਾਂਸ ਨੇ ਆਪਣੀਆਂ ਬਸਤੀਆਂ ਨੂੰ ਸਿਲਸਿਲੇਵਾਰ ਰੂਪ ਵਿੱਚ ਅਜ਼ਾਦੀ ਦਿੱਤੀ। ਫ਼ਰਾਂਸ ਦੇ ਅਜੋਕੇ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਇਸ ਬਸਤੀਵਾਦੀ ਸਾਮਰਾਜ ਦੀ ਰਹਿੰਦ-ਖੂੰਹਦ ਹਨ। 1968 ਦੇ ਮੁਜ਼ਾਹਰਿਆਂ ਦੀ ਲੜੀ ਦੀ ਗੂੰਜ ਸਦਕਾ ਮਈ 1968 ਦੀ ਬਗ਼ਾਵਤ ਦਾ ਡਾਢਾ ਸਮਾਜਕ ਅਸਰ ਪਿਆ। ਫ਼ਰਾਂਸ ਵਿੱਚ ਇਸਨੂੰ ਇੱਕ ਅਹਿਮ ਪਲ ਗਿਣਿਆ ਜਾਂਦਾ ਹੈ ਜਦੋਂ ਇੱਕ ਰੂੜ੍ਹੀਵਾਦੀ ਨੈਤਿਕ ਆਦਰਸ਼ (ਧਰਮ, ਵਤਨਪ੍ਰਸਤੀ, ਅਹੁਦਿਆਂ ਦਾ ਆਦਰ) ਦੀ ਥਾਂ ਵਧੇਰੇ ਅਜ਼ਾਦ-ਖ਼ਿਆਲੀ ਸਦਾਚਾਰੀ ਆਦਰਸ਼ ਨੇ ਲੈ ਲਈ। ਫ਼ਰਾਂਸ ਯੂਰਪੀ ਸੰਘ ਦੇ ਉਹਨਾਂ ਜੀਆਂ 'ਚੋਂ ਮੋਹਰੀ ਹੈ ਜੋ ਮਾਲੀ ਏਕਤਾ ਦੀ ਤਾਕਤ ਦਾ ਲਾਭ ਚੁੱਕਦਿਆਂ ਹੋਇਆਂ ਯੂਰਪੀ ਸੰਘ ਦੇ ਸਿਆਸੀ ਅਤੇ ਸੁਰੱਖਿਅਕ ਢਾਂਚੇ ਨੂੰ ਵਧੇਰੇ ਇੱਕਰੂਪੀ ਅਤੇ ਯੋਗ ਬਣਾਉਣਾ ਲੋਚਦੇ ਹਨ।[53] ਭੂਗੋਲ![]() ਮਹਾਂਨਗਰੀ ਫ਼ਰਾਂਸ ਮੁੱਖ ਤੌਰ 'ਤੇ 41° ਅਤੇ 51° ਉ ਵਿਥਕਾਰਾਂ ਅੰਦਰ ਅਤੇ 6° ਪ ਅਤੇ 10° ਪੂ ਲੰਬਕਾਰਾਂ ਦੇ ਅੰਦਰ-ਅੰਦਰ ਯੂਰਪ ਦੇ ਪੱਛਮੀ ਸਿਰੇ 'ਚ ਪੈਂਦਾ ਹੈ ਜਿਸ ਕਰਕੇ ਇਹ ਉੱਤਰੀ ਸੰਜਮੀ ਮੰਡਲ ਵਿੱਚ ਸਥਿਤ ਹੈ। ਉੱਤਰ-ਪੂਰਬ ਤੋਂ ਦੱਖਣ-ਪੱਛਮ ਜਾਂਦੇ ਹੋਏ ਫ਼ਰਾਂਸ ਦੀਆਂ ਸਰਹੱਦਾਂ ਬੈਲਜੀਅਮ, ਲਕਸਮਬਰਗ, ਜਰਮਨੀ, ਸਵਿਟਜ਼ਰਲੈਂਡ, ਇਟਲੀ, ਮੋਨਾਕੋ, ਸਪੇਨ ਅਤੇ ਅੰਡੋਰਾ ਨਾਲ਼ ਲੱਗਦੀਆਂ ਹਨ। ਫ਼ਰਾਂਸੀਸੀ ਗੁਈਆਨਾ ਨਾਮਕ ਸਮੁੰਦਰੋਂ-ਪਾਰ ਇਲਾਕੇ ਕਰਕੇ ਫ਼ਰਾਂਸ ਦੀਆਂ ਹੱਦਾਂ ਪੱਛਮ ਵੱਲ ਸੂਰੀਨਾਮ ਅਤੇ ਪੂਰਬ ਤੇ ਦੱਖਣ ਵੱਲ ਬ੍ਰਾਜ਼ੀਲ ਨਾਲ਼ ਲੱਗਦੀਆਂ ਹਨ ਕਿਉਂਕਿ ਇਸ ਇਲਾਕੇ ਨੂੰ ਗਣਰਾਜ ਦਾ ਅਟੁੱਟ ਹਿੱਸਾ ਗਿਣਿਆ ਜਾਂਦਾ ਹੈ।[54] ਕਾਰਸਿਕਾ ਅਤੇ ਫ਼ਰਾਂਸੀਸੀ ਮੁੱਖ-ਭੋਂ ਮਿਲਾ ਕੇ ਮਹਾਂਨਗਰੀ ਫ਼ਰਾਂਸ ਬਣਦਾ ਹੈ; ਗੁਆਡਲੂਪ, ਮਾਰਟੀਨੀਕ, ਰੇਊਨੀਓਂ ਅਤੇ ਮੈਯੋਤ ਨੂੰ ਫ਼ਰਾਂਸੀਸੀ ਗੁਈਆਨਾ ਸਮੇਤ ਸਮੁੰਦਰੋਂ-ਪਾਰ ਖੇਤਰ ਕਿਹਾ ਜਾਂਦਾ ਹੈ। ਇਹ ਦੋ ਸਮੁੱਚੀਆਂ ਢਾਣੀਆਂ, ਹੋਰ ਕਈ ਸਮੁੰਦਰੋਂ-ਪਾਰ ਇਕੱਠਾਂ ਅਤੇ ਅੰਟਾਰਕਟਿਕਾ ਵਿਚਲੇ ਇੱਕ ਰਾਜਖੇਤਰ; ਇਹਨਾਂ ਸਾਰਿਆਂ ਨੂੰ ਮਿਲਾ ਕੇ ਫ਼ਰਾਂਸੀਸੀ ਗਣਰਾਜ ਬਣਦਾ ਹੈ। ਫ਼ਰਾਂਸ ਦੇ ਯੂਰਪੀ ਇਲਾਕੇ ਦਾ ਰਕਬਾ 547,030 ਵਰਗ ਕਿ.ਮੀ. (211,209 ਵਰਗ ਮੀਲ) ਹੈ,[54] ਜੋ ਯੂਰਪੀ ਸੰਘ ਦੇ ਸਾਰੇ ਜੀਆਂ ਤੋਂ ਵੱਧ ਹੈ।[26] ਫ਼ਰਾਂਸ ਵਿੱਚ ਕਈ ਪ੍ਰਕਾਰ ਦੀਆਂ ਜ਼ਮੀਨਾਂ ਹਨ, ਜਿਵੇਂ ਕਿ ਉੱਤਰ ਅਤੇ ਪੱਛਮ ਵਿੱਚ ਤੱਟੀ ਮੈਦਾਨਾਂ ਤੋਂ ਲੈ ਕੇ ਦੱਖਣ-ਪੂਰਬ ਵਿੱਚ ਐਲਪ ਪਹਾੜਾਂ ਦੀਆਂ ਲੜੀਆਂ, ਮੱਧ-ਦੱਖਣ ਵਿੱਚ ਕੇਂਦਰੀ ਪਠਾਰ ਅਤੇ ਦੱਖਣ-ਪੱਛਮ ਵਿੱਚ ਪੀਰਨੇ ਪਹਾੜ। ਸਮੁੰਦਰ ਤਲ ਤੋਂ 4810.45 ਮੀਟਰ (15,782 ਫੁੱਟ) ਦੀ ਉਚਾਈ 'ਤੇ[55] ਫ਼ਰਾਂਸ ਅਤੇ ਇਟਲੀ ਦੀ ਸਰਹੱਦ 'ਤੇ ਪੈਂਦੇ ਐਲਪ ਪਹਾੜਾਂ ਵਿੱਚ ਮੋਂ ਬਲਾਂ ਨਾਮਕ ਚੋਟੀ ਪੱਛਮੀ ਯੂਰਪ ਦਾ ਸਭ ਤੋਂ ਉੱਚਾ ਬਿੰਦੂ ਹੈ। ਫ਼ਰਾਂਸ ਵਿੱਚ ਕਈ ਦਰਿਆ ਵਗਦੇ ਹਨ ਜਿਵੇਂ ਕਿ ਸੈਨ, ਲੋਆਰ, ਗਾਰੋਨ ਅਤੇ ਰੋਨ ਜੋ ਕੇਂਦਰੀ ਪਠਾਰ ਨੂੰ ਐਲਪ ਪਹਾੜਾਂ ਤੋਂ ਅੱਡ ਕਰਦੇ ਹਨ ਅਤੇ ਜੋ ਕਾਮਾਰਗ ਵਿਖੇ ਭੂ-ਮੱਧ ਸਾਗਰ ਵਿੱਚ ਡਿੱਗਦੇ ਹਨ। ਕਾਰਸਿਕਾ ਜਾਂ ਕੋਰਸ ਭੂ-ਮੱਧ ਸਾਗਰ ਦੇ ਤੱਟ ਤੋਂ ਪਰ੍ਹੇ ਪੈਂਦਾ ਹੈ। ਸਮੁੰਦਰੋਂ-ਪਾਰ ਵਿਭਾਗ ਅਤੇ ਇਲਾਕੇ (ਆਡੇਲੀ ਲੈਂਡ ਤੋਂ ਛੁੱਟ) ਮਿਲਾ ਕੇ ਫ਼ਰਾਂਸ ਦਾ ਕੁੱਲ ਰਕਬਾ 674,843 ਵਰਗ ਕਿ.ਮੀ. (260,558 ਵਰਗ ਮੀਲ) ਬਣਦਾ ਹੈ ਜੋ ਧਰਤੀ ਦੇ ਕੁੱਲ ਜ਼ਮੀਨੀ ਰਕਬੇ ਦਾ 0.45% ਹੈ। ਫ਼ਰਾਂਸ ਦਾ ਨਿਵੇਕਲਾ ਆਰਥਿਕ ਮੰਡਲ (ਈ.ਈ.ਜ਼ੈੱਡ) ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ ਹੈ,[56] ਜੀਹਦਾ ਕੁੱਲ ਰਕਬਾ 11,035,000 ਵਰਗ ਕਿੱਲੋਮੀਟਰ (4,260,637 ਵਰਗ ਮੀਲ) ਹੈ ਭਾਵ ਦੁਨੀਆ ਦੇ ਸਾਰੇ ਨਿਵੇਕਲੇ ਆਰਥਿਕ ਮੰਡਲਾਂ ਦੇ ਰਕਬੇ ਦਾ 8% ਜੋ ਸਿਰਫ਼ ਸੰਯੁਕਤ ਰਾਜ (11,351,000 ਵਰਗ ਕਿ.ਮੀ. ਜਾਂ 4,382,646 ਵਰਗ ਮੀਲ) ਤੋਂ ਪਿੱਛੇ ਹੈ।[57] ਪੌਣਪਾਣੀਉੱਤਰ ਅਤੇ ਉੱਤਰ-ਪੱਛਮ ਵਿੱਚ ਆਬੋ-ਹਵਾ ਸੰਜਮੀ ਹੈ ਜਦਕਿ ਸਮੁੰਦਰੀ ਅਸਰ, ਵਿਥਕਾਰ ਅਤੇ ਉਚਾਈ ਦਾ ਮੇਲ ਬਾਕੀ ਦੇ ਮਹਾਂਨਗਰੀ ਫ਼ਰਾਂਸ ਵਿੱਚ ਬਹੁ-ਭਾਂਤੀ ਪੌਣਪਾਣੀ ਪੈਦਾ ਕਰਦਾ ਹੈ।[58] ਦੱਖਣ ਵੱਲ ਪੈਂਦੇ ਬਹੁਤੇ ਫ਼ਰਾਂਸ ਵਿੱਚ ਭੂ-ਮੱਧੀ ਪੌਣਪਾਣੀ ਰਹਿੰਦਾ ਹੈ। ਪੱਛਮ ਵੱਲ ਅਬੋ-ਹਵਾ ਜ਼ਿਆਦਾਤਰ ਸਮੁੰਦਰੀ ਹੈ ਜਿੱਥੇ ਭਾਰੀ ਮੀਂਹ, ਦਰਮਿਆਨੀਆਂ ਠੰਢਾਂ ਅਤੇ ਨਿੱਘੀਆਂ ਗਰਮੀਆਂ ਰਹਿੰਦੀਆਂ ਹਨ। ਅੰਦਰੂਨੀ ਹਿੱਸੇ 'ਚ ਤੇਜ਼ ਅਤੇ ਹੁੱਲੜੀ ਗਰਮੀਆਂ, ਠੰਢੀਆਂ ਸਰਦੀਆਂ ਅਤੇ ਘੱਟ ਮੀਂਹ ਕਰਕੇ ਅਬੋ-ਹਵਾ ਵਧੇਰੇ ਮਹਾਂਦੀਪੀ ਹੁੰਦੀ ਹੈ। ਐਲਪ ਪਹਾੜਾਂ ਅਤੇ ਹੋਰ ਪਹਾੜੀ ਇਲਾਕਿਆਂ ਦੀ ਅਬੋ-ਹਵਾ ਮੁੱਖ ਤੌਰ 'ਤੇ ਐਲਪੀ ਹੈ ਜਿੱਥੇ ਸਾਲ ਦੇ ਘੱਟੋ-ਘੱਟ 150 ਦਿਨਾਂ ਦਾ ਤਾਪਮਾਨ ਪਿਘਲਣ ਦਰਜੇ ਤੋਂ ਹੇਠਾਂ ਰਹਿੰਦਾ ਹੈ ਅਤੇ ਛੇ ਮਹੀਨਿਆਂ ਤੱਕ ਬਰਫ਼ ਨਾਲ਼ ਢਕੇ ਰਹਿੰਦੇ ਹਨ।
ਪ੍ਰਬੰਧਕੀ ਇਲਾਕੇ![]() ![]() ਵਿਕੀਮੀਡੀਆ ਕਾਮਨਜ਼ ਉੱਤੇ ਫ਼ਰਾਂਸ ਨਾਲ ਸਬੰਧਤ ਮੀਡੀਆ ਹੈ। ਹਵਾਲੇ
ਪਗਨੋਟ
|
Portal di Ensiklopedia Dunia