ਸਾਕਾ ਕਾਲਿਆਂ ਵਾਲਾ ਖੂਹਸਾਕਾ ਕਾਲਿਆਂ ਵਾਲਾ ਖੂਹ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਨੇੜੇ ਵਾਪਰਿਆ ਸੀ, ਇਸ ਖੂਹ ਵਿਚੋਂ 1857 ਦੇ ਗਦਰ ਦੌਰਾਨ ਬਰਤਾਨਵੀ ਸਰਕਾਰ ਖ਼ਿਲਾਫ਼ ਬਗਾਵਤ ਕਰਨ ਵਾਲੇ 500 ਭਾਰਤੀ ਸੈਨਿਕਾਂ ਦੀਆਂ ਅਸਥੀਆਂ ਮਿਲੀਆਂ ਹਨ। ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦਾ ਕਾਲਿਆਂ ਵਾਲਾ ਖੂਹ ਡੇਢ ਸਦੀ ਬੀਤ ਜਾਣ ਦੇ ਬਾਅਦ ਅੱਜ ਵੀ ਉਨ੍ਹਾਂ 282 ਦੇਸ਼-ਭਗਤਾਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੀ ਆਗ਼ੋਸ਼ 'ਚ ਸੰਭਾਲੀ ਬੈਠਾ ਹੈ। ਇਤਿਹਾਸਮਈ 1857 'ਚ ਸ਼ੁਰੂ ਹੋਈ ਗ਼ਦਰ ਲਹਿਰ ਦੇ ਦੌਰਾਨ ਲਾਹੌਰ ਦੀ ਮੀਆਂ ਮੀਰ ਛਾਉਣੀ 'ਚ ਨਿਯੁਕਤ ਬੇਹਥਿਆਰ ਹਿੰਦੁਸਤਾਨੀ ਫ਼ੌਜੀਆਂ ਦੀ 26 ਨੰਬਰ ਪਲਟਨ 30 ਜੁਲਾਈ 1857 ਦੀ ਰਾਤ ਮੇਜਰ ਸਪੈਨਸਰ, ਇੱਕ ਅੰਗਰੇਜ਼ ਅਤੇ ਦੋ ਭਾਰਤੀ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਥੋਂ ਭੱਜ ਨਿਕਲੀ। ਹਿੰਦੁਸਤਾਨੀ ਸਿਪਾਹੀਆਂ ਦਾ ਇਹ ਦਸਤਾ 31 ਜੁਲਾਈ ਦੀ ਦੁਪਹਿਰ ਅਜਨਾਲਾ ਤੋਂ 6-7 ਕਿਲੋਮੀਟਰ ਪਿੱਛੇ ਦਰਿਆ ਰਾਵੀ ਦੇ ਕੰਢੇ ਬਾਲ ਘਾਟ ਵਿਖੇ ਆ ਪਹੁੰਚਿਆ। ਉਨ੍ਹਾਂ ਉਥੇ ਪਿੰਡ ਦੇ ਜ਼ਿਮੀਂਦਾਰਾਂ ਕੋਲੋਂ ਪੈਰੀਂ ਦਰਿਆ ਪਾਰ ਕਰਨ ਦਾ ਰਸਤਾ ਪੁੱਛਿਆ। ਜ਼ਿਮੀਂਦਾਰਾਂ ਨੇ ਉਨ੍ਹਾਂ ਨੂੰ ਉਥੇ ਗੱਲੀਂ ਲਾ ਲਿਆ ਅਤੇ ਪਿੰਡ ਦੇ ਚੌਂਕੀਦਾਰ ਹੱਥ ਇਹ ਸੂਚਨਾ ਸੌੜੀਆਂ (ਅਜਨਾਲਾ) ਦੇ ਤਹਿਸੀਲਦਾਰ ਪਾਸ ਭੇਜ ਦਿੱਤੀ। ਤਹਿਸੀਲਦਾਰ ਨੇ ਤੁਰੰਤ ਥਾਣੇ ਅਤੇ ਤਹਿਸੀਲ ਵਿੱਚ ਜਿੰਨੇ ਵੀ ਸ਼ਸਤਰਧਾਰੀ ਸਿਪਾਹੀ ਸਨ, ਉਨ੍ਹਾਂ ਨੂੰ ਦੋ ਕਿਸ਼ਤੀਆਂ ਵਿੱਚ ਦਰਿਆ ਰਾਵੀ ਦੇ ਪਾਰ ਬਾਗ਼ੀ ਸਿਪਾਹੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਭੇਜ ਦਿੱਤਾ। ਮੌਕੇ 'ਤੇ ਪਹੁੰਚ ਕੇ ਤਹਿਸੀਲਦਾਰ ਦੇ ਸਿਪਾਹੀਆਂ ਵਲੋਂ ਚਲਾਈਆਂ ਗੋਲੀਆਂ ਨਾਲ 150 ਦੇ ਕਰੀਬ ਲਾਹੌਰੋਂ ਭੱਜੇ ਫੌਜੀ (ਭਾਰਤੀ) ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਦਰਿਆ ਦੇ ਤੇਜ਼ ਵਹਾਅ 'ਚ ਵਹਿ ਕੇ ਸ਼ਹੀਦ ਹੋ ਗਏ[1] ਅਤੇ 50 ਦੇ ਕਰੀਬ ਨੇ ਗੋਲੀਆਂ ਤੋਂ ਬਚਣ ਲਈ ਦਰਿਆ ਵਿੱਚ ਛਲਾਂਗਾਂ ਲਗਾ ਦਿੱਤੀਆਂ ਅਤੇ ਸਦਾ ਲਈ ਅਲੋਪ ਹੋ ਗਏ। ਇੰਨੀ ਦੇਰ ਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਆਪਣੇ ਨਾਲ 80 ਦੇ ਕਰੀਬ ਬਰਤਾਨਵੀ ਹਥਿਆਰਬੰਦ ਸਿਪਾਹੀਆਂ ਨੂੰ ਲੈ ਕੇ ਸ਼ਾਮੀਂ ਪੂਰੇ 5 ਵਜੇ ਉਥੇ ਪਹੁੰਚ ਗਿਆ। ਉਸ ਦੀ ਸਹਾਇਤਾ ਲਈ ਇਲਾਕੇ ਦਾ ਅਧਿਕ ਸਹਾਇਕ ਮੈਜਿਸਟਰੇਟ, ਰਾਜਾਸਾਂਸੀ ਅਤੇ ਅੰਮ੍ਰਿਤਸਰ ਦਾ ਤਹਿਸੀਲਦਾਰ ਵੀ ਆਪਣੇ ਸਿਪਾਹੀ ਲੈ ਕੇ ਉਥੇ ਪਹੁੰਚ ਚੁੱਕਿਆ ਸੀ।
ਅਸਥੀਆਂ ਨਿਕਾਲਣ ਦਾ ਕੰਮਖੋਜਕਰਤਾ ਸੁਰਿੰਦਰ ਕੋਛੜ ਦੇ ਮੁਤਾਬਕ 11 ਫੁੱਟ ਡੂੰਘੀ ਖੁਦਾਈ ਕੀਤੀ ਗਈ ਹੈ, ਜਿਸ ਵਿੱਚੋਂ 22 ਵਿਅਕਤੀਆਂ ਦੀਆਂ ਹੱਡੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚ ਤਿੰਨ ਖੋਪੜੀਆਂ, 22 ਜਬਾੜੇ ਅਤੇ ਲੱਤਾਂ ਪੈਰਾਂ ਦੀਆਂ ਹੱਡੀਆਂ ਸ਼ਾਮਲ ਹਨ। ਖੁਦਾਈ ਦੌਰਾਨ ਪੱਥਰ ਦੀਆਂ ਬਣੀਆਂ ਦੋ ਗੋਲੀਆਂ ਵੀ ਬਰਾਮਦ ਹੋਈਆਂ ਹਨ। ਇਨ੍ਹਾਂ ਗੋਲੀਆਂ ਨੂੰ ਇੱਥੇ ਬਣਨ ਵਾਲੇ ਅਜਾਇਬ ਘਰ ਵਿੱਚ ਰੱਖਿਆ ਜਾਵੇਗਾ। ਇਹ ਖੂਹ ਲਗਭਗ 20 ਤੋਂ 25 ਫੁੱਟ ਡੂੰਘਾ ਹੋਣ ਦਾ ਅਨੁਮਾਨ ਹੈ। ਕੁਝ ਵਿਅਕਤੀਆਂ ਦੀਆਂ ਹੱਡੀਆਂ ਆਪਸ ਵਿੱਚ ਜਕੜੀਆਂ ਹੋਈਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਖੁਦਾਈ ਤੋਂ ਬਾਅਦ ਇਹਨਾਂ ਅਸਥੀਆਂ ਦਾ ਧਾਰਮਿਕ ਰਸਮਾਂ ਨਾਲ ਸੰਸਕਾਰ ਕੀਤਾ ਜਾਵੇਗਾ ਅਤੇ ਫਿਰ ਜਲਪ੍ਰਵਾਹ ਕੀਤਾ ਜਾਵੇਗਾ। ਯਾਦਗਾਰਪਹਿਲੀ ਜੰਗੇ ਆਜ਼ਾਦੀ ਦੌਰਾਨ 31 ਜੁਲਾਈ 1857 ਨੂੰ ਬਰਤਾਨਵੀ ਹਾਕਮਾਂ ਵਲੋਂ ਸ਼ਹੀਦ ਕੀਤੇ ਕਾਲਿਆਂ ਵਾਲੇ ਖੂਹ ਦੇ ਸ਼ਹੀਦਾਂ ਵਜੋਂ ਇਤਿਹਾਸ 'ਚ ਪਛਾਣ ਰੱਖਦੇ 282 ਆਜ਼ਾਦੀ ਸੰਗਰਾਮੀਆਂ/ਸੈਨਿਕਾਂ ਦੇ ਪਵਿੱਤਰ ਤੇ ਇਤਿਹਾਸਿਕ ਕੈਦਖਾਨਾ ਅਸਥਾਨ ਪੁਰਾਣੀ ਤਹਿਸੀਲ ਦੀ ਲਗਭਗ ਖੰਡਰਾਤ 'ਚ ਤਬਦੀਲ ਹੋ ਚੁੱਕੀ ਇਮਾਰਤ ਨੂੰ ਮੂਲ ਭਵਨ ਨਿਰਮਾਣ ਕਲਾ ਅਨੁਸਾਰ ਪੁਨਰ ਸਥਾਪਤੀ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਮਾਝਾ ਵਿਰਾਸਤ ਟਰੱਸਟ ਰਜਿ: ਅਜਨਾਲਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਸੱਭਿਆਚਾਰਕ ਮਾਮਲੇ, ਪੁਰਾਤਤਵ ਵਿਗਿਆਨ ਤੇ ਅਜਾਇਬ ਘਰ ਵਿਭਾਗ ਪੰਜਾਬ ਨੇ ਅਮਲੀ ਤੌਰ 'ਤੇ ਭਵਨ ਨਿਰਮਾਣ ਕਲਾ ਦਾ ਕਾਰਜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਹਵਾਲੇ
|
Portal di Ensiklopedia Dunia