ਸ਼ਾਹ ਹੁਸੈਨ

ਸ਼ਾਹ ਹੁਸੈਨ
ਜਨਮ1539
ਲਾਹੌਰ (ਹੁਣ ਪਾਕਿਸਤਾਨ)
ਮੌਤ1593
ਕਿੱਤਾਸੂਫ਼ੀ ਕਵੀ ਅਤੇ ਸੰਤ
ਭਾਸ਼ਾਪੰਜਾਬੀ
ਸ਼ੈਲੀਕਾਫ਼ੀ
ਰਿਸ਼ਤੇਦਾਰਪਿਤਾ ਸ਼ੇਖ ਉਸਮਾਨ

ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੂਫ਼ੀ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ।[1] ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ । ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ-ਜੁਗਤਾਂ (ਬਿੰਬ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।

ਸ਼ਾਹ ਹੁਸੈਨ ਨੇ ਪੰਜਾਬੀ ਸੂਫ਼ੀ ਕਵਿਤਾ ਨੂੰ ਇਸਲਾਮੀ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਕਰਵਾ ਕੇ ਪੰਜਾਬੀ ਲੋਕ ਜੀਵਨ ਨਾਲ ਇੱਕ ਸੁਰ ਕਰ ਦਿੱਤਾ। ਉਸ ਦੀ ਕਵਿਤਾ ਵਿੱਚ ਪੰਜਾਬ ਦੀ ਧਰਤੀ, ਇੱਥੋਂ ਦੀ ਪ੍ਰਕ੍ਰਿਤੀ ਤੇ ਸੱਭਿਆਚਾਰ ਪੂਰੀ ਤਰ੍ਹਾਂ ਉਜਾਗਰ ਹੋਇਆ ਵਿਖਾਈ ਦਿੰਦਾ ਹੈ।[2]

ਜੀਵਨ

ਸ਼ਾਹ ਹੁਸੈਨ ਦਾ ਜਨਮ ਸੰਨ 1538-39 ਈ. ਨੂੰ ਸ਼ੇਖ ਉਸਮਾਨ ਢੱਡਾ ਦੇ ਘਰ ਲਾਹੌਰ ਵਿਖੇ ਹੋਇਆ। ‘ਢੱਡਾ` ਇੱਕ ਰਾਜਪੂਤ ਜਾਤੀ ਸੀ। ਉਸਦੇ ਵੱਡ-ਵਡੇਰੇ ਹਿੰਦੂ ਸਨ, ਜੋ ਬਾਅਦ ਵਿੱਚ ਇਸਲਾਮ ਧਰਮ ਕਬੂਲ ਕਰ ਮੁਸਲਿਮ ਬਣ ਗਏ। ਸ਼ਾਹ ਹੁਸੈਨ ਦੇ ਮਾਤਾ-ਪਿਤਾ ਜੁਲਾਹੇ ਦਾ ਕੰਮ ਕਰਦੇ ਸਨ। ਸ਼ੇਖ ਅਬੂਬਕਰ ਕੋਲੋ ਉਸਨੇ ਮੁੱਢਲੀ ਸਿੱਖਿਆ ਗ੍ਰਹਿਣ ਕੀਤੀ ਅਤੇ ਹਜ਼ਰਤ ਸ਼ੇਖ ਬਹਿਲੋਲ ਕੋਲੋਂ ਉਸਨੇ ਬੈਅਤ ਕੀਤੀ। ਸ਼ਾਹ ਹੁਸੈਨ ਨੇ ਦਸ ਸਾਲ ਦੀ ਉਮਰ ਵਿੱਚ ਹੀ ‘ਕੁਰਾਨ ਸ਼ਰੀਫ` ਦੇ ਛੇ ਭਾਗ ਯਾਦ ਕਰ ਲਏ ਸਨ। ਸ਼ਾਹ ਹੁਸੈਨ ਬਹੁਤ ਹੀ ਸੰਵਦੇਨਸ਼ੀਲ ਅਤੇ ਅਦਵੈਤਵਾਦੀ ਸੂਫੀ ਕਵੀ ਹੈ, ਜਿਸ ਨੂੰ ਲਾਲ ਕੱਪੜੇ ਪਾਉਣ ਕਾਰਨ ‘ਲਾਲ ਹੁਸੈਨ' ਵੀ ਆਖਿਆ ਜਾਂਦਾ ਰਿਹਾ ਹੈ। ਸ਼ਾਹ ਹੁਸੈਨ ਦੀ ਬਹੁ-ਪੱਖੀ ਸ਼ਖਸੀਅਤ ਦਾ ਵੱਡਾ ਗੁਣ ਉਸਦੀ ਨਿਮਰਤਾ ਹੈ, ਜਿਸ ਕਾਰਨ ਆਪਣੀ ਰਚਨਾ ਵਿੱਚ ਉਹ ਆਪਣੇ-ਆਪ ਨੂੰ “ਕਹੇ ਹੁਸੈਨ ਫਕੀਰ ਨਿਮਾਣਾ” ਭਾਵ ‘ਨਿਮਾਣਾ ਫਕੀਰ` ਦਸਦਾ ਹੈ। ਸ਼ਾਹ ਹੁਸੈਨ ਨੂੰ 63 ਸਾਲ ਦੀ ਉਮਰ ਭੋਗ ਕੇ 1600-01 ਈ: ਵਿੱਚ ਪੂਰਾ ਹੋਇਆ ਦੱਸਿਆ ਜਾਂਦਾ ਹੈ। ਉਸਦਾ ਦੇਹਾਂਤ ਸ਼ਾਹਦਰੇ ਵਿਖੇ ਰਾਵੀ ਨਦੀ ਦੇ ਕੰਢੇ ਹੋਇਆ। ਲਾਹੌਰ ਵਿੱਚ ਵੀ ਉਸਦਾ ਮਜਾਰ ਕਾਇਮ ਹੈ। ਜਿੱਥੇ ਹਰ ਸਾਲ ਬਸੰਤ ਦਾ ਮੇਲਾ ਲੱਗਦਾ ਹੈ। ਉਸਨੂੰ ਲੋਕੀ ‘ਚਿਰਾਗਾ ਦਾ ਮੇਲਾ’ ਜਾਂ ਸ਼ਾਲਮਾਰ ਬਾਗ ਦਾ ਮੇਲਾ ਵੀ ਆਖਦੇ ਹਨ।

ਰਚਨਾ

ਸ਼ਾਹ ਹੁਸੈਨ ਨੇ ਪਹਿਲੀ ਵਾਰ ਪੰਜਾਬੀ ਕਵਿਤਾ ਵਿੱਚ ਈਰਾਨੀ ਪਿੱਛੇ ਵਾਲੇ ਨਿੱਘੇ ਧੜਕਦੇ ਤੇ ਵੇਗਮਈ ਇਸ਼ਕ ਦੇ ਅਨੁਭਵ ਨੂੰ ਲਿਆਂਦਾ ਹੈ। ਪੰਜਾਬੀ ਵਿੱਚ ਸ਼ਾਹ ਹੁਸੈਨ ਦੀਆਂ 165 ਕਾਫੀਆਂ ਮਿਲਦੀਆਂ ਹਨ। ਸ਼ਾਹ ਹੁਸੈਨ ਦੀਆਂ ਰਚਨਾਵਾਂ ਦੇ ਚਾਰ ਸੰਗ੍ਰਹਿ ਛਾਪੇ ਗਏ ਹਨ। ਸਭ ਤੋਂ ਪਹਿਲਾ ਸੰਗ੍ਰਹਿ ‘ਸ਼ਾਹ ਹੁਸੈਨ` ਡਾ. ਮੋਹਨ ਸਿੰਘ ਦੀਵਾਨਾ ਨੇ 1952 ਵਿੱਚ ਛਾਪਿਆ ਸੀ। ਦੂਜਾ ਸੰਗ੍ਰਹਿ 1968 ਵਿੱਚ ਪ੍ਰੋ. ਪਿਆਰਾ ਸਿੰਘ ਪਦਮ ਨੇ ਛਾਪਿਆ ਸੀ। ਪੰਜਾਬ ਦੇ ਸੂਫੀ ਕਵੀਆਂ ਵਿੱਚ ਸ਼ਾਹ ਹੁਸੈਨ ਦਾ ਨਾਂ ਪਹਿਲਾਂ ਆਉਂਦਾ ਹੈ, ਜਿਸ ਨੇ ਆਪਣੀ ਰਚਨਾ ‘ਕਾਫੀਆ` ਵਿੱਚ ਕੀਤੀ ਤੇ ਇਹ ਕਾਫੀਆਂ ਕਈ ਰਾਗਾਂ ਜਿਵੇਂ: ਰਾਗ ਆਸਾ, ਝੰਝੋਟੀ ਤੇ ਜੈਜਾਵੰਤੀ ਆਦਿ ਮਿਲਦੀਆਂ ਹਨ। ਹੁਸੈਨ ਦੀ ਬੋਲੀ ਠੇਠ, ਉੱਤਮ, ਕੇਂਦਰੀ ਸਾਹਿਤਕ ਪੰਜਾਬੀ ਹੈ। ਕਿਤੇ-ਕਿਤੇ ਉਸਦੀਆਂ ਕਾਫੀਆਂ ਵਿੱਚ ਉਰਦੂ ਦੀ ਸ਼ਬਦਾਵਲੀ ਅਤੇ ਗੁਰਮਤਿ ਸ਼ਬਦਾਵਲੀ ਵੀ ਦਿਖਾਈ ਦਿੰਦੀ ਹੈ। ਸ਼ਾਹ ਹੁਸੈਨ ਦੀਆਂ ਰਚਨਾਵਾਂ ਦੇ ਤਿੰਨ ਪ੍ਰਮੁੱਖ ਸਿਧਾਂਤ ਹਨ:- 1. ਆਤਮਾ ਦਾ ਪਰਮਾਤਮਾ ਤੋਂ ਵਿਛੜੀ ਹੋਣਾ। 2. ਪਰਮਾਤਮਾ ਨੂੰ ਪ੍ਰੇਮ ਭਾਵ ਨਾਲ ਪ੍ਰਾਪਤ ਕਰਨਾ। 3. ਰੱਬ ਨਾਲ ਅਭੇਦ ਹੋਣ ਦੀ ਇੱਛਾ ਪ੍ਰਗਟਾਉਣ।

ਉਸਦੇ ਸ਼ਲੋਕ ਦੁਹਿਰੇ ਛੰਦ ਵਾਲੇ ਤੇ ਲੋਕ-ਜੀਵਨ ਨਾਲ ਸੰਬੰਧਿਤ ਹਨ। ਸ਼ਾਹ ਹੁਸੈਨ ਨੇ ਮੁੱਖ ਰੂਪ ਵਿੱਚ ਮੁਸਲਮ ਕਾਫੀ, ਮੁਰਬਾ ਕਾਫੀ, ਮੁਰੱਕਬ, ਸੁਖਮੱਸ, ਮੁਸਕਸ ਅਤੇ ਮੁਸੱਬਾ ਆਦਿ ਰੂਪਾਂ ਵਿੱਚ ਕਾਫੀਆਂ ਲਿਖੀਆਂ ਹਨ। ਮੁਸੱਬਾ ਕਾਫੀ ਦੀ ਉਦਾਹਰਨ ਲੈ ਸਕਦੇ ਹਾਂ:-

ਰੱਬਾ ਮੇਰੇ ਹਾਲ ਦਾ ਮਹਿਰਮ ਤੂੰ।1।ਰਹਾਉ।
ਅੰਦਰਿ ਤੂੰ ਹੈਂ ਬਾਹਰਿ ਤੂੰ ਹੈਂ ਰੋਮਿ ਰੋਮਿ ਵਿੱਚ ਤੂੰ।1।
ਤੂੰ ਹੈ ਤਾਣਾਂ ਤੂੰ ਹੈ ਬਾਣਾ ਸਭੁ ਕਿਛ ਮੇਰਾ ਤੂੰ।2।
ਕਹੇ ਹੁਸੈਨ ਫ਼ਕੀਰ ਨਿਮਾਣਾ, ਮੈਂ ਨਾਹੀਂ ਸਭ ਤੂੰ।3। (ਸਿਰੀਰਾਗ)

ਸੋ, ਸ਼ਾਹ ਹੁਸੈਨ ਦੀ ਕਵਿਤਾ ਦਾ ਵਿਸ਼ੇਸ਼ ਗੁਣ ਇਸ਼ਕ ਤੇ ਉਸ ਤੋਂ ਪੈਦਾ ਹੋਈ ਵਰਦਾਤੇ ਕਲਬੀ ਦਾ ਅਦੁੱਤੀ ਬਿਆਨ ਹੈ। ਵਲਵਲੇ ਦੀ ਜਜ਼ਬੇ ਦੀ ਡੂੰਘਾਈ ਤੇ ਸਚਿਆਈ ਅਤੇ ਫਿਰ ਇਸ ਮੂੰਹ ਜ਼ੋਰ ਵੇਗ ਨੂੰ ਸਾਭਲਣ ਵਾਲੀ ਗੁਟ, ਦੇਸੀ ਚੋਗਿਰਦੇ `ਚੋਂ ਬਿੰਬਾਵਲੀ ਨਾਲ ਭਖਰਦੀ, ਤਰਲ ਤੇ ਵਹਿੰਦੀ, ਲਹਿੰਦੀ ਦੀ ਮਿਸਵਾਲੀ ਬੋਲੀ ਦੀ ਵਰਤੋਂ ਵਿੱਚ ਹੋਰ ਕੋਈ ਸੂਫੀ ਕਵੀ ਹੁਸੈਨ ਨਾਲ ਮੋਢਾ ਨਹੀਂ ਮੇਚ ਸਕਦਾ।

ਹਵਾਲੇ

  1. ਜਿਤ ਸਿੰਘ ਸੀਤਲ (2010). ਸ਼ਾਹ ਹੁਸੈਨ: ਜੀਵਨ ਤੇ ਰਚਨਾ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 17. ISBN 81-7380-115-0.
  2. ਡਾ. ਗੁਰਦਿਆਲ ਸਿੰਘ ਢਿੱਲੋਂ, ਸ਼ਾਹ ਹੁਸੈਨ: ਦਰਸ਼ਨ, ਸਾਧਨਾ ਤੇ ਕਲਾ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ (2000), ਪੰਨਾ_34.

ਸਬੰਧਿਤ ਰਚਨਾਵਾਂ

1. ਪਿਆਰਾ ਸਿੰਘ ਪਦਮ, ਹੁਸੈਨ ਰਚਨਾਵਲੀ, 1968 2. ਮੋਹਨ ਸਿੰਘ ਦੀਵਾਨਾ, ਸ਼ਾਹ ਹੁਸੈਨ, 1952

3. ਡਾ. ਜੀਤ ਸਿੰਘ ਸ਼ੀਤਲ, ਸ਼ਾਹ ਹੁਸੈਨ ਜੀਵਨ ਤੇ ਰਚਨਾ, 1978

4. ਡਾ. ਅੰਮ੍ਰਿਤ ਲਾਲ ਪਾਲ, ਸ਼ਾਹ ਹੁਸੈਨ ਜੀਵਨ ਤੇ ਰਚਨਾ, 1999

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya